ਕਿਤੇ, ਕਤਲ ਨੂੰ ਸੜਕ ਹਾਦਸੇ 'ਚ ਤਬਦੀਲ ਕਰਨ ਦੀ ਤਾਂ ਨਹੀਂ ਕੀਤੀ ਕੋਸ਼ਿਸ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 14 2019 12:30
Reading time: 1 min, 30 secs

ਪਟਿਆਲਾ-ਚੀਕਾ ਮਾਰਗ ਤੇ ਸਥਿਤ ਪਿੰਡ ਕੂਲੇਮਾਜ਼ਰਾ ਕੋਲ ਕੱਲ੍ਹ ਦੇਰ ਰਾਤ ਇੱਕ ਟਵੇਰਾ ਕਾਰ ਦਰਖ਼ਤ ਨਾਲ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ, ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਰਨ ਵਾਲੇ ਦੀ ਪਹਿਚਾਣ 30 ਸਾਲਾਂ ਦੇ ਧੰਨਾ ਸਿੰਘ ਜਦਕਿ ਜ਼ਖਮੀ ਹੋਏ ਨੌਜਵਾਨ ਦੀ ਪਹਿਚਾਣ ਵਿੱਕੀ ਦੇ ਤੌਰ ਤੇ ਹੋਈ ਹੈ। 

ਇਹ ਤਾਂ ਉਹ ਹੈ ਜੋ, ਸਭ ਨੂੰ ਨੰਗੀ ਅੱਖ ਨਾਲ ਨਜ਼ਰ ਆਇਆ ਪਰ, ਇਸ ਤੋਂ ਅੱਗੇ ਵੀ ਇੱਕ ਕਹਾਣੀ ਹੈ ਜਿਹੜੀ ਕਿ, ਸ਼ਾਇਦ ਹਾਲ ਦੀ ਘੜੀ ਤਾਂ ਕਿਸੇ ਨੂੰ ਨਜ਼ਰ ਨਹੀਂ ਆਈ ਪਰ, ਨਜ਼ਰ ਨਹੀਂ ਆਵੇਗੀ, ਇਹ ਗੱਲ ਵੀ ਯਕੀਨ ਨਾਲ ਨਹੀਂ ਕਹੀ ਜਾ ਸਕਦੀ। ਭਾਵੇਂਕਿ ਪੁਲਿਸ ਫ਼ਿਲਹਾਲ ਚੁੱਪ ਹੈ ਪਰ ਜੇਕਰ, ਪ੍ਰਤੱਖ ਦਰਸ਼ਕਾਂ ਦੀ ਮੰਨੀਏ ਤਾਂ, ਇਸ ਵਾਰਦਾਤ ਦਾ ਕਤਲ ਨਾਲ ਵੀ ਸਬੰਧ ਹੋ ਸਕਦਾ ਹੈ। ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਕਾਤਲਾਂ ਨੇ ਇਸ ਵਾਰਦਾਤ ਨੂੰ ਮਹਿਜ਼ ਇੱਕ ਸੜਕ ਹਾਦਸੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੋਵੇਗੀ। 

ਜੇਕਰ ਪੁਲਿਸ ਦੀਆਂ ਨਜ਼ਰਾਂ ਤੋਂ ਹਟ ਕੇ ਵੇਖੀਏ ਤਾਂ, ਹਾਦਸਾ ਗ੍ਰਸਤ ਕਾਰ ਵਿੱਚੋਂ ਲਹੂ ਨਾਲ ਭਿੱਜੇ ਹੋਏ ਦਸਤਾਨੇ ਅਤੇ ਡੰਡੇ ਵੀ ਬਰਾਮਦ ਹੋਏ ਹਨ। ਇੱਥੇ ਹੀ ਬੱਸ ਨਹੀਂ ਹਾਦਸਾ ਗ੍ਰਸਤ ਕਾਰ ਕੋਲੋਂ ਇੱਕ ਨੰਬਰ ਪਲੇਟ ਵੀ ਬਰਾਮਦ ਹੋਈ ਹੈ, ਜਿਹੜੀ ਕਿ ਕਿਸੇ ਹੋਰ ਵਾਹਨ ਦੀ ਸੀ। ਇਹੀ ਉਹ ਸਾਜੋ ਸਮਾਨ ਹੈ, ਜਿਸ ਵਿੱਚੋਂ ਕਿ ਕਤਲ ਦੀ ਬੂ ਆ ਰਹੀ ਹੈ। 

ਭਾਵੇਂਕਿ ਇਹ ਸਾਰਾ ਸਾਮਾਨ ਪੁਲਿਸ ਨੇ ਮੌਕਾ-ਏ-ਵਾਰਦਾਤ ਤੋਂ ਬਰਾਮਦ ਕਰ ਲਿਆ ਹੈ, ਪਰ ਬਾਵਜੂਦ ਇਸਦੇ ਪੁਲਿਸ ਉਕਤ ਵਾਰਦਾਤ ਨੂੰ ਹਾਲ ਦੀ ਘੜੀ ਇੱਕ ਆਮ ਸੜਕ ਹਾਦਸੇ ਦੀ ਨਜ਼ਰ ਨਾਲ ਹੀ ਵੇਖਦੀ ਹੋਈ ਨਜ਼ਰ ਆ ਰਹੀ ਹੈ, ਕੱਲ੍ਹ ਨੂੰ ਜਾਂਚ ਕਿੱਧਰ ਜਾਵੇਗੀ ਇਹ ਗੱਲ ਬਾਅਦ ਦੀ ਹੈ। ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ, ਪੁਲਿਸ ਸਾਰੇ ਮਾਮਲੇ ਦੀ ਬੜੀ ਹੀ ਬਰੀਕੀ ਨਾਲ ਜਾਂਚ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਮਾਮਲੇ ਦੀ ਸੱਚਾਈ ਸਾਹਮਣੇ ਆਉਣ ਤੇ ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।