ਸਰਪੰਚ ਦੇ ਘਰ ਵਿੱਚ ਵੜਕੇ ਭੰਨਤੋੜ ਕਰਨ ਵਾਲੇ ਨਾਮਜ਼ਦ 7 ਮੁਲਜ਼ਮਾਂ ਦੀ ਅਗਾਊ ਜ਼ਮਾਨਤ ਅਰਜੀ ਖਾਰਿਜ

Last Updated: Jun 17 2019 17:45
Reading time: 1 min, 27 secs

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਾਜ਼ਿਲਕਾ ਦੀ ਇੱਕ ਅਦਾਲਤ ਨੇ ਘਰ ਵਿੱਚ ਵੜਕੇ ਭੰਨਤੋੜ ਕਰਨ ਅਤੇ ਜਾਤੀ ਸੂਚਕ ਗਾਲ੍ਹਾਂ ਕੱਢਣ ਦੇ ਇਲਜ਼ਾਮ ਹੇਠ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਪਿੰਡ ਆਲਮਗੜ ਵਾਸੀ 7 ਨਾਮਜ਼ਦ ਮੁਲਜ਼ਮਾਂ ਦੀ ਅਗਾਊ ਜ਼ਮਾਨਤ ਅਰਜੀ ਖਾਰਿਜ ਕਰ ਦਿੱਤੀ ਹੈ। ਜ਼ਮਾਨਤ ਦੀ ਅਰਜੀ ਖਾਰਿਜ ਹੋਣ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਸਾਲ 7 ਅਕਤੂਬਰ ਨੂੰ ਨੇੜਲੇ ਪਿੰਡ ਆਲਮਗੜ 'ਚ ਗੁਰਤੇਜ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਤਮਹੱਤਿਆ ਕੀਤੇ ਜਾਣ 'ਤੇ ਭੜਕੇ ਕੁੱਝ ਲੋਕ ਕੈਂਡਲ ਮਾਰਚ ਕੱਢਦੇ ਹੋਏ ਪਿੰਡ ਦੇ ਸਰਪੰਚ ਮੱਖਣ ਲਾਲ ਦੇ ਘਰ ਵਿੱਚ ਵੜ ਗਏ ਅਤੇ ਉੱਥੇ ਭੰਨਤੋੜ ਕਰਦੇ ਹੋਏ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ। ਇਸ ਮਾਮਲੇ 'ਚ ਸਰਪੰਚ ਮੱਖਣ ਲਾਲ ਦੀ ਪਤਨੀ ਰਾਮੇਸ਼ਵਰੀ ਦੇਵੀ ਨੇ ਐਸ.ਐਚ.ਓ. ਅਬੋਹਰ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਪਰ ਐਸ.ਐਚ.ਓ. ਨੇ ਆਪਣੀ ਪੜਤਾਲ ਵਿੱਚ ਸਰਪੰਚ ਦੀ ਪਤਨੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਤੋਂ ਬਾਅਦ ਮਾਮਲਾ ਡੀ.ਐਸ.ਪੀ. ਦਫ਼ਤਰ ਪਹੁੰਚਿਆ, ਉੱਥੇ ਵੀ ਰਾਮੇਸ਼ਵਰੀ ਦੇਵੀ ਦੀ ਦਰਖਾਸਤ ਨੂੰ ਜਾਂਚ ਵਿੱਚ ਝੂਠਾ ਪਾਇਆ ਗਿਆ।

ਇਸ ਤੋਂ ਬਾਅਦ ਰਾਮੇਸ਼ਵਰੀ ਦੇਵੀ ਨੇ ਹਾਰ ਨਹੀਂ ਮੰਨੀ ਅਤੇ ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਪੱਤਰ ਦੇ ਕੇ ਨਿਆ ਦੀ ਮੰਗ ਕੀਤੀ। ਐਸ.ਐਸ.ਪੀ ਦੇ ਹੁਕਮਾਂ 'ਤੇ ਐਸ.ਪੀ. ਹੈਡਕੁਆਟਰ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਆਲਮਗੜ ਵਾਸੀ ਤਿੰਨ ਭਰਾਵਾਂ ਪਵਨ ਕੁਮਾਰ, ਸਤ ਪ੍ਰਕਾਸ਼ ਅਤੇ ਰਾਮ ਕੁਮਾਰ ਪੁੱਤਰਾਂ ਦੇਵੀ ਲਾਲ, ਪਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ, ਰਵੀ ਕੁਮਾਰ ਪੁੱਤਰ ਚੰਦਰਭਾਨ ਤੋਂ ਇਲਾਵਾ ਜਗਦੀਸ਼ ਅਤੇ ਬਲਦੇਵ ਸਿੰਘ ਦੇ ਖਿਲਾਫ ਘਰ ਵਿੱਚ ਵੜਕੇ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਗਾਲ੍ਹਾਂ ਕੱਢਣ ਦੇ ਇਲਜ਼ਾਮ ਵਿੱਚ 11 ਜੂਨ ਨੂੰ ਪਰਚਾ ਦਰਜ ਕੀਤਾ ਗਿਆ। ਅੱਜ ਜ਼ਿਲ੍ਹਾ ਅਦਾਲਤ ਵਿੱਚ ਰਾਮੇਸ਼ਵਰੀ ਦੇਵੀ ਵੱਲੋਂ ਐਡਵੋਕੇਟ ਰਮੇਸ਼ ਬਿਰਲਾ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਰਾਹਿਲ ਬਿਰਲਾ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਮਾਣਯੋਗ ਅਦਾਲਤ ਨੇ ਸਾਰੇ ਨਾਮਜ਼ਦ ਮੁਲਜ਼ਮਾਂ ਦੀ ਅਗਾਊ ਜ਼ਮਾਨਤ ਅਰਜੀ ਨੂੰ ਖਾਰਿਜ ਕਰ ਦਿੱਤਾ।