ਫ਼ਤਿਹਵੀਰ ਦੀ ਮੌਤ ਤੋਂ ਭੜਕੇ ਲੋਕਾਂ ਨੇ ਸਰਕਾਰ ਖ਼ਿਲਾਫ਼ ਕੱਢਿਆ ਰੋਸ ਮਾਰਚ

Last Updated: Jun 11 2019 18:22
Reading time: 1 min, 18 secs

ਜ਼ਿਲ੍ਹਾ ਸੁਨਾਮ ਦੇ ਪਿੰਡ ਭਗਵਾਨਪੁਰਾ 'ਚ ਕਰੀਬ ਛੇ ਦਿਨ ਪਹਿਲਾਂ ਬੋਰਵੈਲ 'ਚ ਡਿੱਗੇ ਫ਼ਤਿਹਵੀਰ ਦੀ ਮੌਤ ਦੀ ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਗ਼ੁੱਸਾ ਸੜਕਾਂ 'ਤੇ ਉਤਰ ਕੇ ਕੱਢਿਆ ਜਾ ਰਿਹਾ ਹੈ। ਜਿਸ ਤਹਿਤ ਹੀ ਨੌਜਵਾਨ ਆਗੂ ਸਾਹਿਬ ਸਿੰਘ ਰੋਸ਼ਾ ਦੀ ਅਗਵਾਈ ਵਿੱਚ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਨੌਜਵਾਨਾਂ ਦਾ ਇਹ ਕਾਫ਼ਲਾ ਜੀ.ਟੀ.ਬੀ ਮਾਰਕੀਟ ਖੰਨਾ ਤੋਂ ਸ਼ੁਰੂ ਹੋ ਕੇ ਅਮਲੋਹ ਚੋਕ, ਬੱਸ ਅੱਡਾ, ਲਲਹੇੜੀ ਚੋਕ, ਜਰਗ ਚੌਂਕ ਤੋਂ ਸਮਰਾਲਾ ਚੌਂਕ ਹੁੰਦਾ ਹੋਇਆ ਜੀ.ਟੀ ਰੋਡ ਰਾਹੀਂ ਵਾਪਸ ਜੀ.ਟੀ.ਬੀ ਮਾਰਕਿਟ ਵਿਖੇ ਪਹੁੰਚ ਕੇ ਸਮਾਪਤ ਹੋਇਆ।

ਰੋਸ ਮਾਰਚ ਦੌਰਾਨ ਸਾਹਿਬ ਸਿੰਘ ਰੋਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਫ਼ਤਿਹਵੀਰ ਦੀ ਜਾਨ ਗਈ ਹੈ। ਜੇਕਰ ਪ੍ਰਸ਼ਾਸਨ ਅਤੇ ਸਰਕਾਰ ਫ਼ਤਿਹਵੀਰ ਦੇ ਬੋਰਵੈਲ 'ਚ ਡਿੱਗਣ ਤੋ ਬਾਅਦ ਹੀ ਸਰਕਾਰੀ ਮਸ਼ੀਨਰੀ ਨੂੰ ਹਰਕਤ ਲੈ ਆਉਂਦੀ ਤਾਂ ਅੱਜ ਫ਼ਤਿਹਵੀਰ ਆਪਣੀ ਮਾਂ ਦੀ ਗੋਦ 'ਚ ਖੇਡ ਰਿਹਾ ਹੁੰਦਾ। ਪ੍ਰਦੇਸ਼ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬੋਰਵੈਲ 'ਚੋਂ ਬਾਹਰ ਕੱਢਣ ਸਬੰਧੀ ਵਰਤੀ ਗਈ ਲਾਪਰਵਾਹੀ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਅਤੇ ਘਰ ਦਾ ਚਿਰਾਗ਼ ਗੁੱਲ ਹੋ ਗਿਆ। ਲੰਬਾ ਸਮਾਂ ਚੱਲਿਆ ਬਚਾਅ ਕਾਰਜ ਵੀ ਫ਼ਤਿਹਵੀਰ ਨੂੰ ਜੀਵਨ ਦਾਨ ਨਹੀਂ ਦਿਵਾ ਸਕਿਆ। ਉਨ੍ਹਾਂ ਨੇ ਕਿਹਾ ਕਿ ਇਹ ਵੀ ਸ਼ਰਮਨਾਕ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜ ਦਿਨਾਂ ਬਾਅਦ ਫ਼ਤਿਹਵੀਰ ਦੀ ਯਾਦ ਆਈ ਹੈ।

ਇਸ ਮੌਕੇ ਲਲਿਤ ਭਾਰਦਵਾਜ ਕੌੜੀ, ਕਰਨ ਸਿੰਘ ਰੋਸ਼ਾ, ਗੁਰਜੀਤ ਸਿੰਘ ਗਿੱਲ, ਜਿੰਮੀ, ਜਗਜੋਤ ਸਿੰਘ, ਕਿੰਨਸੀ ਸਿੰਘ, ਸੁਖਵੀਰ ਸਿੰਘ, ਰਵਿੰਦਰ ਸਿੰਘ ਰਵੀ, ਹੈਰੀ ਖੰਗੂੜਾ, ਸਾਹਿਲ ਵਰਮਾ, ਅਸੀਸ਼ ਵਰਮਾ, ਗੂਗਨੂੰ ਵਾਲੀਆ, ਰਜ਼ਤ ਘਈ, ਕਾਕਾ ਗੁਲਾਟੀ, ਵਿੱਕੀ ਸੰਧੂ, ਬਿੱਟੂ ਮਹਿਰਾ, ਵਿੱਕੀ ਡੀਜੇ, ਕਾਲੀ ਔਜਲਾ ਆਦਿ ਤੋਂ ਇਲਾਵਾ ਹੋਰ ਸ਼ਹਿਰ ਵਾਸੀ ਵੀ ਮੌਜੂਦ ਸਨ।