ਦਿਮਾਗ਼ੀ 'ਤਾਪ' ਨੇ ਲਈਆਂ ਕਰੀਬ 100 ਜਾਨਾਂ, ਜ਼ਿੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 19 2019 12:30
Reading time: 3 mins, 18 secs

ਭਾਰਤ ਦੇ ਅੰਦਰ ਨਿੱਤ ਦਿਨ ਨਵੀਂ ਬਿਮਾਰੀ ਪੈਦਾ ਹੁੰਦੀ ਰਹਿੰਦੀ ਹੈ। ਬਿਮਾਰੀ ਤਾਂ ਵੈਸੇ ਵੇਖਿਆ ਜਾਵੇ ਨਾਮ ਹੀ ਮਾੜਾ ਹੈ। ਕੋਈ ਵੀ ਬਿਮਾਰੀ ਹੋਵੇ, ਸਰੀਰ ਨੂੰ ਖਾ ਜਾਂਦੀ ਹੈ, ਪਰ ਬਿਮਾਰੀ ਨੂੰ ਦੂਰ ਕਰਨਾ ਵੀ ਚੰਗੇ ਡਾਕਟਰ ਦਾ ਹੀ ਕੰਮ ਹੁੰਦਾ ਹੈ। ਕਈ ਵਾਰ ਮਾੜੀ ਬਿਮਾਰੀ ਚੰਗੇ ਡਾਕਟਰ ਵੀ ਠੀਕ ਨਹੀਂ ਕਰ ਪਾਉਂਦੇ, ਪਰ ਇਸ ਦਾ ਕਾਰਨ ਇਹ ਹੀ ਹੁੰਦਾ ਹੈ ਕਿ ਚੰਗਾ ਡਾਕਟਰ ਮਰੀਜ਼ ਦੀ ਨਬਜ਼ ਹੀ ਪਛਾਣ ਨਹੀਂ ਪਾਉਂਦਾ। ਖ਼ੌਰੇ!! ਇਸੇ ਕਰਕੇ ਹੀ ਕਈ ਮਰੀਜ਼ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ।

ਚਲੋ ਖੈਰ.!! ਆਪਾ ਦੂਰ ਨਾ ਜਾਈਏ, ਕਰਦੇ ਹਾਂ ਬਿਹਾਰ ਦੇ ਅੰਦਰ ਚੜ੍ਹੇ ਦਿਮਾਗੀ 'ਤਾਪ' ਕਾਰਨ ਹੋਈਆਂ ਕਰੀਬ 100 ਮੌਤਾਂ ਦੀ ਗੱਲ। ਦਰਅਸਲ, ਬਿਹਾਰ ਦੇ ਮੁਜ਼ੱਫਰਪੁਰ ਵਿਖੇ ਚਮਕੀ ਬੁਖ਼ਾਰ ਦੇ ਚੱਲਦਿਆਂ ਹੁਣ ਤੱਕ ਮਰੀਜ਼ਾਂ ਦੀ ਗਿਣਤੀ ਕਰੀਬ 100 ਦੇ ਲਾਗੇ ਪਹੁੰਚ ਚੁੱਕੀ ਹੈ। ਪਰ ਇਹ ਤਾਪ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਦਿਨ ਪ੍ਰਤੀ ਦਿਨ ਇਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਵੱਧ ਰਹੇ ਕਹਿਰ ਕਾਰਨ ਜਿੱਥੇ ਬਿਹਾਰ ਸਰਕਾਰ ਕਾਫੀ ਜ਼ਿਆਦਾ ਚਿੰਤਤ ਵਿਖਾਈ ਦੇ ਰਹੀ ਹੈ, ਉੱਥੇ ਹੀ ਬਿਹਾਰੀ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਵੇਖਿਆ ਜਾਵੇ ਤਾਂ ਦਿਮਾਗੀ ਤਾਪ ਦਾ ਇਲਾਜ ਕਰਨਾ ਕੋਈ ਔਖਾ ਤਾਂ ਨਹੀਂ, ਇੱਕ ਚੰਗੇ ਹਸਪਤਾਲ ਦਾ ਡਾਕਟਰ ਤਾਂ ਦਿਮਾਗੀ ਤਾਪ ਨੂੰ ਇੱਕ ਗੋਲੀ ਨਾਲ ਠੀਕ ਕਰ ਦਿੰਦਾ ਹੈ, ਪਰ ਬਿਹਾਰ ਦੇ ਡਾਕਟਰਾਂ ਦੇ ਕੋਲੋਂ ਦਿਮਾਗੀ ਤਾਪ ਹੀ ਕਾਬੂ ਨਹੀਂ ਹੋ ਰਿਹਾ, ਹੋਰ ਉੱਥੋਂ ਦੇ ਡਾਕਟਰ ਕਿਹੜੀ ਬਿਮਾਰੀ ਨੂੰ ਠੀਕ ਕਰ ਸਕਣਗੇ, ਇਹ ਇੱਕ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਦਰਅਸਲ, ਮੁਜ਼ੱਫ਼ਰਪੁਰ ਵਿਖੇ ਲੰਘੇ ਐਤਵਾਰ ਨੂੰ ਏ.ਈ.ਐਸ. (ਐਕਊਟ ਇੰਸੇਫ਼ਲਾਈਟਸ ਸਿੰਡਰੋਮ) ਭਾਵ ਚਮਕੀ ਨਾਲ ਪੀੜਤ ਇੱਕ ਹੋਰ ਬੱਚੇ ਦੀ ਮੌਤ ਹੋ ਗਈ, ਜਿਸ ਦੇ ਨਾਲ ਇਸ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਬੱਚਿਆਂ ਦੀਆਂ ਮੌਤਾਂ ਦਾ ਅੰਕੜਾ ਕਰੀਬ 100 ਤੱਕ ਪੁੱਜ ਗਿਆ ਹੈ।

