ਬਲੂਆਣਾ ਦੇ ਵਿਧਾਇਕ ਖਿਲਾਫ਼ ਰੋਸ ਮੁਜਾਹਰਾ, ਮਨਰੇਗਾ ਮਜਦੂਰਾਂ ਨੇ ਬੀ.ਡੀ.ਓ. ਦਫਤਰ ਮੁਹਰੇ ਲਾਇਆ ਧਰਨਾ

Last Updated: Jun 13 2019 17:53
Reading time: 1 min, 12 secs

ਜ਼ਿਲ੍ਹੇ ਦੇ ਪਿੰਡ ਪੱਟੀ ਸਦੀਕ ਮਨਰੇਗਾ ਮਜਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਅੱਜ ਉਨ੍ਹਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸਹਿਯੋਗ ਤੋਂ ਬੀ.ਡੀ.ਪੀ.ਓ.-1 ਦੇ ਦਫ਼ਤਰ ਸਾਹਮਣੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਸਭਾ ਦੇ ਪ੍ਰਧਾਨ ਜੱਗਾ ਸਿੰਘ ਅਤੇ ਗੁਰਮੇਜ ਗੇਜੀ ਨੇ ਦੱਸਿਆ ਕਿ ਪਟੀ ਸਦੀਕ ਦੇ ਕਰੀਬ 250 ਵਰਕਰਾਂ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਕੰਮ ਨਹੀਂ ਦਿੱਤਾ ਜਾ ਰਿਹਾ। ਬਲੂਆਣਾ ਦੇ ਵਿਧਾਇਕ ਨੱਥੂ ਰਾਮ 'ਤੇ ਮਨਰੇਗਾ ਮਜ਼ਦੂਰ ਪਹਿਲਾਂ ਹੀ ਇਹ ਇਲਜ਼ਾਮ ਲਗਾ ਚੁੱਕੇ ਹਨ ਕਿ ਉਨ੍ਹਾਂ ਨੂੰ ਕੰਮ ਦਿਵਾਉਣ ਦੇ ਮਾਮਲੇ ਵਿੱਚ ਰੁਕਾਵਟ ਪਾ ਰਹੇ ਹਨ।

ਬੀਤੇ ਦਿਨੀਂ ਪਿੰਡ ਵਿੱਚ ਇਕੱਠੇ ਹੋਏ ਮਨਰੇਗਾ ਮਜਦੂਰਾਂ ਨੇ ਵਿਧਾਇਕ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਕਟ ਕੀਤਾ ਸੀ। ਅੱਜ ਬੀ.ਡੀ.ਪੀ.ਓ. ਦਫਤਾਰ ਮੁਹਰੇ ਇੱਕਜੁਟ ਹੋਏ ਮਨਰੇਗਾ ਮਜਦੂਰਾਂ ਨੇ ਵਿਧਾਇਕ ਨੱਥੂਰਾਮ ਖਿਲਾਫ਼ ਰੋਸ ਜਾਹਰ ਕੀਤਾ ਅਤੇ ਕਿਹਾ ਕਿ ਜਦ ਤੋਂ ਨੱਥੂ ਰਾਮ ਵਿਧਾਇਕ ਬਣੇ ਹਨ ਉਦੋਂ ਤੋਂ ਮਜ਼ਦੂਰ ਤਬਕਾ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਨੂੰ ਮਜਬੂਰ ਹਨ। ਅੱਜ ਬੀ.ਡੀ.ਪੀ.ਓ. ਦਫਤਰ ਮੁਹਰੇ ਧਰਨਾ ਲਗਾਉਂਦੇ ਹੋਏ ਮਨਰੇਗਾ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੰਮ ਨਾ ਮਿਲਣ ਕਾਰਨ ਉਨ੍ਹਾਂ ਦਾ ਗੁਜਾਰਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਮਨਰੇਗਾ ਵਰਕਰ ਕਈ ਵਾਰ ਬੀ.ਡੀ.ਪੀ.ਓ. ਦਫ਼ਤਰ ਦੇ ਚੱਕਰ ਲਗਾ ਚੁੱਕੇ ਹਨ ਪਰ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਮਜਬੂਰ ਹੋ ਕੇ ਅੱਜ ਉਨ੍ਹਾਂ ਨੂੰ ਸਭਾ ਦੇ ਸਹਿਯੋਗ ਨਾਲ ਧਰਨਾ ਲਗਾਉਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤਹਿਸੀਲਦਾਰ ਨੂੰ ਆਪਣਾ ਮੰਗ ਪੱਤਰ ਸੌਂਪਦੇ ਹੋਏ ਕੰਮ ਦਿਵਾਉਣ ਦੀ ਮੰਗ ਕੀਤੀ। ਇਸ ਮੌਕੇ 'ਤੇ ਬੋਹੜ ਸਿੰਘ, ਸਤੀਸ਼, ਜਗਦੀਸ਼, ਕੁਲਦੀਪ, ਨਰਿੰਦਰ, ਗੁਰਦੇਵ, ਬਨਵਾਰੀ, ਵੀਰਪਾਲ, ਗੁੱਡੀ ਦੇਵੀ, ਕੁਲਵੰਤ ਕੌਰ ਅਤੇ ਹੋਰ ਮਨਰੇਗਾ ਵਰਕਰ ਮੌਜੂਦ ਸਨ।