ਫ਼ਤਿਹਵੀਰ ਦੀਆਂ ਕਿਲਕਾਰੀਆਂ ਦੇ ਨਾਲ ਹੀ ਬੰਦ ਹੋ ਗਿਆ ਸੰਗਰੂਰ ਸ਼ਹਿਰ ਵੀ! 

Last Updated: Jun 12 2019 19:41
Reading time: 1 min, 2 secs

ਫ਼ਤਿਹਵੀਰ ਦੀਆਂ ਕਿਲਕਾਰੀਆਂ ਬੰਦ ਹੋਣ ਦੇ ਸਦਮੇ ਵਜੋਂ ਸਮੁੱਚੇ ਸੂਬੇ ਪੰਜਾਬ ਵਿੱਚ ਰੋਸ ਤੇ ਗ਼ੁੱਸੇ ਦੀ ਲਹਿਰ ਦੋੜ ਗਈ ਹੈ। ਜਿੱਥੇ ਸਮੁੱਚੇ ਸੂਬੇ ਵਿੱਚ ਰੋਸ ਰੈਲੀਆਂ ਧਰਨੇ ਮੁਜ਼ਾਹਰੇ ਅਤੇ ਕੈਂਡਲ ਮਾਰਚ ਸ਼ੁਰੂ ਹੋ ਚੁੱਕੇ ਹਨ ਉੱਥੇ ਹੀ ਜ਼ਿਲ੍ਹਾ ਸੰਗਰੂਰ ਇਸ ਰੋਸ ਵਜੋਂ ਅੱਜ ਸਾਰਾ ਦਿਨ ਬੰਦ ਰਿਹਾ ਹੈ। ਅੱਜ ਸ਼ਾਮ ਖ਼ਬਰ ਲਿਖੇ ਜਾਣ ਤੱਕ ਸ਼ਹਿਰ ਦੀਆਂ ਸਮੁੱਚੇ ਬਜ਼ਾਰ ਤਾਂ ਬੰਦ ਹੀ ਰਹੇ ਬਲਕਿ, ਗਲੀਆਂ ਮੁਹੱਲਿਆਂ ਦੀਆਂ ਦੁਕਾਨਾਂ ਵੀ ਬੰਦ ਰਹੀਆਂ। 

ਅੱਜ ਬੰਦ ਦਾ ਮਹੌਲ ਕੁਝ ਇਸ ਤਰਾਂ ਨਜ਼ਰ ਆਇਆ ਜਿਵੇਂ ਕਿ ਸ਼ਹਿਰ ਵਿੱਚ ਕਰਫ਼ਿਊ ਲੱਗਾ ਹੋਵੇ। ਫ਼ਤਿਹਵੀਰ ਦੀ ਮੌਤ ਦੀ ਖ਼ਬਰ 'ਤੇ ਤੁਰੰਤ ਬਾਅਦ ਕੁਝ ਜਥੇਬੰਦੀਆਂ ਨੇ ਲੰਘੀ ਦੇਰ ਰਾਤ ਹੀ ਸੰਗਰੂਰ ਬੰਦ ਦੀ ਕਾਲ ਦੇ ਦਿੱਤੀ ਸੀ। ਵੈਸੇ ਤਾਂ ਅੱਜ ਸਵੇਰ ਤੋਂ ਹੀ ਤਮਾਮ ਬਜ਼ਾਰ ਬੰਦ ਨਜ਼ਰ ਆਏ, ਪਰ ਜਿਹੜੀਆਂ ਇੱਕਾ ਦੁੱਕਾ ਦੁਕਾਨਾਂ ਖੁੱਲ੍ਹੀਆਂ ਨਜ਼ਰ ਆ ਰਹੀਆਂ ਉਹ ਵੀ ਪ੍ਰਦਰਸ਼ਨਕਾਰਾਂ ਨੇ ਬੰਦ ਕਰਵਾ ਦਿੱਤੀਆਂ। 

ਦੂਜੇ ਪਾਸੇ ਕਿਸੇ ਵੀ ਸੰਭਾਵੀ ਗੜਬੜੀ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਨੇ ਵੀ ਪੂਰੇ ਬੰਦੋਬਸਤ ਕਰ ਰੱਖੇ ਸਨ ਪਰ, ਬਾਵਜੂਦ ਇਸ ਦੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਬੰਦ ਨੂੰ ਫ਼ੇਲ੍ਹ ਨਹੀਂ ਕਰ ਪਾਇਆ। ਦੱਸਿਆ ਜਾ ਰਿਹਾ ਕਿ, ਲੋਕਾਂ ਦੇ ਦਿਲਾਂ ਦੇ ਅੰਦਰ ਡਿਪਟੀ ਕਮਿਸ਼ਨਰ ਦੇ ਖ਼ਿਲਾਫ਼ ਭਾਰੀ ਗ਼ੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ, ਲੋਕਾਂ ਦਾ ਮੰਨਣਾ ਹੈ ਕਿ, ਜੇਕਰ ਡਿਪਟੀ ਕਮਿਸ਼ਨਰ ਨੇ ਮੌਕੇ ਅਨੁਸਾਰ ਸਹੀ ਫ਼ੈਸਲਾ ਲਿਆ ਹੁੰਦਾ ਤਾਂ ਸ਼ਾਇਦ ਅੱਜ ਫ਼ਤਿਹਵੀਰ ਜਿਊਂਦਾ ਹੁੰਦਾ।