ਮੇਰੀ ਅੰਮੀ ਲਈ ਉਹ ਅੱਜ ਵੀ ਸ਼ਹਿਨਸ਼ਾਹ ਹੈ (ਭਾਗ-2)

Last Updated: Jul 03 2019 17:47
Reading time: 1 min, 53 secs

ਅੰਮੀ ਕਹਿੰਦੀ "ਜਿੰਦ ਹੁਣੀਂ ਮਹੀਨਾ ਭਗੌੜੇ ਹੋਏ ਰਹੇ ਤੇ ਇੱਧਰ ਸਾਰੇ ਪਿੰਡ ਦੀ ਜਾਨ ਪੁਲਿਸ ਨੇ ਸੂਲੀ ਟੰਗੀ ਰੱਖੀ,

ਤੇਰੇ ਪਿਓ ਤੇ ਸਭ ਤੋਂ ਜ਼ਿਆਦਾ ਦਬਾਅ ਸੀ ਉਨ੍ਹਾਂ ਨੂੰ ਪੇਸ਼ ਕਰਨ ਦਾ, ਕਹਿੰਦੀ ਮਹੀਨੇ ਦੀ ਮੁਸ਼ੱਕਤ ਤੋਂ ਬਾਅਦ ਮਸੀਂ ਪੇਸ਼ ਹੋਏ ਜਿੰਦ ਹੁਰੀਂ,

ਜਿਹਦਾ ਪੁੱਤਰ ਮੁੱਕਿਆ ਸੀ ਉਹਨੂੰ ਪੁਲਿਸ, ਕੇਸ ਤੇ ਸਜਾ ਨਾਲ ਕੋਈ ਰਾਬਤਾ ਨੀ ਸੀ, ਉਹਨੂੰ ਤਾਂ ਇੱਕ ਪੁੱਤਰ ਬਦਲੇ ਤਿੰਨੋਂ ਭਰਾਵਾਂ ਦੀਆਂ ਲਾਸ਼ਾਂ ਚਾਹੀਦੀਆਂ ਸੀ, ਕਈ ਜਿਨਾਂ ਦੀ ਖੰਘਣ ਦੀ ਹਿੰਮਤ ਨੀ ਸੀ ਪੈਂਦੀ ਤੇਰੇ ਪਿਓ ਤੇ ਤਾਏ ਵੱਲ ਵੇਖ ਉਹ ਵੀ ਹੁਣ ਕਿੜਾਂ ਕੱਢਣ ਦੇ ਮਾਰੇ ਪੂਰੀ ਵਾਅ ਲਾਉਂਦੇ ਪਏ ਸੀ ਤੇਰੇ ਪਿਓ ਤੇ ਤਾਏ ਦਾ ਨਾਂਅ ਵਿੱਚ ਲਿਖਾਉਣ ਦੀ, ਪਰ ਰਾਜਸੀ ਰਿਸ਼ਤੇਦਾਰੀ ਕੰਧ ਬਣ ਖਲੋਤੀ ਸੀ ਵਿਚਕਾਰ।

ਕਹਿੰਦੀ ਜਿੰਦ ਹੁਰੀਂ ਹਵਾਲਾਤੀ ਹੋ ਗਏ ਦੋ ਭਰਾ,

ਪਿਓ ਤੇਰੇ ਦੀ ਸੱਜੀ ਬਾਂਹ ਖੁੱਸ ਗਈ ਸੀ ਜਾਣੀ, ਤੇਰਾ ਪਿਓ ਤੇ ਹਰਬੰਤ ਤੇ ਤੇਰਾ ਤਾਇਆ ਅੱਧੇ ਹੋ ਗਏ ਸੀ।

ਹੌਲੀ ਹੌਲੀ ਪੁੱਤਰ ਦੀ ਮੌਤ ਨਾਲ ਤੋੜ ਕੇ ਰੱਖ ਦਿੱਤੇ ਸਰਦਾਰ ਨੇ ਵੀ ਜਿਵੇਂ ਸੌਂਹ ਹੀ ਖਾ ਲਈ ਸੀ, ਵੀ ਛੱਡਣੇ ਪੈਰਵਾਈ ਵਾਲੇ ਵੀ ਨੀ, ਕਹਿੰਦੀ ਨਿੱਤ ਧਮਕੀਆਂ ਆਉਂਦੀਆਂ ਪਿਛਾਂਹ ਹਟਣ ਦੀਆਂ। 

