ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਛਾਪੇਮਾਰੀ ਜਾਰੀ, ਪਾਬੰਦੀਸ਼ੁਦਾ ਲਿਫ਼ਾਫ਼ੇ ਬਰਾਮਦ ਤੇ ਦੁਕਾਨਦਾਰ ਹੋਏ ਫ਼ਰਾਰ

Last Updated: Jun 18 2019 16:58
Reading time: 1 min, 20 secs

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਸ਼ਹਿਰਾਂ 'ਚ ਪਾਬੰਦੀਸ਼ੁਦਾ ਲਿਫ਼ਾਫ਼ਿਆਂ ਨੂੰ ਰੱਖਣ ਤੇ ਇਸਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਜਾਰੀ ਹੈ। ਇਸਦੇ ਤਹਿਤ ਅਬੋਹਰ ਵਿਖੇ ਅੱਜ ਮੁੜ ਬੋਰਡ ਦੇ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੰਦਿਆਂ 52 ਕਿੱਲੋ ਪਾਲੀਥੀਨ ਬਰਾਮਦ ਕੀਤਾ ਅਤੇ ਕਾਰਵਾਈ ਤਹਿਤ ਇਨ੍ਹਾਂ ਦੇ ਚਲਾਨ ਕੱਟੇ ਗਏ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਕੀਤੀ ਗਈ ਕਾਰਵਾਈ ਤਹਿਤ 60 ਕਿੱਲੋ ਲਿਫ਼ਾਫ਼ੇ ਸਮੇਤ ਕੀਤੇ ਗਏ ਚਲਾਨ ਤਹਿਤ 20 ਹਜ਼ਾਰ ਰੁਪਏ ਦੀ ਵਸੂਲੀ ਵੀ ਕੀਤੀ ਜਾ ਚੁੱਕੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਬੋਰਡ ਫ਼ਰੀਦਕੋਟ ਦੇ ਐਸ.ਡੀ.ਓ ਰੋਹਿਤ ਸਿੰਗਲਾ ਨੇ ਦੱਸਿਆ ਕਿ ਗੈਰ ਮਿਆਰੀ ਲਿਫ਼ਾਫ਼ਿਆਂ 'ਤੇ ਪੂਰਨ ਤੌਰ 'ਤੇ ਵੇਚਣ ਤੇ ਵਰਤੋਂ ਕਰਨ ਦੀ ਪਾਬੰਦੀ ਹੈ ਪਰ ਦੁਕਾਨਦਾਰਾਂ ਵੱਲੋਂ ਇਸਦੇ ਬਾਵਜੂਦ ਇਸਦੀ ਵਰਤੋਂ ਦੇ ਨਾਲ-ਨਾਲ ਇਸ ਨੂੰ ਵੇਚਿਆ ਜਾ ਰਿਹਾ ਹੈ। ਪਰ ਹੁਣ ਬੋਰਡ ਨੇ ਇਸ ਤੇ ਰੋਕ ਲਾਉਣ ਲਈ ਸਖ਼ਤ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਸ ਮੁਹਿੰਮ ਤਹਿਤ ਕਈ ਦੁਕਾਨਦਾਰਾਂ ਤੋਂ ਲਿਫ਼ਾਫ਼ੇ ਬਰਾਮਦ ਹੋਏ ਸਨ ਪਰ ਕੁਝ ਦੁਕਾਨਦਾਰ ਇਸ ਕਾਰਵਾਈ ਦੇ ਡਰੋਂ ਦੁਕਾਨਾਂ ਬੰਦ ਕਰਕੇ ਫ਼ਰਾਰ ਹੋ ਗਏ ਸਨ, ਪਰ ਅੱਜ ਅਚਨਚੇਤ ਕੀਤੇ ਗਏ ਨਿਰੀਖਣ ਦੌਰਾਨ ਅਬੋਹਰ ਦੇ ਬੱਸ ਸਟੈਂਡ ਦੇ ਨੇੜੇ ਦੁਰਗਾ ਲਿਫ਼ਾਫ਼ਾ ਸਟੋਰ, ਬਾਲਾ ਜੀ ਲਿਫ਼ਾਫ਼ਾ ਸਟੋਰ, ਅਨੇਜਾ ਲਿਫ਼ਾਫ਼ਾ ਸਟੋਰ, ਪਟਿਆਲਾ ਲਿਫ਼ਾਫ਼ਾ ਸਟੋਰ ਤੋਂ ਕਰੀਬ 52 ਕਿੱਲੋ ਪਾਬੰਦੀਸ਼ੁਦਾ ਲਿਫ਼ਾਫ਼ੇ ਬਰਾਮਦ ਕਰਕੇ ਇਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਹਨ ਉਹ ਚਲਾਨ ਨਗਰ ਕੌਂਸਲ ਵਿਖੇ ਜਾ ਕੇ ਭੁਗਤ ਸਕਦੇ ਹਨ।

ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਮੁਹਿੰਮ ਜਾਰੀ ਰਹੇਗੀ ਅਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਪਾਬੰਦੀਸ਼ੁਦਾ ਲਿਫ਼ਾਫ਼ਿਆਂ ਦੀ ਵਿਕਰੀ ਰੋਕ ਦੇਣ ਅਤੇ ਦੁਕਾਨਦਾਰ ਇਸਦੀ ਵਰਤੋਂ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।