ਫ਼ਤਿਹਵੀਰ ਮਾਮਲੇ ਵਿੱਚ ਲੱਚਰ ਰਹੀ ਭਗਵੰਤ ਮਾਨ ਦੀ ਕਾਰਗੁਜ਼ਾਰੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 14:58
Reading time: 2 mins, 9 secs

ਸਿਆਸਤ ਐਸੀ ਚੀਜ਼ ਹੈ ਜੋ ਇਸ ਵਿੱਚ ਪੈਰ ਧਰ ਲੈਂਦਾ ਹੈ ਉਹ ਚਾਹੇ ਕਿੰਨਾ ਵੀ ਆਪਣੇ ਆਪ ਨੂੰ ਸੱਚਾ ਸੁੱਚਾ ਦੱਸਦਾ ਹੋਵੇ ਪਰ ਸਿਆਸਤ ਦਾ ਪਾਹ ਉਸ ਨੂੰ ਲੱਗ ਹੀ ਜਾਂਦਾ ਹੈ। ਗੈਰ ਸਿਆਸੀ ਬੰਦੇ ਵੀ ਸਿਆਸਤ 'ਚ ਪੈਰ ਧਰਨ ਸਾਰ ਕਿਤੇ ਨਾ ਕਿਤੇ ਸਿਆਸਤ ਕਰਨ ਹੀ ਲੱਗ ਪੈਂਦੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਹਾਸ ਕਲਾਕਾਰ ਭਗਵੰਤ ਮਾਨ ਲੋਕ ਸਭਾ ਸੰਗਰੂਰ ਤੋਂ ਸਾਂਸਦ ਚੁਣੇ ਗਏ। ਸਾਂਸਦ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿਆਸਤ ਦੇ ਚਿੱਕੜ ਵਿੱਚ ਰਹਿਣ ਦੇ ਬਾਵਜੂਦ ਉਹ ਕਮਲ ਦੇ ਫੁਲ ਵਾਂਗ ਸਿਆਸਤ ਤੋਂ ਨਿਰਲੇਪ ਹਨ। ਲੋਕ ਵੀ ਇਸ ਗੱਲ ਨਾਲ ਕਿਤੇ ਨਾ ਕਿਤੇ ਸਹਿਮਤ ਰਹੇ ਇਸ ਲਈ ਲੋਕਾਂ ਨੇ ਦੁਬਾਰਾ ਫੇਰ ਭਗਵੰਤ ਮਾਨ ਨੂੰ ਸਾਂਸਦ ਚੁਣ ਲਿਆ। ਲੋਕ ਸਭਾ 2019 ਦੀਆਂ ਚੋਣਾਂ ਵਿੱਚ ਆਪਣੇ ਲਈ ਪ੍ਰਚਾਰ ਕਰਦੇ ਹੋਏ ਭਗਵੰਤ ਮਾਨ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਕਿਸੇ ਖੇਤ ਵਿੱਚ ਕਣਕ ਦੀ ਨਾੜ ਨੂੰ ਲੱਗੀ ਅੱਗ ਬੁਝਾਉਣ ਲਈ ਦਰਖ਼ਤ ਦੀਆਂ ਟਾਹਣੀਆਂ ਤੋੜ ਕੇ ਅੱਗ ਬੁਝਾਉਣ ਦਾ ਯਤਨ ਕਰ ਰਹੇ ਹਨ ਤੇ ਫਾਇਰ ਬਿਗ੍ਰੇਡ ਨੂੰ ਵੀ ਖ਼ਾਸੀ ਝਾੜ ਝੰਬ ਕਰ ਰਹੇ ਹਨ ਉੱਥੇ ਅੱਗ ਬੁਝਾਉਣ ਲਈ ਪਹੁੰਚਣ ਲਈ।

