ਰੰਜਸ਼ ਕਾਰਨ ਨੌਜਵਾਨ ਨੇ ਕਿਰਪਾਨ ਨਾਲ ਸ਼ਰੇਆਮ ਵੱਢਿਆ ਟਰਾਲਾ ਡਰਾਈਵਰ, ਮੌਤ

Last Updated: Jun 10 2019 13:25
Reading time: 2 mins, 20 secs

ਪੁਰਾਣੀ ਰੰਜਸ਼ ਨੂੰ ਲੈ ਕੇ ਨਜ਼ਦੀਕੀ ਮੰਡੀ ਮੁਲਾਂਪੁਰ ਇਲਾਕੇ 'ਚ ਇੱਕ ਨੌਜਵਾਨ ਵੱਲੋਂ ਕਿਰਪਾਨ ਨਾਲ ਤਾਬੜਤੋੜ ਹਮਲਾ ਕਰਕੇ ਸ਼ਰੇਆਮ ਨੌਜਵਾਨ ਟਰਾਲਾ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਦ ਹਤਿਆਰਾ ਮੌਕੇ ਤੋਂ ਫ਼ਰਾਰ ਹੋ ਗਿਆ। ਕਤਲ ਕੀਤੇ ਗਏ ਟਰਾਲਾ ਡਰਾਈਵਰ ਸੰਦੀਪ ਸਿੰਘ ਉਰਫ਼ ਗੱਗੂ (27) ਵਾਸੀ ਇੰਦਰਾ ਕਲੌਨੀ, ਮੁਲਾਂਪੁਰ (ਜ਼ਿਲ੍ਹਾ ਲੁਧਿਆਣਾ) ਦੇ ਪਿਤਾ ਇੰਦਰਜੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਇਸੇ ਇਲਾਕੇ ਦੇ ਮਨੀ ਸਿੰਘ ਉਰਫ਼ ਭੀਮ (20) ਦੇ ਖ਼ਿਲਾਫ਼ ਥਾਣਾ ਦਾਖਾ 'ਚ ਕਤਲ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਦੱਸਿਆ ਹੈ ਕਿ ਉਸ ਦਾ ਲੜਕਾ ਸੰਦੀਪ ਉਰਫ਼ ਗੱਗੂ ਪਿਛਲੇ ਕਾਫ਼ੀ ਸਮੇਂ ਤੋਂ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ, ਜੋ ਕਿ ਕੁਝ ਦਿਨਾਂ ਤੋਂ ਘਰ ਆਇਆ ਹੋਇਆ ਸੀ। ਬੀਤੇ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਸੰਦੀਪ ਦੀ ਇਲਾਕੇ 'ਚ ਰਹਿੰਦੇ ਮਨੀ ਸਿੰਘ ਦੇ ਨਾਲ ਤਕਰਾਰਬਾਜ਼ੀ ਹੋ ਗਈ ਸੀ, ਪਰ ਮੁਹੱਲੇ ਦੇ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ। ਉਸ ਦਿਨ ਤੋਂ ਬਾਦ ਮਨੀ ਉਸ ਦੇ ਲੜਕੇ ਨਾਲ ਰੰਜਸ਼ ਰੱਖਣ ਲੱਗ ਪਿਆ ਸੀ।

