ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਮੁਕਤਸਰ: ਤਿੰਨ ਦਿਨ 'ਚ 32 ਟੀਮਾਂ ਵੱਲੋਂ ਕਰੀਬ 4000 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਬੂੰਦਾਂ

Last Updated: Jun 12 2019 18:23
Reading time: 0 mins, 58 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤਹਿਤ 16 ਤੋਂ 18 ਜੂਨ ਤੱਕ ਤਿੰਨ ਦਿਨ ਵਿੱਚ 32 ਟੀਮਾਂ ਦੇ ਵੱਲੋਂ ਕਰੀਬ ਚਾਰ ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੁਖਪਾਲ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ 32 ਮੋਬਾਈਲ ਟੀਮਾਂ ਦੇ ਵੱਲੋਂ ਮਾਈਗ੍ਰੇਟਰੀ ਆਬਾਦੀ ਦੇ ਘਰ-ਘਰ, ਭੱਠਿਆਂ, ਢਾਣੀਆਂ, ਦਾਣਾ ਮੰਡੀਆਂ, ਫ਼ੈਕਟਰੀਆਂ ਆਦਿ ਵਿੱਚ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਇਸ ਕੰਮ ਲਈ ਕਰੀਬ 3956 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।

ਉਨ੍ਹਾਂ ਕਿਹਾ ਕੇ ਪੋਲੀਓ ਦੇ ਖ਼ਾਤਮੇ ਨੂੰ ਬਰਕਰਾਰ ਰੱਖਣ ਦੇ ਲਈ ਆਮ ਲੋਕਾਂ, ਮੀਡੀਆ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਾਥ ਦੀ ਭਰਪੂਰ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 2011 ਦੇ ਬਾਅਦ ਪੋਲੀਓ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਨਜ਼ਦੀਕੀ ਗਵਾਂਢੀ ਦੇਸ਼ਾਂ ਵਿੱਚ ਪੋਲੀਓ ਹਾਲੇ ਵੀ ਹੋਣ ਕਾਰਨ ਵਾਇਰਸ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਜਾਗ੍ਰਿਤੀ ਚੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਈਗ੍ਰੇਟਰੀ ਅਬਾਦੀ ਨੂੰ ਇਸ ਮੁਹਿੰਮ ਦੇ ਲਈ ਜਾਗਰੂਕ ਕਰਨ ਅਤੇ ਸੰਦੇਸ਼ ਪਹੁੰਚਾ ਕੇ ਆਪਣੇ ਬੱਚਿਆਂ ਨੂੰ ਬੂੰਦਾਂ ਪਾਉਣ ਲਈ ਪ੍ਰੇਰਿਤ ਕਰਨ।