ਬੱਚਿਆਂ ਨੂੰ ਖੇਡਾਂ ਵੱਲ ਜੋੜਨਾ ਸਮੇਂ ਦੀ ਮੁੱਖ ਲੋੜ - ਡਿਪਟੀ ਕਮਿਸ਼ਨਰ ਵਿਪੁਲ ਉੱਜਵਲ

Last Updated: Jun 13 2019 15:47
Reading time: 1 min, 44 secs

ਬੱਚਿਆਂ ਨੂੰ ਖੇਡਾਂ ਵੱਲ ਜੋੜਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਤੰਦਰੁਸਤ ਦਿਮਾਗ਼, ਤੰਦਰੁਸਤ ਸ਼ਰੀਰ ਵਿੱਚ ਰਹਿੰਦਾ ਹੈ। ਇਹ ਪ੍ਰਗਟਾਵਾ ਸ਼੍ਰੀ ਵਿਪੁਲ ਉੱਜਵਲ ਡਿਪਟੀ ਕਮਿਸ਼ਨਰ ਨੇ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹੇ ਅੰਦਰ ਖੇਡਾਂ ਨੂੰ ਪ੍ਰਮੋਟ ਕਰਨ ਦੇ ਮਕਸਦ ਨਾਲ 'ਡਿਸਟ੍ਰਿਕ ਉਲੰਪਿਕਸ ਐਸੋਸੀਏਸ਼ਨ' ਦੀ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਖੇਡ ਐਸੋਸੀਏਸ਼ਨ ਜਿਵੇਂ ਕਿ ਹਾਕੀ, ਫੁੱਟਬਾਲ, ਕਬੱਡੀ, ਕ੍ਰਿਕਟ, ਬੈਡਮਿੰਟਨ, ਵਾਲੀਬਾਲ, ਜੂਡੋ ਤੇ ਜਿਮਨਾਸਟਿਕ ਆਦਿ ਨੂੰ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਜ਼ਿਲ੍ਹੇ ਅੰਦਰ ਖੇਡ ਸਰਗਰਮੀਆਂ ਵਧਾਉਣ ਦੀ ਲੋੜ ਹੈ। ਇਨ੍ਹਾਂ ਐਸੋਸੀਏਸ਼ਨਾਂ ਨੂੰ ਹੋਰ ਸਰਗਰਮ ਕਰਨ ਦੇ ਮਕਸਦ ਨਾਲ 'ਡਿਸਟ੍ਰਿਕ ਉਲੰਪਿਕਸ ਐਸੋਸੀਏਸ਼ਨ' ਨਾਲ ਜੁੜਨ ਦੀ ਜ਼ਰੂਰਤ ਹੈ ਤਾਂ ਜੋ ਜ਼ਿਲ੍ਹੇ ਅੰਦਰ ਖੇਡਾਂ ਦਾ ਵਾਤਾਵਰਨ ਸਿਰਜਿਆ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਬੱਚੇ ਆਊਟ ਡੋਰ ਖੇਡਾਂ ਤੋਂ ਦੂਰ ਹੋਕੇ ਇੰਨਡੋਰ ਖੇਡਾਂ ਵੱਲ ਆਕਰਸ਼ਿਤ ਹੋ ਰਹੇ ਹਨ। ਬੱਚਿਆਂ ਨੂੰ ਆਊਟ ਡੋਰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਭ ਤੋ ਵੱਧ ਯੋਗਦਾਨ ਸਿੱਖਿਆ ਸੰਸਥਾਵਾਂ ਪਾ ਸਕਦੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਪ੍ਰਾਇਮਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸਕੂਲਾਂ ਅੰਦਰ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਬੱਚਿਆਂ ਵਿਚਲੇ ਛੁਪੇ ਗੁਣ ਨੂੰ ਤਰਾਸ਼ਣ। ਬੱਚਿਆਂ ਦੇ ਖੇਡਣ ਲਈ ਵੱਖਰੇ ਤੋਰ 'ਤੇ ਕੈਲੰਡਰ ਤਿਆਰ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਲਗਾਤਾਰ ਖੇਡਣ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਗਦ ਇਨਾਮ ਦੇਣ ਤੋਂ ਇਲਾਵਾ ਸਰਕਾਰੀ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਅਤੇ ਨੌਜਵਾਨ ਖੇਡਾਂ ਵੱਲ ਰੁਚਿਤ ਹੋਣ 'ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕਿ ਸਮਾਜ ਨੂੰ ਸਹੀ ਸੇਧ ਦੇ ਸਮਰੱਥ ਹੋ ਸਕਦੇ ਹਨ। ਇਸ ਮੌਕੇ ਸਰਵ ਸ਼੍ਰੀ ਮਨੋਹਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਮੈਡਮ ਸੁਮਨਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲਖਵਿੰਦਰ ਸਿੰਘ ਡਿਪਟੀ ਡੀ.ਈ.ਓ (ਸ), ਬਲਬੀਰ ਸਿੰਘ ਡਿਪਟੀ ਡੀ.ਈ.ਓ (ਪ), ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਰਮੇਸ਼ ਮਹਾਜਨ ਰਾਸ਼ਟਰਪਤੀ ਐਵਾਰਡੀ, ਅਮਰਜੀਤ ਸ਼ਾਸਤਰੀ ਸੈਕਟਰੀ ਜੂਡੋ ਐਸੋਸੀਏਸ਼ਨ, ਅਮਰਜੀਤ ਸਿੰਘ ਸੰਧੂ ਸੈਕਟਰੀ ਹਾਕੀ ਐਸੋਸੀਏਸ਼ਨ, ਬ੍ਰਿਜ ਮੋਹਨ ਬਾਲੀ ਸੈਕਟਰੀ ਬਾਸਕਟਬਾਲ, ਸਰੀਤਾ ਸ਼ਰਮਾ ਡਿਪਟੀ ਡੀ.ਈ.ਓ ਖੇਡਾਂ, ਗੁਰਵੰਤ ਸਿੰਘ ਕੋਚ ਕਰਾਟੇ ਤੇ ਈ.ਓ ਅਨਿਲ ਮਹਿਲਾ ਆਦਿ ਹਾਜ਼ਰ ਸਨ।