ਮੋਦੀ ਰਾਜ 'ਚ, ਪੱਤਰਕਾਰਾਂ ਤੋਂ ਬਾਅਦ ਡਾਕਟਰਾਂ 'ਤੇ ਹਮਲੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 15 2019 13:05
Reading time: 3 mins, 12 secs

ਦੇਸ਼ ਦੇ ਅੰਦਰ ਫ਼ਿਰਕਾਪ੍ਰਸਤੀ ਦਾ ਦੌਰ ਜਾਰੀ ਹੈ ਅਤੇ ਦਿਨ ਪ੍ਰਤੀ ਦਿਨ ਸਾਡੇ ਦੇਸ਼ ਦੇ ਅੰਦਰ ਬੁੱਧੀਜੀਵੀ ਵਰਗ, ਡਾਕਟਰਾਂ ਅਤੇ ਪੱਤਰਕਾਰਾਂ ਤੋਂ ਇਲਾਵਾ ਇਨਸਾਫ਼ ਦੀ ਮੰਗ ਕਰਨ ਵਾਲਿਆਂ 'ਤੇ ਹਮਲੇ ਹੋ ਰਹੇ ਹਨ। ਇਹ ਹਮਲੇ ਦੇਸ਼ ਦੇ ਅੰਦਰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹਨ। ਦੇਸ਼ ਦੇ ਵਿੱਚ ਪੈਦਾ ਹੋਏ ਹਲਾਤ ਇਹ ਹੀ ਦੱਸਦੇ ਹਨ ਕਿ ਦੇਸ਼ ਦੇ ਅੰਦਰ ਜਿਹੜਾ ਤਾਂ ਸਰਕਾਰ ਦੀ ਹਮਾਇਤ ਕਰਦਾ ਹੈ, ਉਸ ਨੂੰ ਹੀ ਰਹਿਣ ਦਾ ਹੱਕ ਹੈ, ਜਦੋਂਕਿ ਦੇਸ਼ ਦੇ ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਲਿਖਣ ਅਤੇ ਬੋਲਣ ਵਾਲਿਆਂ ਨੂੰ 'ਜੇਲ੍ਹ' ਸੈਰ ਕਰਵਾਈ ਜਾਂਦੀ ਹੈ। 

ਪਿਛਲੇ ਸਮੇਂ 'ਤੇ ਜੇਕਰ ਨਿਗਾਹ ਮਾਰੀਏ ਤਾਂ ਭਾਰਤ ਦੇ ਅੰਦਰ ਦਰਜਨਾਂ ਹੀ ਪੱਤਰਕਾਰਾਂ 'ਤੇ ਹਮਲੇ ਹੋਏ, ਜੋ ਸਾਬਤ ਕਰਦੇ ਹਨ ਕਿ ਸੱਚ ਵਿਖਾਉਣ ਅਤੇ ਲਿਖਣ ਵਾਲਿਆਂ ਨੂੰ ਦੇਸ਼ ਦੇ ਅੰਦਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸਾਡੇ ਦੇਸ਼ ਦੇ ਅੰਦਰ ਕੋਈ ਦਿਨ ਅਜਿਹਾ ਨਹੀਂ ਜਾਂਦਾ, ਜਿਸ ਦਿਨ ਕੋਈ ਹਿੰਸਾ ਨਾ ਹੋਈ ਹੋਵੇ। ਹਰ ਦਿਨ ਕਿਸੇ ਨਾ ਕਿਸੇ ਸੂਬੇ ਦੇ ਅੰਦਰ ਲੜਾਈ ਝਗੜੇ ਅਤੇ ਕਤਲੇਆਮ ਹੁੰਦੇ ਰਹਿੰਦੇ ਹਨ। ਇਨ੍ਹਾਂ ਸਭ ਦੇ ਪਿੱਛੇ ਕਿਸੇ ਨਾ ਕਿਸੇ ਸਿਆਸੀ ਧਿਰ ਦਾ ਹੱਥ ਜ਼ਰੂਰ ਹੁੰਦਾ ਹੈ। ਕਿਉਂਕਿ ਸਿਆਸੀ ਸ਼ਹਿ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। 

