ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਕਿੱਲੋ 90/-ਰੁਪਏ ਸਬਸਿਡੀ ਦਿੱਤੀ ਜਾਵੇਗੀ : ਡਾ. ਅਮਰੀਕ ਸਿੰਘ

Last Updated: Jun 12 2019 17:47
Reading time: 2 mins, 17 secs

ਬਲਾਕ ਪਠਾਨਕੋਟ ਵਿੱਚ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨ ਕਿਸਾਨਾਂ ਦੇ  ਗਠਿਤ ਕੀਤੇ ਦਾ ਪਠਾਨਕੋਟ ਕਿਸਾਨ ਉਤਪਾਦਕ ਸੰਗਠਨ ਦੀ ਵਿਸ਼ੇਸ਼ ਮੀਟਿੰਗ ਸਥਾਨਕ ਖੇਤੀਬਾੜੀ ਦਫ਼ਤਰ ਇੰਦਰਾ ਕਾਲੋਨੀ ਵਿੱਚ ਹੋਈ ਜਿਸ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਅਤੇ ਦਵਿੰਦਰ ਕੁਮਾਰ ਡੇਅਰੀ ਇੰਸਪੈਕਟਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਵ ਕੁਮਾਰ ਪ੍ਰਧਾਨ ਦਾ ਪਠਾਨਕੋਟ ਕਿਸਾਨ ਉਤਪਾਦਕ ਭਲਾਈ ਸੰਗਠਨ ,ਸਾਕਸ਼ੀ ਖੇਤੀ ਉਪ ਨਿਰੀਖਕ,ਧਰਮਿੰਦਰ ਸਿੰਘ ਸਕੱਤਰ,ਰਿਤੂ ਸਿੰਘ ਵਿੱਤ ਸਕੱਤਰ ,ਸੰਜੇ ਸਿੰਘ ,ਰਾਜੇਸ਼ ਕੁਮਾਰ,ਸਤਵਿੰਦਰ ਸਿੰਘ ਸਮਾਜ ਸੇਵਕ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਸਰਕਾਰ ਨੇ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਬਲਾਕ ਪਠਾਨਕੋਟ ਵਿੱਚ ਝੋਨੇ ਹੇਠੋਂ 3000 ਹੈਕਟੇਅਰ ਰਕਬਾ ਕੱਢ ਕੇ ਮੱਕੀ ਦੀ ਫ਼ਸਲ ਹੇਠ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਦੇ ਬੀਜ ਉੱਪਰ ਪ੍ਰਤੀ ਕਿੱਲੋ 90/- ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਬਸਿਡੀ ਵਿਭਾਗ ਵੱਲੋਂ ਸਿਫ਼ਾਰਸ਼ ਹਾਈਬ੍ਰਿਡ ਕਿਸਮਾਂ ਤੇ ਹੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਨਿੱਜੀ ਮੱਕੀ ਦੇ ਬੀਜ ਦੇ ਵਿਕ੍ਰੇਤਾ ਤੋਂ ਬੀਜ ਖ਼ਰੀਦ ਉਪਰੰਤ ਬਿੱਲ ਸਬੰਧਿਤ ਖੇਤੀਬਾੜੀ ਦਫ਼ਤਰ ਵਿੱਚ ਜਮਾਂ ਕਰਵਾਏਗਾ ਅਤੇ ਸਬਸਿਡੀ ਦੀ ਰਕਮ ਲਾਭਪਾਤਰੀ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਰਕਬੇ ਵਿੱਚ ਬੀਜੀ ਮੱਕੀ ਦੇ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਚਾਲੂ ਸਾਉਣੀ ਦੌਰਾਨ ਬਲਾਕ ਪਠਾਨਕੋਟ ਵਿੱਚ 50 ਏਕੜ ਰਕਬੇ ਵਿੱਚ ਮੱਕੀ ਦੀ ਫ਼ਸਲ ਵਿੱਚ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਦੇ ਹੋਏ ਪ੍ਰਦਰਸ਼ਨੀਆਂ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਏਕੜ ਰਕਬੇ ਵਿੱਚ ਤੁਪਕਾ ਸਿੰਚਾਈ ਵਿਧੀ ਲਗਾਉਣ ਤੇ ਕੁੱਲ 1 ਲੱਖ 35 ਹਜ਼ਾਰ ਖਰਚਾ ਆਉਣ ਦੀ ਸੰਭਾਵਨਾ ਹੈ ਪਰ ਕਿਸਾਨ ਵੱਲੋਂ ਸਿਰਫ਼ 10000/-ਰੁਪਏ ਪ੍ਰਤੀ ਏਕੜ ਹੀ ਖ਼ਰਚੇ ਜਾਣੇ ਹਨ, ਬਾਕੀ ਦਾ ਖਰਚਾ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਹੋਂਦ ਨੂੰ ਦਰਸਾਉਂਦੇ ਨਕਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ। ਦਵਿੰਦਰ ਕੁਮਾਰ ਡੇਅਰੀ ਇੰਸਪੈਕਟਰ ਨੇ ਦੱਸਿਆ ਕਿ ਮਿਤੀ 1 ਜੁਲਾਈ ਤੋਂ 15 ਰੋਜ਼ਾ ਪਸ਼ੂ ਪਾਲਕ ਉੱਦਮੀਆਂ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਵਿਸ਼ੇਸ਼ ਡੇਅਰੀ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਸ਼ੂ ਪਾਲਣ ਦੇ ਧੰਦੇ ਤੋਂ ਵਧੇਰੇ ਆਮਦਨ ਲਈ ਉੱਤਮ ਕਿਸਮ ਦੀਆ ਨਸਲਾਂ ਦੇ ਪਸ਼ੂ ਪਾਲਣੇ ਚਾਹੀਦੇ ਹਨ। ਪ੍ਰਧਾਨ ਗੌਰਵ ਕੁਮਾਰ ਨੇ ਕਿਹਾ ਕਿ ਸੰਗਠਨ ਦੇ ਮੈਂਬਰਾਂ ਵੱਲੋਂ ਜੈਵਿਕ ਤਰੀਕੇ ਵਰਤਦਿਆਂ ਗਰਮੀ ਰੁੱਤ ਦੇ ਮਾਂਹ ਅਤੇ ਮੂੰਗੀ ਪੈਦਾ ਕੀਤੀ ਗਈ ਹੈ ਜਿਸ ਨੂੰ ਖਪਤਕਾਰਾਂ ਨੂੰ ਸਿੱਧਿਆਂ ਵੇਚਿਆ ਜਾਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਜੀ ਤੋਂ ਮੰਗ ਕੀਤੀ ਕਿ ਸੰਗਠਨ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖੇਤੀ ਜਿਨਸਾਂ,ਸਬਜ਼ੀਆਂ,ਫ਼ਲ ਸਿੱਧਿਆਂ ਵੇਚਣ ਲਈ ਇੱਕ ਬੂਥ ਅਲਾਟ ਕੀਤਾ ਜਾਵੇ ਤਾਂ ਜੋ ਖੇਤੀ ਜਿਨਸਾਂ ਵੇਚਣ ਸਮੇਂ ਆੜ੍ਹਤੀਆ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਤੋਂ ਬਚਿਆ ਜਾ ਸਕੇ ਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।