ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਨੂੰ ਲੈਣ ਲਈ ਕਿਸਾਨਾਂ ਨੇ ਲਗਾਏ ਬਠਿੰਡਾ ਰੇਲਵੇ ਸਟੇਸ਼ਨ 'ਤੇ ਡੇਰੇ

Last Updated: Jun 12 2019 18:21
Reading time: 0 mins, 58 secs

ਹਰ ਸਾਲ ਦੀ ਤਰਾਂ ਜਿਉਂ ਹੀ ਝੋਨੇ ਦੀ ਬਿਜਾਈ ਦਾ ਸੀਜ਼ਨ ਆਉਂਦਾ ਹੈ ਤਾਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ। 13 ਜੂਨ ਤੋਂ ਸਰਕਾਰ ਦੁਆਰਾ ਝੋਨੇ ਦੀ ਲਵਾਈ ਦੀ ਮਨਜ਼ੂਰੀ ਮਿਲਣ ਨਾਲ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸ਼ੁਰੂ ਹੋ ਗਈ ਹੈ। ਝੋਨਾ ਲਵਾਉਣ ਲਈ ਕਿਸਾਨ ਵੀ ਪਰਵਾਸੀ ਮਜ਼ਦੂਰਾਂ ਨੂੰ ਭਰਮਾਉਣ ਲਈ ਰੇਲਵੇ ਸਟੇਸ਼ਨ 'ਤੇ ਹੀ ਡੇਰੇ ਲਈ ਬੈਠੇ ਹਨ। ਸਟੇਸ਼ਨ ਤੇ ਬੈਠੇ ਕਿਸਾਨ ਨੇ ਨਿਊਜ਼ ਨੰਬਰ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਮਜ਼ਦੂਰਾਂ ਦੀ ਆਮਦ ਪਹਿਲਾ ਨਾਲੋਂ ਘੱਟ ਹੈ ਤੇ ਕੱਲ੍ਹ 13  ਜੂਨ ਤੋਂ ਪੂਰੇ ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਹਰ ਕਿਸਾਨ ਇਹ ਸੋਚ ਰਿਹਾ ਹੈ ਕਿ ਸਟੇਸ਼ਨ 'ਤੇ ਜਾ ਕੇ ਹੀ ਮਜ਼ਦੂਰਾਂ ਨਾਲ ਮਜ਼ਦੂਰੀ ਦੀ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਖੇਤ ਲੈ ਜਾਣ ਤਾਂ ਜੋ ਸਮੇਂ ਸਿਰ ਝੋਨੇ ਦੀ ਬਿਜਾਈ ਸ਼ੁਰੂ ਹੋ ਸਕੇ। ਇੱਕ ਕਿਸਾਨ ਨੇ ਦੱਸਿਆ ਕਿ ਇਸ ਵਾਰ ਮਜ਼ਦੂਰ ਝੋਨੇ ਦੀ ਲਵਾਈ ਦਾ ਰੇਟ ਬਹੁਤ ਜ਼ਿਆਦਾ ਮੰਗ ਰਹੇ ਹਨ ਤੇ ਨਾਲ ਮੰਜੇ ਬਿਸਤਰੇ ਵੀ ਮੰਗ ਰਹੇ ਹਨ। ਉੱਧਰ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਝੋਨੇ ਦੀ ਲਵਾਈ ਦਾ ਰੇਟ ਬਹੁਤ ਘੱਟ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਉਹ ਹਾਲੇ ਤੱਕ ਕਿਸੇ ਨਾਲ ਕੰਮ ਕਰਨ ਨਹੀਂ ਗਏ।