ਇਸ ਤੋਂ ਪਹਿਲਾ ਉਨ੍ਹਾਂ ਦੇ ਸਾਂਸਦ ਹੁੰਦੇ ਇੱਕ ਵੀਡੀਓ ਹੋਰ ਵਾਇਰਲ ਹੋਈ ਸੀ ਜਿਸ ਵਿੱਚ ਉਹ ਇੱਕ ਪਿੰਡ ਵਿੱਚ ਸੜਕ ਲਈ ਸਥਾਨਕ ਡੀ.ਸੀ. ਨੂੰ ਹੈਂਡ ਫ੍ਰੀ ਫ਼ੋਨ ਕਰਕੇ ਕਾਫੀ ਖਿੱਚ ਰਹੇ ਸਨ। ਮੈਂ ਇਹਨਾਂ ਘਟਨਾਵਾਂ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਹੈ ਕਿਉਂਕਿ ਮੈਂ ਭਗਵੰਤ ਮਾਨ ਅਤੇ ਲੋਕਾਂ ਨੂੰ ਇਹ ਯਾਦ ਕਰਵਾ ਸਕਾਂ ਕਿ ਵੋਟਾਂ ਤੋਂ ਪਹਿਲਾਂ ਕਣਕ ਦੀ ਨਾੜ ਨੂੰ ਲੱਗੀ ਅੱਗ ਬੁਝਾਉਣ ਵਾਲਾ ਫਿਰ ਸਾਂਸਦ ਰਹਿੰਦਿਆਂ ਡੀ.ਸੀ ਨਾਲ ਲੋਕਾਂ ਪਿੱਛੇ ਝਗੜਨ ਵਾਲਾ ਸਾਂਸਦ ਫ਼ਤਿਹਵੀਰ ਵਾਰੀ ਸਿਰਫ਼ ਪਰਿਵਾਰ ਨਾਲ ਦੁੱਖ ਵੰਡਾ ਕੇ ਚੱਲਿਆ ਗਿਆ। ਕੀ ਸੜਕ ਅਤੇ ਕਣਕ ਦੀ ਨਾੜ ਇੱਕ ਬੱਚੇ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਕੀਮਤੀ ਸੀ। ਮੈਂ ਇਹ ਨਹੀਂ ਕਹਿੰਦਾ ਕਿ ਉਨ੍ਹਾਂ ਨੂੰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ, ਉਹ ਸਾਰੇ ਕੰਮ ਕਰਨ ਪਰ ਇੱਕ ਸਵਾਲ ਬਾਰ-ਬਾਰ ਮੇਰੇ ਮੰਨ ਵਿੱਚ ਆਉਂਦਾ ਹੈ ਕਿ 6 ਦਿਨਾਂ ਦੀ ਦੇਰੀ ਹੋਣ ਕਾਰਨ ਭਗਵੰਤ ਮਾਨ ਨੇ ਕੇਂਦਰ ਸਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ? ਸੜਕਾਂ ਪਿੱਛੇ ਡੀ.ਸੀ. ਨਾਲ ਝਗੜਨ ਵਾਲਾ ਸਾਂਸਦ ਇੱਕ ਮਾਸੂਮ ਪਿੱਛੇ ਕੁਝ ਬੋਲ ਹੀ ਨਾ ਸਕਿਆ ? ਵੋਟਾਂ ਤੋਂ ਪਹਿਲਾਂ ਕਣਕ ਦੀ ਨਾੜ ਨੂੰ ਲੱਗੀ ਅੱਗ ਬੁਝਾਉਣ ਦੀ ਵੀਡੀਓ ਵਾਇਰਲ ਕਰਨ ਵਾਲਾ ਵੋਟਾਂ ਤੋਂ ਬਾਅਦ ਇੱਕ ਮਾਸੂਮ ਦੀ ਜਾਨ ਖ਼ਾਤਰ ਕੋਈ ਉਪਰਾਲਾ ਨਾ ਕਰ ਸਕਿਆ ਜਿਸ ਨਾਲ ਮਸੂਮ ਜਲਦੀ ਨਾਲ ਉਸ ਮੌਤ ਦੇ ਖੂਹ 'ਚੋਂ ਕੱਢਿਆ ਜਾ ਸਕਦਾ ? ਸਵਾਲ ਕਈ ਨੇ ਇਹਨਾਂ ਸਵਾਲ ਦੇ ਜਵਾਬ ਭਗਵੰਤ ਮਾਨ ਆਪ ਸਹੀ ਤਰੀਕੇ ਨਾਲ ਦੇ ਸਕਦਾ ਹੈ ਪਰ ਕੁੱਲ ਮਿਲਾ ਕੇ ਫ਼ਤਿਹਵੀਰ ਮਾਮਲੇ ਵਿੱਚ ਭਗਵੰਤ ਮਾਨ ਦੀ ਕਾਰਗੁਜ਼ਾਰੀ ਲੱਚਰ ਹੀ ਰਹੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।