ਨਰਿੰਦਰ ਮੋਦੀ ਦੇ ਖ਼ਿਲਾਫ਼ ਵੀ ਜ਼ੁਬਾਨ ਖੋਲਣ ਦੀ ਹਿਮਾਕਤ ਕੀਤੀ ਸੀ ਆਈ. ਪੀ. ਐੱਸ. ਸੰਜੀਵ ਭੱਟ ਨੇ!! (ਵਿਅੰਗ)

Last Updated: Jun 20 2019 17:23
Reading time: 1 min, 15 secs

ਸ਼ਾਇਦ ਹੁਣ ਤੱਕ ਤਾਂ ਸਭ ਜਾਣ ਹੀ ਚੁੱਕੇ ਹਨ ਕਿ, ਗੁਜਰਾਤ ਦੀ ਜ਼ਾਮਨਗਰ ਅਦਾਲਤ ਨੇ ਸੰਜੀਵ ਭੱਟ ਨਾਮਕ ਆਈ. ਪੀ. ਐੱਸ. ਅਧਿਕਾਰੀ ਨੂੰ ਪੂਰੇ ਤਿੰਨ ਦਹਾਕੇ ਪੁਰਾਣੇ ਇੱਕ ਫ਼ੌਜਦਾਰੀ ਕੇਸ ਵਿੱਚ ਉਮਰ ਕੈਦ ਦੀ ਸਜਾ ਸੁਣਾ ਕੇ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਪਹੁੰਚਾ ਦਿੱਤਾ ਹੈ। ਜੇਕਰ ਅਦਾਲਤੀ ਫ਼ੈਸਲੇ ਦੀ ਗੱਲ ਕਰੀਏ ਤਾਂ ਭੱਟ ਦੇ ਖ਼ਿਲਾਫ਼ ਦੋਸ਼ ਸਿੱਧ ਹੋਇਆ ਹੈ ਕਿ, ਉਸ ਨੇ ਇੱਕ ਨੌਜਵਾਨ ਤੇ ਪੁਲਿਸ ਹਿਰਾਸਤ ਦੇ ਦੌਰਾਨ ਇੰਨਾ ਕੁ ਤਸ਼ੱਦਦ ਢਾਇਆ ਸੀ ਕਿ, ਉਸ ਨਾਲ ਉਸ ਦੀ ਮੌਤ ਹੋ ਗਈ ਸੀ। 

ਦੋਸਤੋ, ਇਹ ਤਾਂ ਉਹ ਮੁਕੱਦਮਾ ਹੈ ਜਿਹੜਾ ਕਿ, ਨੰਗੀ ਅੱਖ ਨਾਲ ਕਿਸੇ ਨੂੰ ਨਜ਼ਰ ਆ ਸਕਦਾ ਹੈ। ਗੱਲ ਕਰੀਏ ਜੇਕਰ ਅਲੋਚਕੀ ਨਜ਼ਰ ਦੀ ਤਾਂ ਇਹ ਗੁਜਰਾਤ ਕੇਡਰ ਦਾ ਉਹੀ ਆਈ. ਪੀ. ਐੱਸ. ਅਧਿਕਾਰੀ ਹੈ, ਜਿਸ ਨੇ ਕਿ, ਸਾਲ 2002 ਵਿੱਚ ਗੁਜਰਾਤ ਵਿੱਚ ਹੋਏ ਦੰਗਿਆਂ ਦੇ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿਮਾਕਤ ਕੀਤੀ ਸੀ। ਆਲੋਚਕਾਂ ਅਨੁਸਾਰ ਭੱਟ ਨੇ ਉਨ੍ਹਾਂ ਦੰਗਿਆਂ ਵਿੱਚ ਮੋਦੀ ਦੀ ਭੂਮਿਕਾ 'ਤੇ ਵੱਡੇ ਸਵਾਲ ਖੜੇ ਕਰਕੇ ਉਨ੍ਹਾਂ ਦੇ ਨਾਮ ਨੂੰ ਦੰਗਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। 

ਜੇਕਰ ਇਤਿਹਾਸ ਦੇ ਪੰਨਿਆਂ ਨੂੰ ਉਥੱਲ ਪੁਲ ਕਰੀਏ ਤਾਂ ਇਸ ਦੇ ਬਾਅਦ ਸਾਲ 2015 ਵਿੱਚ ਤਤਕਾਲੀਨ ਸਰਕਾਰ ਨੇ ਸੰਜੀਵ ਭੱਟ ਨੂੰ ਨੌਕਰੀਓਂ ਫ਼ਾਰਗ ਕਰ ਦਿੱਤਾ ਸੀ। ਅਸੀਂ ਇੱਥੇ ਆਪ ਸਭ ਨੂੰ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ, ਕਾਨੂੰਨ ਤੇ ਨਿਆਂਪ੍ਰਨਾਲੀ ਦੀਆਂ ਨਜ਼ਰਾਂ ਵਿੱਚ ਇਨ੍ਹਾਂ ਦੋਹਾਂ ਤੱਥਾਂ ਦਾ ਆਪਸ ਵਿੱਚ ਦੂਰ ਦੂਰ ਦਾ ਕੋਈ ਵੀ ਸੰਬੰਧ ਨਹੀਂ ਹੈ, ਆਲੋਚਕ ਭਾਵੇਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਣ, ਅਸੀਂ ਕਿਹੜਾ ਜ਼ੁਬਾਨ ਫੜ ਲੈਣੀ ਹੈ ਉਨ੍ਹਾਂ ਦੀ। ਕਰੀ ਜਾਣ ਦਿਓ, ਉਨ੍ਹਾਂ ਨੂੰ ਆਪਣਾ ਕੰਮ।