7 ਲੱਖ ਵਸੂਲਿਆ ਬਿਆਨੇ ਵਜੋਂ, ਤੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਵੇਲੇ ਮੁੱਕਰ ਗਿਆ...

Last Updated: Jun 12 2019 14:47
Reading time: 1 min, 5 secs

ਕੋਟ ਕਰੋੜ ਕਲਾਂ ਦੇ ਇੱਕ ਕਿਸਾਨ ਕੋਲੋਂ ਤਿੰਨ ਜਣਿਆਂ ਦੇ ਵੱਲੋਂ 7 ਲੱਖ ਰੁਪਏ ਬਿਆਨਾ ਵਸੂਲਣ ਤੋਂ ਬਾਅਦ ਦੋ ਏਕੜ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਧੋਖਾਧੜੀ ਕੀਤੀ ਗਈ ਹੈ। ਇਸ ਸਬੰਧ ਵਿੱਚ ਪੁਲਿਸ ਥਾਣਾ ਤਲਵੰਡੀ ਭਾਈ ਦੇ ਵੱਲੋਂ ਉਕਤ ਤਿੰਨਾਂ ਜਣਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਟ ਕਰੋੜ ਕਲਾਂ ਨੇ ਪੁਲਿਸ ਥਾਣਾ ਤਲਵੰਡੀ ਭਾਈ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਨੇ ਸੁਖਵਿੰਦਰ ਕੌਰ, ਜਸਵਿੰਦਰ ਸਿੰਘ ਅਤੇ ਲਵਜੀਤ ਸਿੰਘ ਕੋਲੋਂ 2 ਏਕੜ ਜ਼ਮੀਨ 11 ਲੱਖ 22 ਹਜ਼ਾਰ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖ਼ਰੀਦ ਕੀਤੀ ਸੀ। 

ਬਲਕਾਰ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਲੋਕਾਂ ਨੂੰ ਮੁੱਦਈ ਨੇ 7 ਲੱਖ ਰੁਪਏ ਬਤੌਰ ਬਿਆਨਾ ਦਿੱਤਾ ਸੀ, ਜਦੋਂਕਿ ਉਕਤ ਲੋਕਾਂ ਨੇ ਮੁੱਦਈ ਕੋਲੋਂ ਪੈਸੇ ਤਾਂ ਲੈ ਲਏ, ਪਰ ਪਿਛਲੇ ਕਈ ਮਹੀਨਿਆਂ ਤੋਂ ਉਕਤ ਲੋਕਾਂ ਨੇ ਦੋ ਏਕੜ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ। ਇਸੇ ਤਰ੍ਹਾਂ ਕਰਕੇ ਮੁੱਦਈ ਦੇ ਨਾਲ ਉਕਤ ਲੋਕਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਕਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ, ਲਵਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀਅਨ ਕੋਟ ਕਰੋੜ ਕਲਾਂ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।