ਪਾਕਿਸਤਾਨੋਂ ਲਿਆਂਦੀ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਫੜੇ ਗਏ ਸਮਗਲਰ

Last Updated: Jun 12 2019 12:39
Reading time: 1 min, 46 secs

ਡੀਜੀਪੀ ਇੰਟੈਲੀਜੈਂਸ ਪੰਜਾਬ ਵੀਕੇ ਭਵਰਾ ਅਤੇ ਆਈਜੀਪੀ ਕਾਊਂਟਰ ਪੰਜਾਬ ਅਮਿੱਤ ਪ੍ਰਸਾਦ ਵਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ ਜਦੋਂ ਆਈਜੀ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਅਜੇ ਮਲੂਜਾ ਅਤੇ ਉਪ ਕਪਤਾਨ ਪੁਲਿਸ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਸੁਖਦੇਵ ਸਿੰਘ ਦੀ ਟੀਮ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਦੋ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ, ਜਦੋਂਕਿ ਇੱਕ ਸਮਗਲਰ ਪੁਲਿਸ 'ਤੇ ਹਮਲਾ ਕਰਕੇ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦੇ ਹੋਏ ਆਈਜੀ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਅਜੇ ਮਲੂਜਾ ਅਤੇ ਉਪ ਕਪਤਾਨ ਪੁਲਿਸ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਟੀਮ ਸਮੇਤ ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ 'ਤੇ ਮੌਜੂਦ ਸਨ ਤਾਂ ਉਨ੍ਹਾਂ ਦੀ ਟੀਮ ਵਲੋਂ ਸ਼ੱਕ ਦੇ ਤਹਿਤ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ। 

ਪੁਲਿਸ ਅਧਿਕਾਰੀਆਂ ਮੁਤਾਬਿਕ ਉਕਤ ਵਿਅਕਤੀਆਂ ਨੇ ਕਾਰ ਭਜਾ ਲਈ, ਜਿਸ ਦਾ ਪੁਲਿਸ ਪਾਰਟੀ ਨੇ ਪਿੱਛਾ ਕੀਤਾ, ਪਰ ਥੋੜ੍ਹੀ ਦੂਰੀ 'ਤੇ ਕਾਰ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ, ਪਰ ਇੱਕ ਵਿਅਕਤੀ ਨੇ ਪੁਲਿਸ ਕਬਜ਼ੇ ਵਿੱਚੋਂ ਆਪਣਾ ਹੱਥ ਛੁਡਾ ਕੇ ਮੁਲਾਜ਼ਮ ਅਮਰਦੀਪ ਸਿੰਘ 'ਤੇ ਇੱਟ ਨਾਲ ਹਮਲਾ ਕਰ ਦਿੱਤਾ ਅਤੇ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। ਅਧਿਕਾਰੀਆਂ ਮੁਤਾਬਿਕ ਜਦੋਂ ਫੜੇ ਗਏ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਕਲਾਕਾਰ ਵਾਸੀ ਅਲਫੂ ਕੇ ਥਾਣਾ ਲੱਖੋ ਕੇ ਬਹਿਰਾਮ ਜ਼ਿਲ੍ਹਾ ਫ਼ਿਰੋਜ਼ਪੁਰ, ਲਖਬੀਰ ਸਿੰਘ ਪੁੱਤਰ ਤਾਰਾ ਸਿੰਘ ਵਜੋਂ ਹੋਈ ਹੈ, ਜਦੋਂਕਿ ਫ਼ਰਾਰ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀਅਨ ਗੰਧੂ ਕਿਲਚਾ ਉਤਾੜ ਨਾਗਰ ਵਾਲੇ ਝੁੱਗੇ ਥਾਣਾ ਮਮਦੋਟ ਵਜੋਂ ਕੀਤੀ ਗਈ ਹੈ। 

ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਫੜੇ ਗਏ ਸਮਗਲਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨੇ ਕਿ ਉਨ੍ਹਾਂ ਨੇ ਇਹ ਹੈਰੋਇਨ ਦੀ ਇਹ ਖੇਪ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਸਰਹੱਦੀ ਸੁਰੱਖਿਆ ਬਲ ਦੀ ਚੌਂਕੀ ਡੀਟੀ ਮੱਲ ਦੇ ਏਰੀਏ ਵਿੱਚੋਂ ਟਰੈਕਟਰ ਦੇ ਗੇਅਰ ਬੋਕਸ ਵਿੱਚ ਲੁਕਾ ਛੁਪਾ ਕੇ ਭਾਰਤ ਲਿਆਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਸਮਗਲਰ ਮੰਨੇ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਸਪਲਾਈ ਦਾ ਕਾਰੋਬਾਰ ਕਰਦੇ ਆ ਰਹੇ ਸੀ ਅਤੇ ਇਹ ਹੈਰੋਇਨ ਵੀ ਉਨ੍ਹਾਂ ਦੇ ਵਲੋਂ ਅੱਗੇ ਨੌਜਵਾਨਾਂ ਨੂੰ ਸਪਲਾਈ ਕੀਤੀ ਜਾਣੀ ਸੀ। ਅਧਿਕਾਰੀਆਂ ਮੁਤਾਬਿਕ ਫ਼ਰਾਰ ਹੋਏ ਵਿਅਕਤੀ ਦੀ ਗ੍ਰਿਫ਼ਤਾਰੀ ਦੇ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਫੜ ਲਿਆ ਜਾਵੇਗਾ।