ਦੱਸ ਦਈਏ ਕਿ ਜਦੋਂ ਤੋਂ ਦੇਸ਼ ਦੇ ਅੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਦੇਸ਼ ਦੇ ਅੰਦਰ ਧਰਮ ਅਤੇ ਜਾਤ ਦੇ ਨਾਂਅ 'ਤੇ ਰੌਲਾ ਪੈ ਰਿਹਾ ਹੈ। ਦੇਸ਼ ਦੇ ਅੰਦਰ ਧਰਮ ਦੇ ਨਾਂਅ 'ਤੇ ਸਿਆਸਤ ਹੋ ਰਹੀ ਹੈ ਅਤੇ ਜਾਤ ਪਾਤ ਦੇ ਨਾਂਅ 'ਤੇ ਲੋਕਾਂ ਉੱਪਰ ਹਮਲੇ ਹੋ ਰਹੇ ਹਨ। ਹਿੰਦੂਤਵ ਕੁਝ ਜੱਥੇਬੰਦੀਆਂ ਦੇ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਚੱਕਰ ਵਿੱਚ ਘੱਟ ਗਿਣਤੀਆਂ 'ਤੇ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਅੰਦਰ ਜੋ ਸਭ ਤੋਂ ਵੱਧ ਇਨ੍ਹਾਂ ਦਿਨਾਂ ਦੇ ਅੰਦਰ ਪ੍ਰਦਰਸ਼ਨ ਹੋ ਰਿਹਾ ਹੈ, ਉਹ ਡਾਕਟਰਾਂ ਦਾ ਹੈ। 

ਕਿਉਂਕਿ ਪੱਛਮੀ ਬੰਗਾਲ ਵਿੱਚ ਕੁਝ ਦਿਨ ਪਹਿਲੋਂ ਡਾਕਟਰ ਪਰੀਭਾ ਮੁਖਰਜੀ 'ਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੇ ਵਿੱਚ ਡਾਕਟਰ ਤੋਂ ਇਲਾਵਾ ਉਸ ਦੇ ਕੁਝ ਸਾਥੀ ਜ਼ਖਮੀ ਹੋ ਗਏ। ਜਦੋਂ ਡਾਕਟਰ ਪਰੀਭਾ ਮੁਖਰਜੀ ਅਤੇ ਉਸ ਦੇ ਸਾਥੀਆਂ ਵੱਲੋਂ ਇਸ ਹਮਲੇ ਦਾ ਵਿਰੋਧ ਕੀਤਾ ਗਿਆ ਤਾਂ ਹਮਲਾਵਰਾਂ ਦੇ ਵੱਲੋਂ ਡਾਕਟਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਜੇਕਰ ਆਵਾਜ਼ ਚੁੱਕੀ ਤਾਂ ਜਿਊਂਦਾ ਨਹੀਂ ਛੱਡਾਂਗੇ। ਵੇਖਿਆ ਜਾਵੇ ਤਾਂ ਇੱਕ ਡਾਕਟਰ 'ਤੇ ਚਿੱਟੇ ਦਿਨੇ ਹਮਲਾ ਹੋ ਜਾਣਾ, ਬੇਹੱਦ ਹੀ ਦੁਖਦਾਈ ਗੱਲ ਹੈ। 

ਬੁੱਧੀਜੀਵੀ ਵਰਗ ਦੀ ਮੰਨੀਏ ਤਾਂ ਸਿਆਣੇ ਲੋਕ 'ਡਾਕਟਰ ਨੂੰ ਰੱਬ ਦਾ ਰੂਪ' ਮੰਨਦੇ ਹਨ, ਕਿਉਂਕਿ ਲਾਸਟ ਸਟੇਜ 'ਤੇ ਪਏ ਬੰਦੇ ਨੂੰ ਕਈ ਵਾਰ ਡਾਕਟਰ ਅਜਿਹਾ 'ਇੰਜੈਕਸ਼ਨ' ਲਗਾਉਂਦੇ ਹਨ ਕਿ ਉਹ ਉੱਠ ਕੇ ਬੈਠ ਜਾਂਦਾ ਹੈ ਅਤੇ ਦਿਨਾਂ ਵਿੱਚ ਹੀ ਠੀਕ ਹੋ ਜਾਂਦਾ ਹੈ। ਬੁੱਧੀਜੀਵੀਆਂ ਨੇ ਕਿਹਾ ਕਿ ਦੇਸ਼ ਦੇ ਅੰਦਰ ਡਾਕਟਰਾਂ 'ਤੇ ਹੋ ਰਹੇ ਹਮਲੇ ਇਹ ਸਾਬਤ ਕਰਦੇ ਹਨ ਕਿ ਦੇਸ਼ ਦੇ ਅੰਦਰ ਪੱਤਰਕਾਰਾਂ, ਬੁੱਧੀਜੀਵੀਆਂ ਤੋਂ ਬਾਅਦ ਡਾਕਟਰ ਵੀ ਸੁਰੱਖਿਅਤ ਨਹੀਂ ਹਨ। ਕਈ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣ ਦੇ ਬਾਰੇ ਵਿੱਚ ਸੋਚਿਆ ਜਾ ਰਿਹਾ ਹੈ। 

