ਕੋਈ ਖਾਲਾ ਜੀ ਦਾ ਵਾੜਾ ਨਹੀਂ, ਰਾਹਗੀਰਾਂ ਲਈ ਅਮਲੋਹ ਰੋਡ ਨੂੰ ਪਾਰ ਕਰਨਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 14 2019 14:12
Reading time: 4 mins, 11 secs

ਉਂਝ ਤਾਂ ਸ਼ਹਿਰ ਦੇ ਲੋਕਾਂ ਨੂੰ ਵੱਖ-ਵੱਖ ਖੇਤਰਾਂ ਸਬੰਧੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਪਰੇਸ਼ਾਨੀਆਂ ਵੱਲ ਜ਼ਰਾ ਕੁ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰੰਤੂ, ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਅਮਲੋਹ ਰੋਡ ਦੀ ਬਣੀ ਖਸਤਾ ਹਾਲਤ ਕਾਰਨ ਇਸ ਸੜਕ ਦੇ ਆਸਪਾਸ ਬਣੀਆਂ ਰਿਹਾਇਸ਼ੀ ਕਾਲੋਨੀਆਂ 'ਚ ਰਹਿੰਦੇ ਬਾਸ਼ਿੰਦਿਆਂ ਦੀਆਂ ਪਰੇਸ਼ਾਨੀਆਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਸੜਕ ਤੇ ਬਣੇ ਟੋਇਆਂ 'ਚੋਂ ਵਾਹਨਾਂ ਦੇ ਗੁਜ਼ਰਨ ਸਮੇਂ ਟਾਇਰਾਂ ਦੇ ਦਬਾਅ ਕਾਰਨ ਉੱਛਲਦੇ ਪੱਥਰਾਂ ਦੇ ਚੱਲਦੇ ਇਲਾਕੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਹੋਰ ਵੀ ਦਿੱਕਤਾਂ ਸਹਿਣੀਆਂ ਪੈ ਰਹੀਆਂ ਹਨ। ਗੋਲੀ ਦੀ ਰਫ਼ਤਾਰ ਨਾਲ ਪੱਥਰ ਲੱਗਣ ਕਾਰਨ ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਅਤੇ ਕਈ ਕਾਰਾਂ ਦੇ ਸ਼ੀਸ਼ਿਆਂ ਦਾ ਵੀ ਨੁਕਸਾਨ ਹੋ ਚੁੱਕਾ ਹੈ। ਸੜਕ ਦੀ ਅਜਿਹੀ ਹਾਲਤ ਨੂੰ ਦੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਖਾਲਾ ਜੀ ਦਾ ਵਾੜਾ ਨਹੀਂ, ਅਮਲੋਹ ਰੋਡ ਨੂੰ ਪਾਰ ਕਰਨਾ।