ਮਾਮਲਾ ਹੈ ਤਾਂ ਹੈਰਾਨ ਕਰਨ ਵਾਲਾ ਹੈ ਕਿ ਇੱਕ ਮ੍ਰਿਤਕ ਬੱਚੇ ਤੋਂ ਬਾਅਦ ਵੀ ਕਰੀਬ 100 ਬੱਚਿਆਂ ਦਾ ਉਸੇ ਹੀ ਬਿਮਾਰੀ ਨਾਲ ਪੀੜਤ ਹੋ ਕੇ ਮਰ ਜਾਣਾ, ਬਿਹਾਰ ਸਰਕਾਰ ਅਤੇ ਉੱਥੋਂ ਦੇ ਸਿਹਤ ਵਿਭਾਗ 'ਤੇ ਕਈ ਸਵਾਲਿਆਂ ਚਿੰਨ੍ਹ ਲਗਾਉਂਦਾ ਹੈ। ਵੇਖਿਆ ਜਾਵੇ ਤਾਂ ਜਿਹੜੇ ਦੇਸ਼ ਜਾਂ ਫਿਰ ਰਾਜ ਦੇ ਵਿੱਚ ਦਿਮਾਗੀ ਬੁਖ਼ਾਰ ਦਾ ਇਲਾਜ ਕਰਨ ਦੇ ਲਈ ਸਿਹਤ ਵਿਭਾਗ ਜਾਂ ਫਿਰ ਸਰਕਾਰ ਦੇ ਕੋਲ ਦਵਾਈ ਨਹੀਂ, ਉਸ ਰਾਜ ਜਾਂ ਫਿਰ ਦੇਸ਼ ਵਿੱਚ ਰਹਿਣ ਦਾ ਕੀ ਫ਼ਾਇਦਾ? ਵੇਖਿਆ ਜਾਵੇ ਤਾਂ ਜਨਤਾ ਟੈਕਸ ਭਰਦੀ ਹੈ ਅਤੇ ਟੈਕਸ ਦੇ ਰੂਪ ਵਿੱਚ ਇਕੱਠਾ ਹੁੰਦਾ ਪੈਸਾ ਮੁਲਾਜ਼ਮਾਂ ਨੂੰ ਤਨਖਾਹ ਦੇ ਰੂਪ ਵਿੱਚ ਮਿਲਦਾ ਹੈ।

ਕੁਝ ਕੁ ਪੈਸੇ ਦੀਆਂ ਸੜਕਾਂ, ਸਿਹਤ ਸਹੂਲਤਾਂ, ਸਕੂਲ ਅਤੇ ਹੋਰ ਕਾਰਜ ਕੀਤੇ ਜਾਂਦੇ ਹਨ, ਪਰ ਵੇਖਿਆ ਜਾਵੇ ਤਾਂ ਇਸ ਵੇਲੇ ਦੇਸ਼ ਦੇ ਅੰਦਰ ਅਜਿਹੇ ਹਾਲਾਤ ਪੈਦਾ ਹੋ ਚੁੱਕੇ ਹਨ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ। ਜਨਤਾ ਟੈਕਸ ਵੀ ਭਰਦੀ ਹੈ, ਪਰ ਉਨ੍ਹਾਂ ਨੂੰ ਫਿਰ ਵੀ ਸਹੂਲਤਾਂ ਪੂਰੀਆਂ ਨਹੀਂ ਮਿਲ ਪਾਉਂਦੀਆਂ। ਇਸ ਦਾ ਜ਼ਿੰਮੇਵਾਰ ਜੇਕਰ ਸਭ ਤੋਂ ਵੱਧ ਠਹਿਰਾਇਆ ਜਾਵੇ ਤਾਂ ਉਹ ਸਰਕਾਰਾਂ ਹਨ, ਜੋ ਵੋਟਾਂ ਪ੍ਰਾਪਤ ਕਰਕੇ ਸੱਤਾ ਤਾਂ ਸੰਭਾਲ ਲੈਂਦੀਆਂ ਹਨ, ਪਰ ਬਾਅਦ ਵਿੱਚ ਜਨਤਾ ਦੇ ਮੁੱਦਿਆਂ ਦੇ ਵੱਲ ਧਿਆਨ ਨਹੀਂ ਦਿੰਦੀਆਂ।