ਉਕਤ ਮਾਪੇ ਵੀ ਹੁਣ ਬੱਚਿਆਂ ਨੂੰ ਡਾਕਟਰ ਬਣਾਉਣ ਤੋਂ ਡਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇੰਝ ਲੱਗ ਰਿਹਾ ਹੈ ਕਿ ਜਿਵੇਂ ਡਾਕਟਰ ਪਰੀਭਾ ਮੁਖਰਜੀ 'ਤੇ ਦਿਨ ਦਿਹਾੜੇ ਬਿਨਾਂ ਕਿਸੇ ਗੱਲ ਤੋਂ ਹਮਲਾ ਹੋਇਆ, ਕਿਤੇ ਉਨ੍ਹਾਂ ਦੇ ਧੀ-ਪੁੱਤ 'ਤੇ ਵੀ ਨਾ ਹਮਲਾ ਹੋ ਜਾਵੇ। ਅੱਜ ਬਹੁਤ ਸਾਰੇ ਮਾਂ ਬਾਪ ਆਪਣੇ ਬੱਚਿਆਂ ਨੂੰ ਵਿਦੇਸ਼ੀ ਪੜ੍ਹਾਈ ਕਰਵਾ ਰਹੇ ਹਨ ਅਤੇ ਉਨ੍ਹਾਂ ਨੂੰ ਵਿਦੇਸ਼ ਵਿੱਚ ਹੀ ਸੈਟਲ ਹੋਣ ਲਈ ਆਖ ਰਹੇ ਹਨ, ਕਿਉਂਕਿ ਭਾਰਤ ਦੇ ਅੰਦਰ ਪੜ੍ਹੀ ਲਿਖੀ ਜਮਾਤ ਦੇ ਆਗੂ ਬੁੱਧੀਜੀਵੀਆਂ, ਡਾਕਟਰਾਂ ਅਤੇ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਹਨ। 

ਬੀਤੇ ਕੱਲ੍ਹ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ ਅੰਦਰ ਸਮੂਹ ਡਾਕਟਰਾਂ ਦੇ ਵੱਲੋਂ ਹੜਤਾਲਾਂ ਕਰਕੇ ਸਰਕਾਰ 'ਤੇ ਕਈ ਸਵਾਲ ਚੁੱਕੇ ਗਏ, ਉੱਥੇ ਹੀ ਡਾਕਟਰ ਪਰੀਭਾ ਮੁਖਰਜੀ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਸਮੂਹ ਡਾਕਟਰ ਉਨ੍ਹਾਂ ਦੇ ਨਾਲ ਹਨ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਪ੍ਰੋਫੈਸ਼ਨਲਜ਼ ਖ਼ਿਲਾਫ਼ ਹਮਲੇ ਵਧਦੇ ਜਾ ਰਹੇ ਹਨ, ਉੱਥੇ ਦੀ ਸਰਕਾਰ ਡਾਕਟਰਾਂ 'ਤੇ ਹੀ ਦਬਾਅ ਬਣਾ ਰਹੀ ਹੈ, ਜੇਕਰ ਲੋਕਾਂ ਦਾ ਬਚਾਅ ਕਰਨ ਵਾਲੇ ਡਾਕਟਰਾਂ 'ਤੇ ਹੀ ਹਮਲੇ ਹੋਣਗੇ ਤਾਂ ਉਹ ਆਪਣੇ ਪ੍ਰੋਫੈਸ਼ਨ ਨੂੰ ਅੱਗੇ ਕਿਵੇਂ ਵਧਾ ਸਕਣਗੇ? ਦੇਸ਼ ਵਿੱਚ ਵਧਦੀ ਆਬਾਦੀ 'ਤੇ ਘੱਟ ਇਨਫਰਾਸਟਰਕਚਰ ਕਾਰਨ ਪਹਿਲੋਂ ਹੀ ਡਾਕਟਰਾਂ 'ਤੇ ਵੱਡਾ ਦਬਾਅ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।