ਅਜਿਹਾ ਹੈ ਕੋਈ ਗੈਂਗ, ਜਿਹੜਾ ਕਰਦੈ ਸਿਰਫ਼ ਐਕਸੀਡੈਂਟਸ਼ੁਦਾ ਵਾਹਨ ਦੀ ਭਾਲ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 14:50
Reading time: 3 mins, 8 secs

ਅੱਜ ਕੋਈ ਵੀ ਅਦਾਰਾ ਅਜਿਹਾ ਨਹੀਂ ਬਚਿਆ, ਜਿੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਨਾ ਹੋਵੇ। ਅਸਲੀ ਤੋਂ ਨਕਲੀ ਅਤੇ ਨਕਲੀ ਤੋਂ ਅਸਲੀ ਬਣਨ ਵਿੱਚ ਹੁਣ ਸਮਾਂ ਨਹੀਂ ਲੱਗਦਾ। ਦਰਅਸਲ, ਸ਼ੈਤਾਨ ਬੰਦਿਆਂ ਦਾ ਤਾਂ ਕੰਮ ਹੀ ਇਹੀ ਹੁੰਦਾ ਹੈ ਕਿ ਅਸਲੀ ਚੀਜ਼ ਤੋਂ ਨਕਲੀ ਚੀਜ਼ ਬਣਾ ਕੇ ਕਿਵੇਂ ਬਜ਼ਾਰ ਦੇ ਵਿੱਚ ਵੇਚੀ ਜਾਵੇ ਤਾਂ ਜੋ ਵੱਧ ਮੁਨਾਫ਼ਾ ਕਮਾਇਆ ਜਾ ਸਕੇ। ਸ਼ੈਤਾਨ ਬੰਦਿਆਂ ਦੇ ਵੱਲੋਂ ਵੱਧ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਕਈ ਵਾਰ ਲੋਕਾਂ ਦੀ ਜਾਨ ਵੀ ਲੈ ਲਈ ਜਾਂਦੀ ਹੈ, ਪਰ ਉਸ ਜਾਨ ਦੀ ਕੀਮਤ ਨਹੀਂ ਪੈਂਦੀ। 

ਕਿਉਂਕਿ ਅੱਜ ਹਰ ਸ਼ੈਤਾਨ ਦੇ ਕਿਸੇ ਨਾ ਕਿਸੇ ਸਿਆਸੀ ਲੀਡਰ ਦੇ ਨਾਲ ਹੱਥ ਮਿਲਦੇ ਹਨ। ਦੱਸ ਦਈਏ ਕਿ ਚੋਰ, ਲੁਟੇਰੇ, ਡਾਕੂ ਅਤੇ ਗੈਂਗਸਟਰ ਇਹ ਅਜਿਹੇ ਬੰਦੇ ਹੁੰਦੇ ਹਨ, ਜੋ ਮਿੰਟਾਂ ਸਕਿੰਟਾਂ ਵਿੱਚ ਹੀ ਬਹੁਤ ਕੁਝ ਕਰ ਜਾਂਦੇ ਹਨ ਅਤੇ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਲੱਗਦਾ। ਡਾਕੂਆਂ ਅਤੇ ਗੈਂਗਸਟਰਾਂ ਦੀ ਸ਼ੈਤਾਨੀ ਤਾਂ ਹਰ ਕਿਸੇ ਨੂੰ ਪਤਾ ਹੀ ਹੈ, ਪਰ ਅੱਜ ਅਸੀਂ ਤੁਹਾਨੂੰ ਚੋਰਾਂ ਅਤੇ ਲੁਟੇਰਿਆਂ ਦੀਆਂ ਸ਼ੈਤਾਨੀਆਂ ਦੇ ਬਾਰੇ ਵਿੱਚ ਦੱਸਾਂਗੇ ਕਿ ਚੋਰ ਅਤੇ ਲੁਟੇਰੇ ਕਿਸ ਤਰੀਕੇ ਦੇ ਨਾਲ ਆਪਣਾ ਕਾਰੋਬਾਰ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਜਲਦੀ ਕੋਈ ਰੋਕ ਵੀ ਨਹੀਂ ਪਾਉਂਦਾ। 

ਜੀ ਹਾਂ, ਦੋਸਤੋਂ, ਫ਼ਿਰੋਜ਼ਪੁਰ ਦੇ ਸੀਆਈਏ ਸਟਾਫ਼ ਦੇ ਵੱਲੋਂ ਅਜਿਹੇ ਚੋਰਾਂ ਦੇ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਸਿਰਫ਼ ਤੇ ਸਿਰਫ਼ ਐਕਸੀਡੈਂਟਸ਼ੁਦਾ ਗੱਡੀਆਂ ਦੀ ਭਾਲ ਹੀ ਕਰਦੇ ਰਹਿੰਦੇ ਸੀ। ਹੁਣ ਹਰ ਕੋਈ ਇਹ ਸੋਚੇਗਾ ਕਿ ਉਕਤ ਚੋਰ ਐਕਸੀਡੈਂਟਸ਼ੁਦਾ ਗੱਡੀਆਂ ਨੂੰ ਕੀ ਕਰਦੇ ਸੀ? ਦਰਅਸਲ, ਉਕਤ ਚੋਰ ਐਕਸੀਡੈਂਟਸ਼ੁਦਾ ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਲਾਹ ਲੈਂਦੇ ਸੀ ਅਤੇ ਗੱਡੀ ਨੂੰ ਕਬਾੜ ਦੇ ਭਾਅ ਅੱਗੇ ਵੇਚ ਦਿੰਦੇ ਸੀ। ਇਹ ਮਾਮਲਾ ਇੱਥੇ ਹੀ ਬਸ ਨਹੀਂ ਹੋਇਆ। ਉਕਤ ਚੋਰ ਐਕਸੀਡੈਂਟਸ਼ੁਦਾ ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਚੋਰੀ ਕੀਤੀਆਂ ਹੋਰ ਗੱਡੀਆਂ ਨੂੰ ਲਗਾ ਕੇ ਅੱਗੇ ਮਹਿੰਗੇ ਭਾਅ ਵਿੱਚ ਹੀ ਵੇਚ ਦਿੰਦੇ ਸੀ।
 
ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੇ ਵੱਲੋਂ ਭਾਵੇਂ ਹੀ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਤੀਜਾ ਮੈਂਬਰ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਜਲਦ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਕਤ ਚੋਰਾਂ ਨੇ ਇਹ ਡਰਾਮਾ ਕਰਨਾ ਸਿੱਖਿਆ ਕਿਸ ਤੋਂ? ਆਖ਼ਿਰ ਕੌਣ ਹੈ ਉਹ ਸ਼ਖ਼ਸ, ਜਿਸ ਨੇ ਗੈਂਗ ਨੂੰ ਐਕਸੀਡੈਂਟਸ਼ੁਦਾ ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਲਾਹ ਕੇ ਚੋਰੀ ਦੀਆਂ ਗੱਡੀਆਂ ਨੂੰ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਣ ਦਾ ਤਰੀਕਾ ਦੱਸਿਆ? 

ਫ਼ਿਲਹਾਲ ਇਸ ਦੇ ਬਾਰੇ ਵਿੱਚ ਸੀਆਈਏ ਸਟਾਫ਼ ਫ਼ਿਰੋਜ਼ਪੁਰ ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਉਕਤ ਗੈਂਗ ਦੇ ਕਬਜ਼ੇ ਵਿੱਚੋਂ ਤਿੰਨ ਚੋਰੀ ਦੀਆਂ ਗੱਡੀਆਂ ਤੋਂ ਇਲਾਵਾ ਇੱਕ ਚੋਰੀ ਦਾ ਟਰੈਕਟਰ ਬਰਾਮਦ ਕਰਦਿਆਂ ਉਨ੍ਹਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੇ ਸਹਾਇਕ ਸਬ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਬਾਹੱਦ ਰਕਬਾ ਸ਼ਹੀਦ ਭਗਤ ਸਿੰਘ ਇੰਜੀ. ਕਾਲਜ ਕੋਲ ਮੌਜੂਦ ਸਨ। 

ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਯਾਦਵਿੰਦਰ ਸਿੰਘ, ਗੁਰਮੇਜ ਸਿੰਘ ਅਤੇ ਜਗਜੀਤ ਸਿੰਘ ਤਿੰਨੋਂ ਜਣੇ ਚੋਰੀ ਕੀਤੀਆਂ ਹੋਈਆਂ ਗੱਡੀਆਂ ਨੂੰ ਐਕਸੀਡੈਂਟਸ਼ੁਦਾ ਗੱਡੀਆਂ ਦੀਆਂ ਨੰਬਰ ਪਲੇਟਾਂ ਲਗਾ ਕੇ ਵੇਚਦੇ ਹਨ ਅਤੇ ਚੋਰੀਸ਼ੁਦਾ ਸਵਿਫ਼ਟ ਡਿਜ਼ਾਇਰ ਕਾਰ ਨੂੰ ਵੇਚਣ ਲਈ ਮੋਗਾ ਵੱਲ ਨੂੰ ਜਾ ਰਹੇ ਹਨ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਸਾਰ ਨਾਕੇਬੰਦੀ ਦੇ ਦੌਰਾਨ ਯਾਦਵਿੰਦਰ ਸਿੰਘ ਅਤੇ ਗੁਰਮੇਜ ਸਿੰਘ ਨੂੰ ਸਮੇਤ ਕਾਰ ਗ੍ਰਿਫ਼ਤਾਰ ਕੀਤਾ ਗਿਆ। ਜਦੋਂਕਿ ਜਗਜੀਤ ਸਿੰਘ ਭੱਜਣ ਵਿੱਚ ਸਫਲ ਹੋ ਗਿਆ। 

ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੀਆਂ 2 ਗੱਡੀਆਂ ਅਤੇ ਇੱਕ ਟਰੈਕਟਰ ਬਰਾਮਦ ਹੋਇਆ। ਪੁਲਿਸ ਮੁਤਾਬਿਕ ਯਾਦਵਿੰਦਰ ਸਿੰਘ ਉਰਫ਼ ਜਾਦੂ ਪੁੱਤਰ ਜਗਤਾਰ ਸਿੰਘ ਵਾਸੀ ਗਲੀ ਨੰਬਰ 2 ਬੇਦੀ ਕਲੋਨੀ ਫ਼ਿਰੋਜ਼ਪੁਰ ਸ਼ਹਿਰ, ਗੁਰਮੇਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗੈਦਰ ਥਾਣਾ ਸਦਰ ਫ਼ਿਰੋਜ਼ਪੁਰ ਅਤੇ ਜਗਜੀਤ ਸਿੰਘ ਉਰਫ਼ ਜਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਨਿੱਕਾ ਸੋਢੇ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਦੇ ਵਿਰੁੱਧ 379, 411, 420, 465, 467, 468, 471 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।