17 ਜੂਨ ਨੂੰ ਦੇਸ਼ ਭਰ ਦੇ ਡਾਕਟਰਾਂ ਵੱਲੋਂ ਹੜਤਾਲ ਦਾ ਐਲਾਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 14:43
Reading time: 2 mins, 29 secs

ਪੱਛਮੀ ਬੰਗਾਲ 'ਚ ਦੋ ਜੂਨੀਅਰ ਪੱਧਰ ਦੇ ਡਾਕਟਰਾਂ 'ਤੇ ਹੋਏ ਹਮਲੇ ਤੋਂ ਬਾਅਦ ਦੇਸ਼ ਭਰ ਦੇ ਡਾਕਟਰਾਂ ਨੇ ਰੋਸ ਜ਼ਾਹਿਰ ਕਰਦਿਆਂ ਡਾਕਟਰਾਂ ਦੀ ਸੁਰੱਖਿਆ ਅਤੇ ਮਾਨ ਸਨਮਾਨ ਨੂੰ ਲੈ ਕੇ ਦੇਸ਼ ਪੱਧਰੀ ਸੰਘਰਸ਼ ਵਿੱਢਿਆ ਹੈ। ਇਸ ਦੌਰਾਨ ਜਿੱਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਲਾਜ ਨਾ ਹੋਣ ਕਰਕੇ ਪੱਛਮੀ ਬੰਗਾਲ ਦੇ ਮੋਦਿਨੀਪੁਰ ਮੈਡੀਕਲ ਕਾਲਜ ਤੇ ਹਸਪਤਾਲ 'ਚ ਇੱਕ ਬੱਚੇ ਸਮੇਤ ਹੁਣ ਤੱਕ ਦੇ ਮਿਲੇ ਆਂਕੜਿਆਂ ਮੁਤਾਬਿਕ ਸੂਬਾ ਪੱਛਮੀ ਬੰਗਾਲ 'ਚ ਕਰੀਬ 70 ਜਣਿਆ ਦੀ ਮੌਤ ਬਗੈਰ ਇਲਾਜ ਹੋਈ ਹੈ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੌਤਾਂ ਸੁਭਾਵਿਕ ਮੌਤਾਂ ਹਨ ਅਤੇ ਇਸ 'ਚ ਇਲਾਜ ਨਾ ਮਿਲਣ ਕਰਕੇ ਮੌਤ ਹੋਣ ਦਾ ਕੋਈ ਤਾਲੁਕ ਨਹੀਂ ਹੈ।

ਉੱਧਰ ਬੁਰੀ ਤਰ੍ਹਾਂ ਭੱਖ ਚੁੱਕੇ ਇਸ ਮਾਮਲੇ 'ਤੇ ਵਿਗੜਦੇ ਹਾਲਾਤਾਂ ਨੂੰ ਵੇਖਦਿਆਂ ਸੂਬਾ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਏ ਜਾਣ ਦਾ ਐਲਾਨ ਕੀਤਾ ਹੈ ਪਰ ਡਾਕਟਰਾਂ ਨੇ ਇਸ ਸਬੰਧੀ ਬੁਲਾਈ ਮੀਟਿੰਗ 'ਚ ਨਾ ਜਾਣ ਦਾ ਫ਼ੈਸਲਾ ਕਰਕੇ ਮਾਮਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ। ਇੱਧਰ ਇਸ ਮਾਮਲੇ ਨੂੰ ਲੈ ਕੇ ਡਾਕਟਰਾਂ ਦੀ ਹਿਮਾਇਤ 'ਚ ਦੇਸ਼ ਭਰ ਦੇ ਡਾਕਟਰ ਖੜੇ ਹੋ ਗਏ ਹਨ ਜਿਸ ਕਰਕੇ ਸਾਰੇ ਸੂਬਿਆਂ 'ਚ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਮਾਰਕੁੱਟ ਦੇ ਇਸ ਮਾਮਲੇ 'ਚ ਦੇਸ਼ ਭਰ ਦੇ ਕਰੀਬ ਸਾਢੇ 3 ਲੱਖ ਡਾਕਟਰ 17 ਜੂਨ ਨੂੰ ਇੱਕ ਦਿਨ ਦੀ ਹੜਤਾਲ 'ਤੇ ਜਾ ਰਹੇ ਹਨ, ਜਿਸਦਾ ਐਲਾਨ ਉਨ੍ਹਾਂ ਵੱਲੋਂ ਕਰ ਦਿੱਤਾ ਗਿਆ ਹੈ। ਇਸਦੇ ਨਾਲ ਇੱਕ ਵਾਰੀ ਫਿਰ ਮਰੀਜ਼ਾਂ ਦੀ ਖੱਜਲ ਖ਼ੁਆਰੀ ਹੋਣੀ ਲਾਜ਼ਮੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਵਾਰੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਨਾਲ-ਨਾਲ ਨਿਜੀ ਹਸਪਤਾਲ ਦੇ ਡਾਕਟਰ ਵੀ ਇਸ ਹੜਤਾਲ 'ਚ ਸ਼ਾਮਲ ਹੋਣਗੇ ਜਿਸਦੇ ਨਾਲ ਸਥਿਤੀ ਹੋਰ ਜ਼ਿਆਦਾ ਮਾੜੀ ਹੋਣ ਦੀ ਸੰਭਾਵਨਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਬੋਹਰ ਦੇ ਸਕੱਤਰ ਡਾ. ਸਾਹਬ ਰਾਮ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਐਸ.ਐਸ. ਸਿਬਿਆ ਦੇ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ 17 ਜੂਨ ਨੂੰ ਸਾਰੇ ਡਾਕਟਰ 24 ਘੰਟੇ ਦੀ ਹੜਤਾਲ ਕਰਣਗੇ। ਇਸ ਹੜਤਾਲ 'ਚ ਸਰਕਾਰੀ ਹਸਪਤਾਲ ਦੇ ਨਾਲ-ਨਾਲ ਨਿਜੀ ਹਸਪਤਾਲਾਂ ਦੇ ਡਾਕਟਰ ਵੀ ਉਨ੍ਹਾਂ ਨੂੰ ਆਪਣਾ ਸਮਰਥਨ ਦਿੰਦਿਆਂ ਹੋਇਆਂ ਹੜਤਾਲ 'ਚ ਸ਼ਾਮਲ ਹੋਣਗੇ। ਡਾਕਟਰ ਸਵੇਰੇ 6 ਵਜੇ ਤੋਂ ਲੈ ਕੇ ਅਗਲੇ ਦਿਨ ਦੀ ਸਵੇਰ 6 ਵਜੇ ਤੱਕ ਹੜਤਾਲ 'ਤੇ ਰਹਿੰਦੇ ਕੋਈ ਕੰਮ ਨਹੀਂ ਕਰਣਗੇ। ਇਸ ਦਿਨ ਸਰਕਾਰੀ ਤੇ ਨਿਜੀ ਹਸਪਤਾਲਾਂ, ਨਰਸਿੰਗ ਹੋਮ, ਕਲੀਨਿਕ ਦੀ ਓ.ਪੀ.ਡੀ ਬੰਦ ਰੱਖੀ ਜਾਵੇਗੀ ਜਦੋਂ ਕਿ ਐਮਰਜੈਂਸੀ ਸੇਵਾਵਾਂ ਪਹਿਲਾ ਵਾਂਗ ਜਾਰੀ ਰਹਿਣਗੀਆਂ। ਇਸ ਦੌਰਾਨ ਡਾਕਟਰਾਂ ਵੱਲੋਂ ਉਪਮੰਡਲ ਅਧਿਕਾਰੀ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਡਾਕਟਰਾਂ ਦੇ ਇਸ ਤਰ੍ਹਾਂ ਹੜਤਾਲ 'ਤੇ ਜਾਣ ਕਰਕੇ ਮਰੀਜ਼ਾਂ ਨੂੰ ਹੁੰਦੀ ਪਰੇਸ਼ਾਨੀ, ਮੌਤ ਦਾ ਸ਼ਿਕਾਰ ਹੋਏ ਲੋਕਾਂ ਦੀ ਮੌਤ ਦਾ ਕੋਣ ਜ਼ਿੰਮੇਵਾਰ ਹੈ ਇਹ ਇੱਥੇ ਇੱਕ ਵੱਡਾ ਸਵਾਲ ਹੈ ਇਸ ਲਈ ਜਿੱਥੇ ਸਰਕਾਰਾਂ ਨੂੰ ਇਸ ਬਾਰੇ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ ਉੱਥੇ ਹੀ ਡਾਕਟਰਾਂ ਨੂੰ ਵੀ ਆਪਣੇ ਪੇਸ਼ੇ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਲੋੜ ਹੈ, ਇੱਥੇ ਲੋਕਾਂ ਨੂੰ ਵੀ ਡਾਕਟਰਾਂ ਦੇ ਮਾਨ ਸਨਮਾਨ ਦਾ ਧਿਆਨ ਰੱਖਦੇ ਕੋਈ ਅਜਿਹਾ ਕਾਰਾ ਨਹੀਂ ਕਰਨਾ ਚਾਹੀਦਾ ਹੈ ਜਿਸ ਨਾਲ ਸਾਰਿਆਂ ਨੂੰ ਇਸਦਾ ਖ਼ਮਿਆਜ਼ਾ ਭੁਗਤਣਾ ਪਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।