ਕੀ ਹੈ ਅਮਲੋਹ ਰੋਡ ਦੀ ਹਾਲ-ਏ-ਸਥਿਤੀ

ਦੱਸ ਦੇਈਏ ਕਿ ਅਮਲੋਹ ਰੋਡ ਖੰਨਾ ਸ਼ਹਿਰ ਨੂੰ ਵਾਇਆ ਅਮਲੋਹ ਸ਼ਹਿਰ ਹੋ ਕੇ ਪਟਿਆਲਾ, ਨਾਭਾ ਅਤੇ ਭਵਾਨੀਗੜ੍ਹ ਆਦਿ ਤੋਂ ਇਲਾਵਾ ਦਰਜਨਾਂ ਪਿੰਡਾਂ ਅਤੇ ਹੋਰ ਇਲਾਕਿਆਂ ਨਾਲ ਜੋੜਦੀ ਹੈ। ਸਟੇਟ ਹਾਈਵੇ ਹੋਣ ਕਾਰਨ ਇਸ ਸੜਕ ਮਾਰਗ ਤੋਂ ਟਰੈਫ਼ਿਕ ਦਾ ਆਉਣਾ-ਜਾਣਾ ਵੀ ਜ਼ਿਆਦਾ ਬਣਿਆ ਰਹਿੰਦਾ ਹੈ। ਪ੍ਰੰਤੂ, ਇਸ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਖ਼ਰਾਬ ਹੋਈ ਪਈ ਹੈ। ਅਨੇਕਾਂ ਥਾਵਾਂ ਤੋਂ ਸੜਕ ਟੁੱਟੇ ਹੋਣ ਦੇ ਚੱਲਦੇ ਥਾਂ-ਥਾਂ ਤੇ ਟੋਏ ਬਣੇ ਹੋਏ ਹਨ। ਸ਼ਹਿਰ ਦੀ ਸਬਜ਼ੀ ਮੰਡੀ ਦੇ ਸਾਹਮਣੇ ਤੋਂ ਲੈ ਕੇ ਨਜ਼ਦੀਕੀ ਪਿੰਡ ਕਾਹਨਪੁਰਾ ਤੱਕ ਅਮਲੋਹ ਰੋਡ ਦੀ ਸਥਿਤੀ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਡੂੰਘੇ ਟੋਇਆਂ 'ਚੋਂ ਵਾਹਨ ਚਾਲਕਾਂ ਲਈ ਗੁਜ਼ਰਨਾ ਮੁਸ਼ਕਿਲ ਬਣਿਆ ਹੋਇਆ ਹੈ। ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਇਆਂ ਕਾਰਨ ਵਾਪਰਦੇ ਸੜਕ ਹਾਦਸਿਆਂ 'ਚ ਕਈ ਵਾਹਨ ਚਾਲਕ ਡਿੱਗਕੇ ਜ਼ਖਮੀ ਹੋ ਚੁੱਕੇ ਹਨ।

ਖਸਤਾ ਹਾਲਤ ਸੜਕ ਸਬੰਧੀ ਕੀ ਕਹਿਣਾ ਹੈ ਇਲਾਕਾ ਵਾਸੀਆਂ ਦਾ ?

ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਅਮਲੋਹ ਰੋਡ ਦੀ ਬਣੀ ਹੋਈ ਖਸਤਾ ਹਾਲਤ ਸਬੰਧੀ ਅਮਲੋਹ ਰੋਡ ਇਲਾਕੇ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ ਅਤੇ ਕਈ ਫੁੱਟ ਲੰਬੇ ਅਤੇ ਚੌੜੇ ਟੋਏ ਬਣੇ ਹਨ, ਜਿਸ ਕਾਰਨ ਇਸ ਸੜਕ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਰਹਿਣ ਵਾਲੇ ਜਗਮੋਹਨ ਸਿੰਘ, ਅਮਰਜੀਤ ਸਿੰਘ, ਜਗਜੀਵਨ ਸਿੰਘ, ਕੁਲਦੀਪ ਸਿੰਘ, ਪਵਨ ਕੁਮਾਰ, ਰਣਬੀਰ ਸਿੰਘ ਆਦਿ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਖੰਨਾ ਸ਼ਹਿਰ ਤੋਂ ਅਮਲੋਹ-ਨਾਭਾ ਨੂੰ ਜਾਣ ਵਾਲੀ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਨਗਰ ਕੌਂਸਲ ਦੇ ਦਫ਼ਤਰ ਤੋਂ ਲੈ ਕੇ ਨਜ਼ਦੀਕੀ ਪਿੰਡ ਕਾਹਨਪੁਰਾ ਤੱਕ ਸੜਕ ਦੀ ਹਾਲਤ ਕਾਫ਼ੀ ਖ਼ਰਾਬ ਹੈ। ਥਾਂ-ਥਾਂ ਪਏ ਟੋਇਆਂ ਦੇ ਚੱਲਦੇ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਚੁੱਕੇ ਹਨ। ਪਬਲਿਕ ਤੋਂ ਕਰੋੜਾਂ ਰੁਪਏ ਟੈਕਸ ਵਸੂਲਣ ਵਾਲੀ ਪ੍ਰਦੇਸ਼ ਸਰਕਾਰ ਅਤੇ ਪੀ.ਡਬਲਿਯੂ.ਡੀ ਵਿਭਾਗ ਦੀ ਅਣਦੇਖੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਟੋਨ ਅਟੈਕ ਕਾਰਨ ਕਈ ਦੁਕਾਨਾਂ ਦੇ ਟੁੱਟੇ ਸ਼ੀਸ਼ੇ

