ਆਖ਼ਰ ਅਦਾਲਤਾਂ ਦੇ ਹੁਕਮਾਂ ਦੇ ਬਾਅਦ ਹੀ ਕਿਉਂ ਜਾਗਦੀਆਂ ਹਨ, ਸਰਕਾਰਾਂ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 13:55
Reading time: 1 min, 16 secs

ਜੇਕਰ ਸਮੇਂ ਦੀਆਂ ਸਰਕਾਰਾਂ, ਆਪਣੀ ਕਰਨੀ-ਕਥਨੀ ਦੀਆਂ ਪੱਕੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਫ਼ਤਿਹ ਵੀਰ ਵੀ ਪਿੰਡ ਭਗਵਾਨਪੁਰਾ ਦੇ ਹੋਰਨਾਂ ਬੱਚਿਆਂ ਦੇ ਦਰਮਿਆਨ ਖ਼ੇਡ ਹਠਖ਼ੇਲੀਆਂ ਕਰ ਰਿਹਾ ਹੁੰਦਾ। ਸ਼ਾਇਦ ਸਰਕਾਰਾਂ ਨੇ ਅਜੇ ਵੀ ਨਹੀਂ ਸੀ ਜਾਗਣਾ ਜੇਕਰ, ਫ਼ਤਿਹ ਦੀ ਕੁਰਬਾਨੀ ਦੇ ਬਾਅਦ ਸੂਬੇ ਦੇ ਲੋਕ ਸੜਕਾਂ ਤੇ ਨਾ ਉਤਰਦੇ ਤਾਂ। 

ਦੂਜੇ ਪਾਸੇ ਫ਼ਤਿਹ ਦੀ ਜਾਨ ਚਲੀ ਜਾਣ ਦੇ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਭਾਵੇਂਕਿ ਪੰਜਾਬ ਸਰਕਾਰ ਪਹਿਲਾਂ ਹੀ ਹਰਕਤ ਵਿੱਚ ਆ ਚੁੱਕੀ ਸੀ ਪਰ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਇੱਕ ਜਨਹਿਤ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਉਕਤ ਮਾਮਲੇ ਤੇ ਪੰਜਾਬ ਸਰਕਾਰ ਦੀ ਖੁੱਲ ਕੇ ਖਿਚਾਈ ਕੀਤੀ ਹੈ। ਅਦਾਲਤ ਨੇ ਪੰਜਾਬ ਤੇ ਹਰਿਆਣਾ ਵਿਚਲੇ ਤਮਾਮ ਖੁੱਲ੍ਹੇ ਬੋਰਵੈਲ ਬੰਦ ਕਰਕੇ ਉਨ੍ਹਾਂ ਦੀ ਸਟੇਟਸ ਰਿਪੋਰਟ ਮੰਗ ਲਈ ਹੈ। 

ਕਾਬਿਲ-ਏ-ਗੌਰ ਹੈ ਕਿ, ਫ਼ਤਿਹ ਵੀਰ ਦੀ ਮੌਤ ਦੇ ਬਾਅਦ ਇੱਕ ਐਨ.ਜੀ.ਓ. ਨੇ ਸੂਬੇ ਦੇ ਖੁੱਲ੍ਹੇ ਬੋਰਵੈਲ ਬੰਦ ਕਰਵਾਉਣ ਲਈ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰ ਦਿੱਤੀ ਸੀ। ਦੂਜੇ ਪਾਸੇ ਹਾਈਕੋਰਟ ਦੀਆਂ ਸਖ਼ਤ ਹਿਦਾਇਤਾਂ ਮਿਲਣ ਦੇ ਬਾਅਦ ਪੰਜਾਬ ਸਰਕਾਰ ਨੇ ਵੀ ਸੂਬੇ ਵਿਚਲੇ ਤਮਾਮ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਵੀ ਵਾਗਾਂ ਖਿੱਚ ਲਈਆਂ ਹਨ। 

ਦੋਸਤੋ, ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ, ਸੂਬੇ ਦੀ ਅਵਾਮ ਨੇ ਫ਼ਤਿਹ ਵੀਰ ਦੀ ਮੌਤ ਲਈ ਸੰਗਰੂਰ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸਦੇ ਬਾਅਦ ਅਦਾਲਤ ਨੂੰ ਵੀ ਸਖ਼ਤ ਰੁਖ਼ ਅਪਣਾਉਣਾ ਪੈ ਗਿਆ। ਬਿਨਾਂ ਸ਼ੱਕ ਪੰਜਾਬ ਸਰਕਾਰ ਨੇ ਮਿਲੀਆਂ ਹਿਦਾਇਤਾਂ ਦੇ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ, ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ, ਆਖ਼ਰ ਅਦਾਲਤਾਂ ਦੇ ਹੁਕਮਾਂ ਦੇ ਬਾਅਦ ਹੀ ਕਿਉਂ ਜਾਗਦੀਆਂ ਹਨ, ਸਰਕਾਰਾਂ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।