ਪਰ ਪਿਓ ਤੇਰੇ ਨੇ ਕਿਸੇ ਦੀ ਨਾ ਸੁਣੀ, ਮਸਾਂ ਵੇਲਾ ਲੰਘ ਰਿਹਾ ਸੀ, ਫਿਰ ਕਹਿਰ ਟੁੱਟਿਆ, ਜਿੰਦ ਹੁਰਾਂ ਦਾ ਤੀਜਾ ਭਰਾ ਕਹਿੰਦੀ ਇੱਕ ਦਿਨ ਬਸ ਕਿੱਦਾਂ ਮੁੱਕਿਆ ਕੀ ਹੋਇਆ, ਕਿਸੇ ਨੂੰ ਨਾ ਪਤਾ ਲੱਗਿਆ, ਚਾਰ ਦਿਨ ਉਹ ਮਿਲਿਆ ਹੀ ਨਾ, ਤੇਰਾ ਪਿਓ ਤੇ ਤਾਇਆ ਕਮਲਿਆ ਤਰਾਂ ਲੱਭ ਰਹੇ ਸੀ, ਜਦੋਂ ਮੁੱਕਿਆ ਮਿਲਿਆ, ਤਾਂ ਯਾਰ ਦੇ ਸਿਵੇ ਤੋਂ ਬਾਅਦ ਇਹ ਨੇ ਪਹਿਲੀ ਵਾਰ ਸ਼ਰਾਬ ਪੀਤੀ, ਆਪਣੀ ਮਾਂ ਦੇ ਗਲ ਲੱਗ ਇਹ ਧਾਹਾਂ ਮਾਰ ਮਾਰ ਰੋਇਆ, ਤੇਰਾ ਤਾਇਆ ਤੇ ਬਾਜ ਸਿਓਂ ਹੁਣ ਉਹ ਨੀ ਸੀ ਰਹੇ, ਕਹਿੰਦਾ ,
"ਬੀਜੀ ਅੱਜ ਬਾਜ ਮਰਿਆ, ਉਹਦਾ ਯਾਰ ਨੀ ਮਰਿਆ, ਕਹਿੰਦੀ ਹੁਣ ਇੱਕ ਹੋਰ ਈ "ਬਾਜ" ਸੀ ਧੀਏ।

ਹੌਲੀ ਹੌਲੀ ਸਰਦਾਰ ਦੀ ਮਾਰ ਜਿੰਦ ਹੁਰਾਂ ਦੇ ਘਰ ਤੱਕ ਆਉਣ ਦਾ ਰਾਹ ਲੱਭਣ ਲੱਗੀ, ਪਰ ਪਿਓ ਤੇਰੇ ਨੇ ਇੱਕੋ ਗੱਲ

ਆਖੀ, ਕਹਿੰਦਾ "ਸਰਦਾਰਾ ਹੁਣ ਬਸ ਇੱਥੇ ਹੀ, ਜੇ ਯਾਰੀ ਮੈਂ ਇੰਨੀ ਚੰਗੀ ਨਿਭਾ ਰਿਹਾ ਤਾਂ ਦੁਸ਼ਮਣੀ ਉਸਤੋਂ ਵੀ ਵੱਡੇ ਜਿਗਰੇ ਦੇ ਨਾਲ ਰੱਖੂੰ।

ਕਹਿੰਦੀ ਪਤਾ ਨਹੀਓਂ ਕਿਓਂ, ਇਨਾਂ ਹੋਣ ਤੋਂ ਬਾਅਦ ਵੀ ਉਹ ਇੱਜ਼ਤ ਕਰਦਾ ਸੀ ਤੇਰੇ ਪਿਓ ਦੀ,

"ਕਹਿੰਦਾ "ਬਾਜ ਸਿਆਂ ਤੇਰੇ ਨਾਲ ਮੇਰਾ ਕੱਖ ਦਾ ਵੀ ਸ਼ਿਕਵਾ ਨੀ ਪਰ ਇਸ 'ਚ ਨਾ ਪੈ।

ਇਹ ਕਹਿੰਦਾ

"ਜਿਸ ਦਿਨ ਸਿਵਾ ਬਲੇਗਾ ਮੇਰਾ ਸਰਦਾਰਾ, ਉਸ ਦਿਨ ਜੋ ਮਰਜ਼ੀ ਕਰ ਲਈਂ ਪਰ ਉਨ੍ਹਾਂ ਚਿਰ ਤਾਂ ਨੀਂ ਯਾਰਾਂ ਦੇ ਘਰ ਦੀ ਦਹਿਲੀਜ਼ ਲੰਘਣ ਦਿੰਦਾ।

ਕਹਿੰਦੀ ਇਹ ਰੋਜ਼ ਪੀਂਦਾ ਮੋਏ ਯਾਰ ਨੂੰ ਯਾਦ ਕਰਕੇ।

ਬਾਕੀ ਕੱਲ੍ਹ।

ਸਮੇਂ ਦੀ ਕਮੀ ਕਾਰਨ ਮਾਫ਼ੀ