ਅਮਲੋਹ ਰੋਡ ਤੇ ਬਣੇ ਟੋਇਆਂ ਤੋਂ ਇਸ ਇਲਾਕੇ 'ਚੋਂ ਗੁਜ਼ਰਨ ਵਾਲੇ ਰਾਹਗੀਰ ਤਾਂ ਪਰੇਸ਼ਾਨ ਹੈ ਹੀ, ਇਸ ਦੇ ਨਾਲ ਹੀ ਇਸ ਸੜਕ ਤੇ ਬਣੀਆਂ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰ ਵੀ ਡਾਹਡੇ ਪਰੇਸ਼ਾਨ ਹਨ। ਸੜਕ ਤੇ ਬਣੇ ਡੂੰਘੇ ਟੋਇਆਂ 'ਚੋਂ ਤੇਜ਼ ਰਫ਼ਤਾਰ ਨਾਲ ਗੁਜ਼ਰਦੇ ਵਾਹਨਾਂ ਦੇ ਟਾਇਰਾਂ ਥੱਲੇ ਆ ਕੇ ਗੋਲੀ ਦੀ ਰਫ਼ਤਾਰ ਨਾਲ ਉੱਛਲਦੇ ਪੱਥਰ ਲੱਗਣ ਕਾਰਨ ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਅਤੇ ਪੱਥਰਾਂ ਕਾਰਨ ਕਈ ਲੋਕ ਵੀ ਸੱਟਾਂ ਖਾ ਬੈਠੇ ਹਨ। ਡਰੇ ਸਹਿਮੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਪਤਾ ਨਹੀਂ ਚੱਲਦਾ ਕਿ ਕਦੋਂ ਕੋਈ ਪੱਥਰ ਗੋਲੀ ਵਾਂਗ ਦੁਕਾਨਾਂ 'ਚ ਆ ਵੱਜਣ ਅਤੇ ਉਨ੍ਹਾਂ ਦਾ ਨੁਕਸਾਨ ਕਰ ਦੇਵੇ। ਬੀਤੇ ਦਿਨੀਂ ਸੰਨ ਸਿਟੀ ਕਾਲੋਨੀ 'ਚ ਰਹਿਣ ਵਾਲੇ ਇੱਕ ਵਿਅਕਤੀ ਦੀ ਕਾਰ 'ਚ ਪੱਥਰ ਲੱਗਣ ਕਾਰਨ ਪਿਛਲੀ ਖਿੜਕੀ ਦੀ ਸ਼ੀਸ਼ਾ ਟੁੱਟ ਗਿਆ ਸੀ ਅਤੇ ਕਾਰ ਅੰਦਰ ਬੈਠੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਜ਼ਖਮੀ ਹੋਣ ਤੋਂ ਵਾਲ-ਵਾਲ ਬਚਾਅ ਹੋਇਆ ਸੀ।

