ਫੂਡ ਸੇਫ਼ਟੀ ਵਿਭਾਗ ਨੇ ਕੱਸਿਆ ਸ਼ਿਕੰਜਾ, ਕੀਤੀ ਚੈਕਿੰਗ

Last Updated: Jun 12 2019 12:17
Reading time: 1 min, 21 secs

ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਅਧੀਨ ਮਾਨਯੋਗ ਕਮਿਸ਼ਨਰ ਫੂਡ ਸੇਫ਼ਟੀ ਸ. ਕਾਹਨ ਸਿੰਘ ਪੰਨੂੰ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਅਤੇ ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫੂਡ ਸੇਫ਼ਟੀ ਵਿੰਗ ਪਠਾਨਕੋਟ ਵੱਲੋਂ  ਸ਼ਹਿਰੀ ਖੇਤਰ ਪਠਾਨਕੋਟ ਵਿੱਚ ਚੱਲ ਰਹੇ ਗੋਲਡ ਜਿੰਮ, ਟਰੂ ਜਿੰਮ, ਮਸਲ ਹੈਡ ਜਿੰਮ ਅਤੇ ਸਰੇਡ ਫੋਰਸ ਜਿੰਮ ਦੀ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਨੇ ਦੱਸਿਆ ਕਿ ਉਪਰੋਕਤ ਜਿੰਮਾਂ ਵਿੱਚ ਨੌਜਵਾਨਾਂ ਨੂੰ ਸੋਇਆ ਮਿਲਕ ਅਤੇ ਪ੍ਰੋਟੀਨ ਸੇਕ ਬਾਰ ਆਦਿ ਦਿੱਤਾ ਜਾਂਦਾ ਹੈ। ਚੈਕਿੰਗ ਦੌਰਾਨ ਗੋਲਡ ਜਿੰਮ ਤੋਂ ਟੀਮ ਵੱਲੋਂ ਸੋਇਆ ਮਿਲਕ ਦਾ ਸੈਂਪਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਟਰੂ ਜਿੰਮ ਦੀ ਚੈਕਿੰਗ ਦੌਰਾਨ ਧਿਆਨ ਵਿੱਚ ਆਇਆ ਕਿ ਨੌਜਵਾਨਾਂ ਨੂੰ ਫੂਡ ਸਪਲੀਮੈਂਟਸ ਵੀ ਵੇਚੇ ਜਾਂਦੇ ਹਨ, ਜਿੱਥੋਂ ਪ੍ਰੋਟੀਨ ਦਾ ਸੈਂਪਲ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਉਪਰੋਕਤ ਦੋਨੋਂ ਜਿੰਮਾਂ ਦੀ ਫੂਡ ਸੇਫ਼ਟੀ ਲਾਇਸੈਂਸ/ਰਜਿਸਟ੍ਰੇਸ਼ਨ ਨਹੀਂ ਹੋਈ ਹੈ ਜਿਸ ਲਈ ਉਨ੍ਹਾਂ ਨੂੰ ਆਉਣ ਵਾਲੇ ਦੋ ਦਿਨਾਂ ਦੇ ਅੰਦਰ-ਅੰਦਰ ਰਜਿਸਟ੍ਰੇਸ਼ਨ ਕਰਵਾਉਣ ਆਦਿ ਲਈ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਸਲ ਹੈਡ ਜਿੰਮ ਅਤੇ ਸਰੇਡ ਫੋਰਸ ਜਿੰਮ ਜੋਕਿ ਸ਼ੈਲੀ ਰੋਡ ਤੇ ਸਥਿਤ ਹਨ ਵਿਖੇ ਕਿਸੇ ਕਿਸਮ ਦਾ ਕੋਈ ਫੂਡ ਸਪਲੀਮੈਂਟ ਜਿੰਮ ਵਿੱਚ ਨਹੀਂ ਵੇਚਿਆ ਜਾ ਰਿਹਾ। ਇਸ ਤੋਂ ਇਲਾਵਾ ਪਠਾਨਕੋਟ ਦੇ ਸ਼ਹਿਰੀ ਖੇਤਰ ਅੰਦਰ ਦੁੱਧ ਵੇਚਣ ਆਉਣ ਵਾਲੇ ਲੋਕਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਵੱਲੋਂ ਵੇਚੇ ਜਾ ਰਹੇ ਦੁੱਧ ਪਦਾਰਥਾਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ 2 ਦੁੱਧ, 1 ਪਨੀਰ ਅਤੇ 1 ਲੱਡੂ ਦੇ ਸੈਂਪਲ ਭਰੇ ਗਏ। ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਕਾਰਵਾਈ ਦੌਰਾਨ ਸੀਲ ਕੀਤੇ ਗਏ ਸਾਰੇ ਸੈਂਪਲਾਂ ਨੂੰ ਫੂਡ ਲਬਾਰਟਰੀ ਖਰੜ ਵਿਖੇ ਟੈਸਟ ਕਰਨ ਦੇ ਲਈ ਭੇਜ ਦਿੱਤਾ ਗਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।