ਸ਼ਿਕਾਇਤਕਰਤਾ ਇੰਦਰਜੀਤ ਸਿੰਘ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਮੁਤਾਬਿਕ ਬੀਤੀ ਰਾਤ ਉਸ ਦਾ ਲੜਕਾ ਸੰਦੀਪ ਕੁਝ ਸਮਾਨ ਖ਼ਰੀਦਣ ਲਈ ਆਪਣੇ ਭਰਾ ਦੇ ਨਾਲ ਇਲਾਕੇ 'ਚ ਸਥਿਤ ਦੁਕਾਨ 'ਤੇ ਗਿਆ ਸੀ। ਇਸੇ ਦੌਰਾਨ ਹੱਥ 'ਚ ਕਿਰਪਾਨ ਫੜਕੇ ਆਏ ਮਨੀ ਸਿੰਘ ਨੇ ਸੰਦੀਪ ਨੂੰ ਘੇਰ ਲਿਆ ਅਤੇ ਗਾਲ਼ੀ ਗਲੋਚ ਕਰਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ। ਸੰਦੀਪ ਵੱਲੋਂ ਵਿਰੋਧ ਕੀਤੇ ਜਾਣ ਬਾਦ ਮਨੀ ਨੇ ਕਿਰਪਾਨ ਦੇ ਨਾਲ ਸੰਦੀਪ ਉੱਤੇ ਤਾਬੜਤੋੜ ਹਮਲਾ ਸ਼ੁਰੂ ਕਰ ਦਿੱਤਾ ਅਤੇ ਕਿਰਪਾਨ ਨਾਲ ਪੇਟ, ਛਾਤੀ ਅਤੇ ਬਾਂਹਾਂ ਤੇ ਗਹਿਰੇ ਜ਼ਖਮ ਕਰ ਦਿੱਤੇ। ਗੰਭੀਰ ਰੂਪ 'ਚ ਜ਼ਖਮੀ ਹੋਇਆ ਸੰਦੀਪ ਖ਼ੂਨ ਨਾਲ ਲੱਥਪੱਥ ਸੜਕ 'ਤੇ ਡਿਗ ਗਿਆ ਅਤੇ ਮਨੀ ਮੌਕੇ ਤੋਂ ਫ਼ਰਾਰ ਹੋ ਗਿਆ।

ਮ੍ਰਿਤਕ ਦੇ ਪਿਤਾ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਘਟਨਾ ਸਬੰਧੀ ਪਤਾ ਲੱਗਣ ਬਾਦ ਉਹ ਮੌਕੇ 'ਤੇ ਪਹੁੰਚਿਆ ਅਤੇ ਖ਼ੂਨ ਨਾਲ ਲੱਥਪੱਥ ਸੰਦੀਪ ਨੂੰ ਪਰਿਵਾਰਕ ਮੈਂਬਰਾਂ ਨਾਲ ਚੁੱਕੇ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਸੰਦੀਪ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸੀਐਮਸੀ ਹਸਪਤਾਲ ਚ ਰੈਫ਼ਰ ਕਰ ਦਿੱਤਾ। ਪਰ ਕੁਝ ਸਮੇਂ ਬਾਦ ਇਲਾਜ ਦੌਰਾਨ ਸੰਦੀਪ ਦੀ ਮੌਤ ਹੋ ਗਈ। ਵਾਰਦਾਤ ਸਬੰਧੀ ਸੂਚਨਾ ਮਿਲਣ ਉਪਰੰਤ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਅਤੇ ਜਾਂਚ ਸ਼ੁਰੂ ਕੀਤੀ।

ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ ?
ਸ਼ਰੇਆਮ ਕਿਰਪਾਨ ਨਾਲ ਹਮਲਾ ਕਰਕੇ ਟਰਾਲਾ ਡਰਾਈਵਰ ਦੇ ਕੀਤੇ ਗਏ ਕਤਲ ਸਬੰਧੀ ਏਐਸਆਈ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਇੰਦਰਜੀਤ ਸਿੰਘ ਮੁਤਾਬਿਕ ਪੁਰਾਣੀ ਰੰਜਸ਼ ਦੇ ਚੱਲਦੇ ਮਨੀ ਸਿੰਘ ਨੇ ਕਿਰਪਾਨ ਨਾਲ ਤਾਬੜਤੋੜ ਹਮਲਾ ਕਰਕੇ ਸੰਦੀਪ ਸਿੰਘ ਦਾ ਕਤਲ ਕੀਤਾ ਗਿਆ ਹੈ। ਵਾਰਦਾਤ ਸਬੰਧੀ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮਨੀ ਸਿੰਘ ਖ਼ਿਲਾਫ਼ ਕਤਲ ਦੇ ਦੋਸ਼ 'ਚ ਪਰਚਾ ਦਰਜ ਕਰਕੇ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ ਚੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਏ ਲਾਸ਼ ਨੂੰ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।