ਅਮਲੋਹ ਰੋਡ ਤੇ ਸਥਿਤ ਹਨ ਕਈ ਅਧਿਕਾਰੀਆਂ ਦੀਆਂ ਰਿਹਾਇਸ਼ਾਂ

ਦੱਸ ਦੇਈਏ ਕਿ ਸ਼ਹਿਰ ਦੇ ਅਮਲੋਹ ਰੋਡ ਇਲਾਕੇ ਦੀ ਖ਼ਰਾਬ ਹਾਲਤ ਸਬੰਧੀ ਲੋਕੀਂ ਭਲੀ-ਭਾਂਤੀ ਜਾਣੂ ਹਨ। ਪਰ ਇਸ ਰੋਡ ਤੇ ਰਹਿੰਦੇ ਵੱਖ-ਵੱਖ ਅਧਿਕਾਰੀ ਸੜਕ ਦੀ ਖਸਤਾ ਹਾਲਤ ਬਾਰੇ ਜਾਣੂ ਨਹੀਂ ਜਾਪਦੇ ਹਨ। ਇਸੇ ਲਈ ਤਾਂ ਟੁੱਟੀ ਸੜਕ ਦੀ ਹਾਲਤ 'ਚ ਸੁਧਾਰ ਲਿਆਉਣ ਸਬੰਧੀ ਕੋਈ ਉਚਿੱਤ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਰੋਡ ਤੇ ਸ਼ਹਿਰ ਦੀ ਨਗਰ ਕੌਂਸਲ ਦਾ ਦਫ਼ਤਰ ਹੋਣ ਦੇ ਨਾਲ ਐਸਡੀਐਮ ਅਤੇ ਕਈ ਜੱਜਾਂ ਅਤੇ ਪੁਲਿਸ ਅਧਿਕਾਰੀਆਂ ਦੀ ਸਰਕਾਰੀ ਰਿਹਾਇਸ਼ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਤੋਂ ਇਲਾਵਾ ਵੂਮੈਨ ਕਾਲਜ ਵੀ ਸਥਿਤ ਹੈ। ਸੂਬੇ 'ਚ ਨਵੀਂ ਸਰਕਾਰ ਬਣੇ ਨੂੰ ਦੋ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪ੍ਰੰਤੂ ਟੁੱਟੀਆਂ ਸੜਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਕਈ ਸਾਲ ਪਹਿਲਾਂ ਪੀਡਬਲਿਯੂਡੀ ਵਿਭਾਗ ਸਰਹਿੰਦ ਵੱਲੋਂ ਸੜਕ ਨੂੰ ਬਣਾਇਆ ਗਿਆ ਸੀ, ਪਰ ਇੱਕ-ਦੋ ਵਾਰ ਕੁਝ ਰਿਪੇਅਰ ਕੀਤੇ ਜਾਣ ਤੋਂ ਇਲਾਵਾ ਸੜਕ ਵੱਲ ਧਿਆਨ ਨਹੀਂ ਦਿੱਤਾ ਗਿਆ।

ਕੀ ਕਹਿਣਾ ਹੈ ਹਲਕਾ ਖੰਨਾ ਦੇ ਵਿਧਾਇਕ ਕੋਟਲੀ ਦਾ ?

ਅਮਲੋਹ ਰੋਡ ਦੀ ਖਸਤਾ ਹਾਲਤ ਅਤੇ ਸੜਕ 'ਚ ਪਈਆਂ ਟੋਇਆਂ ਦੇ ਕਾਰਨ ਵਾਹਨ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਪੇਸ਼ ਆਉਂਦੀਆਂ ਦਿੱਕਤਾਂ ਸਬੰਧੀ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੋਂ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੀ ਅਮਲੋਹ ਰੋਡ ਅਤੇ ਸ਼ਹਿਰ ਨਾਲ ਜੁੜਦੀਆਂ ਲਿੰਕ ਸੜਕਾਂ ਦੀ ਹਾਲਤ ਦਾ ਮਾਮਲਾ ਉਨ੍ਹਾਂ ਵੱਲੋਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਦੇ ਨੋਟਿਸ 'ਚ ਲਿਆ ਕੇ ਸੜਕ ਦੀ ਮੁਰੰਮਤ ਦੇ ਕਾਰਜ ਨੂੰ ਸ਼ੁਰੂ ਕਰਵਾਇਆ ਜਾਵੇਗਾ। ਇਲਾਕੇ ਦੇ ਕਈ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਰਿਪੇਅਰ ਦਾ ਕੰਮ ਕਰਵਾਇਆ ਜਾ ਰਿਹਾ ਹੈ।