ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਨੇ ਕੀਤੀ ਪਾਵਰਕਾਮ ਦੇ ਐੱਸ. ਈ ਨਾਲ ਮੀਟਿੰਗ

Last Updated: Jun 12 2019 17:14
Reading time: 1 min, 40 secs

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹੇ ਦੇ ਪੰਜ ਜ਼ੋਨਾਂ ਦੇ ਪ੍ਰਧਾਨ ਰਣਬੀਰ ਸਿੰਘ ਠੱਠਾ ਜੋਨ ਜ਼ੀਰਾ, ਸਾਹਿਬ ਸਿੰਘ ਮੱਲਾਂਵਾਲਾ, ਇੰਦਰਜੀਤ ਸਿੰਘ ਕੱਲੀ ਮੱਖੂ, ਨਗਿੰਦਰਪਾਲ ਜੁਤਾਲਾ ਮਮਦੋਟ ਅਤੇ ਧਰਮ ਸਿੰਘ ਸਿੱਧੂ ਗੁਰੂਹਰਸਹਾਏ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੇ ਵਫ਼ਦ ਨੇ ਪਾਵਰਕਾਮ ਦੇ ਸਰਕਲ ਇੰਜੀਨੀਅਰ ਫ਼ਿਰੋਜ਼ਪੁਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਬਿਜਲੀ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਮੁੱਦਾ ਬੜੀ ਗੰਭੀਰਤਾ ਨਾਲ ਐੱਸ ਈ ਅਸ਼ੋਕ ਸਾਹਮਣੇ ਉਠਾਇਆ। 

ਜਿਸ ਵਿੱਚ ਕਿਸੇ ਵੀ ਫੀਡਰ ਵਿੱਚ ਫਾਲਟ ਪੈਣ ਉਪਰੰਤ ਬਰੇਕ ਡਾਊਨ ਦਾ ਬਕਾਇਆ, ਸੜੇ ਹੋਏ ਟਰਾਂਸਫਾਰਮਾਂ ਨੂੰ ਤੁਰੰਤ ਬਦਲਣ, ਤੇਲ ਚੋਰੀ ਹੋਏ ਟਰਾਂਸਫ਼ਾਰਮਰ ਨੂੰ ਬਦਲਣ, ਢਿੱਲੀਆਂ ਬਿਜਲੀ ਦੀਆਂ ਤਾਰਾਂ, ਅੱਠ ਘੰਟੇ ਖੇਤਾਂ ਵਾਲੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਾ ਅਤੇ ਬਿਜਲੀ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਤੁਰੰਤ ਬੰਦ ਕਰਨ ਸਮੇਤ ਹੋਰ ਮਸਲੇ ਵੀ ਉਠਾਏ। ਮੀਟਿੰਗ ਦੌਰਾਨ ਜ਼ੀਰਾ, ਫ਼ਿਰੋਜ਼ਪੁਰ ਸਮੇਤ ਸਾਰੀਆਂ ਡਵੀਜ਼ਨਾਂ ਦੇ ਐਕਸਈਨਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ, ਜਿਸ ਵਿੱਚ ਐੱਮ.ਐੱਸ ਮਠਾੜੂ, ਸਤਪਾਲ ਸਿੰਘ ਖੋਸਾ ਤੇ ਮਨਜੀਤ ਸਿੰਘ ਹਾਜ਼ਰ ਸਨ। 

ਸਰਕਲ ਇੰਜੀਨੀਅਰ ਵੱਲੋਂ ਕਿਸਾਨਾਂ ਦੇ ਵਫ਼ਦ ਨੂੰ ਪੂਰਨ ਭਰੋਸਾ ਦਿੰਦਿਆਂ ਕਿਹਾ ਕਿ ਬਰੇਕ ਡਾਊਨ ਦੌਰਾਨ ਕਿਸੇ ਵੀ ਗਰਿੱਡ ਦਾ ਬਿਜਲੀ ਬਕਾਇਆ ਅਗਲੇ ਦਿਨ ਪੂਰਾ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਾਨ ਦੇ ਖੇਤ ਵਿੱਚ ਲੱਗੇ ਟਰਾਂਸਫ਼ਾਰਮਰ ਵਿੱਚੋਂ ਤੇਲ ਚੋਰੀ ਹੁੰਦਾ ਹੈ ਤਾਂ ਸਬੰਧਿਤ ਜੇ. ਈ ਪੁਲਿਸ ਨੂੰ ਰਿਪੋਰਟ ਕਰੇਗਾ ਅਤੇ ਸੜੇ ਹੋਏ ਟਰਾਂਸਫ਼ਾਰਮਰ ਵਾਂਗ ਹੀ ਉਸ ਨੂੰ ਤੁਰੰਤ ਬਦਲਿਆ ਜਾਵੇਗਾ, ਸੜੇ ਹੋਏ ਟਰਾਂਸਫ਼ਾਰਮਰ ਨੂੰ ਲੈ ਕੇ ਆਉਣ ਅਤੇ ਜਾਣ ਦੀ ਜ਼ਿੰਮੇਵਾਰੀ ਬਿਜਲੀ ਵਿਭਾਗ ਦੀ ਹੋਵੇਗੀ ਅਤੇ ਉਸ ਦੀ ਢੋਆ ਢੁਆਈ ਵੀ ਵਿਭਾਗ ਦੀਆਂ ਗੱਡੀਆਂ ਹੀ ਕਰਨਗੀਆਂ। 

ਉਨ੍ਹਾਂ ਨੇ ਕਿਹਾ ਕਿ ਬਿਜਲੀ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਕਿਸਾਨਾਂ ਤੋਂ ਰਿਸ਼ਵਤ ਲੈਂਦਾ ਹੈ ਤਾਂ ਉੱਚ ਅਧਿਕਾਰੀਆਂ ਦੇ ਤੁਰੰਤ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਮੌਕੇ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੌਕੇ ਅਧਿਕਾਰੀ ਨੇ; ਡਵੀਜ਼ਨਾਂ ਦੇ ਐਕਸੀਨਾਂ ਨੂੰ ਵੀ ਕਿਹਾ ਕਿ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਵੱਲ ਧਿਆਨ ਦੇ ਕੇ ਤੁਰੰਤ ਹੱਲ ਕਰਨ ਤਾਂ ਜੋ ਝੋਨੇ ਦੇ ਸੀਜਨ ਦੌਰਾਨ ਕਿਸੇ ਕਿਸਾਨ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਗੁਰਦਿਆਲ ਸਿੰਘ, ਰੰਗਾ ਸਿੰਘ, ਮੰਗਲ ਸਿੰਘ, ਹਰਫੂਲ ਸਿੰਘ, ਮਲਕੀਤ ਸਿੰਘ, ਫੁੱਮਣ ਸਿੰਘ, ਗੁਰਬਖਸ਼ ਸਿੰਘ, ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ।