ਫਿਰ ਪਿਆ, ਸਾਂਝੀ ਜ਼ਮੀਨ ਦੀ ਵੰਡ ਦਾ ਰੌਲਾ.!!

Last Updated: Jun 14 2019 15:37
Reading time: 0 mins, 58 secs

ਸਾਂਝੀ ਜ਼ਮੀਨ ਦੀ ਵੰਡ ਨੂੰ ਲੈ ਕੇ ਹੋਏ ਲੜਾਈ ਝਗੜੇ 'ਚ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਵਾਲਿਆਂ ਦੇ ਵਿਰੁੱਧ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦੇ ਹੋਏ ਅਮਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਫ਼ਿਜ਼ਾ ਸਿੰਘ, ਬਲਵੀਰ ਸਿੰਘ, ਬਲਤੇਜ ਸਿੰਘ, ਸੁਰਿੰਦਰ ਸਿੰਘ, ਪਰਵਿੰਦਰ ਕੌਰ ਅਤੇ ਪਰਬਤੋਂ ਆਦਿ ਦੇ ਨਾਲ ਸਾਂਝੀ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਹੈ। ਇਸੇ ਰੰਜਸ਼ ਦੇ ਚੱਲਦਿਆਂ ਉਕਤ ਲੋਕਾਂ ਨੇ ਮੁੱਦਈ 'ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ।
 
ਅਮਰ ਸਿੰਘ ਮੁਤਾਬਿਕ ਜ਼ਖਮੀ ਦੀ ਹਾਲਤ 'ਚ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਫ਼ਿਜ਼ਾ ਸਿੰਘ ਪੁੱਤਰ ਉਜਾਗਰ ਸਿੰਘ, ਬਲਵੀਰ ਸਿੰਘ ਪੁੱਤਰ ਉਜਾਗਰ ਸਿੰਘ, ਬਲਤੇਜ ਸਿੰਘ ਪੁੱਤਰ ਬਲਵੀਰ ਸਿੰਘ, ਸੁਰਿੰਦਰ ਸਿੰਘ ਪੁੱਤਰ ਫ਼ਿਜ਼ਾ ਸਿੰਘ, ਪਰਵਿੰਦਰ ਕੌਰ ਪੁੱਤਰੀ ਫ਼ਿਜ਼ਾ ਸਿੰਘ, ਪ੍ਰੀਤੋ ਪਤਨੀ ਫ਼ਿਜ਼ਾ ਸਿੰਘ ਵਾਸੀਅਨ ਗੋਬਿੰਦਗੜ੍ਹ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।