ਦੇਸ਼ ਦੇ ਅੰਦਰ ਸਿਹਤ ਸਹੂਲਤਾਂ ਦੀ ਕਾਫੀ ਜ਼ਿਆਦਾ ਕਮੀ ਹੋਣ ਦੇ ਕਾਰਨ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਕਈ ਬਿਮਾਰੀਆਂ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ, ਪਰ ਵੇਖਿਆ ਜਾਵੇ ਤਾਂ ਜਿਸ ਦੇਸ਼ ਦੇ ਅੰਦਰ 3 ਹਜ਼ਾਰ ਕਰੋੜ ਰੁਪਏ ਦੀ ਮੂਰਤੀ ਤੋਂ ਇਲਾਵਾ ਧਾਰਮਿਕ ਸਥਾਨਾਂ 'ਤੇ ਕਈ ਟਨ ਸੋਨਾ ਕਥਿਤ ਤੌਰ 'ਤੇ ਸਰਕਾਰ ਦੇ ਖਾਤੇ ਵਿੱਚੋਂ ਹੀ ਚੜ੍ਹ ਜਾਂਦਾ ਹੋਵੇ, ਉਹ ਦੇਸ਼ ਜਾਂ ਫਿਰ ਸਰਕਾਰ ਗਰੀਬ ਨਹੀਂ ਹੋ ਸਕਦੀ। ਦੇਸ਼ ਦੀ ਜਨਤਾ ਦੇ ਪੈਸੇ ਦੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ, ਜਦਕਿ ਜਿਸ ਚੀਜ਼ ਦੀ ਭਾਰਤੀਆਂ ਨੂੰ ਲੋੜ ਹੈ, ਉਸ ਤੋਂ ਕੋਹਾ ਦੂਰ ਰੱਖਿਆ ਜਾ ਰਿਹਾ ਹੈ।

ਭਾਰਤ ਦੇ ਅੰਦਰ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜਿੱਥੋਂ ਦੇ ਲੋਕ ਇੱਕ ਵੇਲੇ ਦੀ ਹੀ ਰੋਟੀ ਖਾ ਕੇ ਸੌਂਦੇ ਹਨ ਅਤੇ ਕਈ ਜਗ੍ਹਾਵਾਂ 'ਤੇ ਤਾਂ ਰੋਟੀ ਇੱਕ ਵੇਲੇ ਦੀ ਵੀ ਨਸੀਬ ਨਹੀਂ ਹੁੰਦੀ ਅਤੇ ਲੋਕ ਭੁੱਖ ਨਾਲ ਹੀ ਮਰ ਮੁੱਕ ਜਾਂਦੇ ਹਨ। ਬਿਹਾਰ ਦੇ ਵਿੱਚ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ, ਉਹ ਬੇਹੱਦ ਹੀ ਮੰਦਭਾਗਾ ਹੈ। ਇਸ 'ਤੇ ਜੇਕਰ ਬੁੱਧੀਜੀਵੀਆਂ ਦੀ ਮੰਨੀਏ ਤਾਂ ਉਹ ਸਰਕਾਰ ਅਤੇ ਸਿਹਤ ਵਿਭਾਗ 'ਤੇ ਹੀ ਉਂਗਲੀ ਚੁੱਕ ਰਹੇ ਹਨ, ਜਿਨ੍ਹਾਂ ਦੇ ਕੋਲੋਂ ਦਿਮਾਗੀ ਬੁਖ਼ਾਰ ਦਾ ਇਲਾਜ ਹੀ ਨਹੀਂ ਕੀਤਾ ਗਿਆ, ਜਿਸ ਦੇ ਕਾਰਨ 100 ਦੇ ਕਰੀਬ ਲੋਕ ਇਸ ਬੁਖ਼ਾਰ ਕਾਰਨ ਦੁਨੀਆ ਨੂੰ ਅਲਵਿਦਾ ਆਖ ਗਏ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।