ਡੇਂਗੂ ਖ਼ਿਲਾਫ਼ ਮੁਹਿੰਮ ਤੇਜ਼, ਲੱਗਦੈ ਇਸ ਵਾਰ ਨਹੀਂ ਆਉਣਗੇ ਡੇਂਗੂ ਦੇ ਕੇਸ ਸਾਹਮਣੇ

Last Updated: Jun 11 2019 18:38
Reading time: 1 min, 9 secs

ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਫ਼ਿਰੋਜ਼ਪੁਰ ਦੀ ਟੀਮ ਵੱਲੋਂ ਡੇਂਗੂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਐਸਐਮਓ ਨੇ ਦੱਸਿਆ ਕਿ ਡੇਂਗੂ ਦੇ ਕੇਸਾਂ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਵੱਲੋਂ ਸ਼ਨਾਖ਼ਤ ਕੀਤੇ ਏਰੀਏ ਵਿੱਚ ਜਿਨ੍ਹਾਂ ਵਿੱਚ ਡੇਂਗੂ ਦੇ ਕੇਸ ਨਿਕਲਦੇ ਹਨ, ਉਨ੍ਹਾਂ ਵਿੱਚ ਇਨਸੈਕਟੀਸਾਈਡ ਅਤੇ ਲਾਰਵੀਸਾਈਡ ਦੀ ਸਪਰੇਅ ਕਰਵਾਈ ਜਾਂਦੀ ਹੈ। 

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਜਿਹੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ ਅਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਜਿਸ ਨਾਲ ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਆਪ ਨੂੰ ਆਪਣੇ ਘਰ ਵਿੱਚ ਜਾਂ ਆਲੇ-ਦੁਆਲੇ ਕੋਈ ਡੇਂਗੂ ਦਾ ਸ਼ੱਕੀ ਮਰੀਜ਼ ਲਗਦਾ ਹੈ ਤਾਂ ਉਸ ਦਾ ਚੈਕਅੱਪ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਕਰਵਾਇਆ ਜਾਵੇ। ਡੇਂਗੂ ਦਾ ਟੈਸਟ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੈਮੀਨਾਰ ਅਤੇ ਵਰਕਸ਼ਾਪ ਕਰਵਾ ਕੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਘਰਾਂ ਦੇ ਕੂਲਰਾਂ ਅਤੇ ਟੈਂਕੀਆਂ ਦਾ ਪਾਣੀ ਹਫ਼ਤੇ ਵਿੱਚ 1 ਵਾਰ ਬਦਲਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਪੂਰੀਆਂ ਬਾਵ੍ਹਾਂ ਵਾਲੇ ਕੱਪੜੇ ਪਾਓ, ਰਾਤ ਨੂੰ ਮੱਛਰ ਭਜਾਉਣ ਵਾਲੀਆਂ ਵਸਤੂਆਂ ਅਤੇ ਕਰੀਮਾਂ ਦੀ ਵਰਤੋਂ ਕਰੋ ਤਾਂ ਜੋ ਡੇਂਗੂ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।