ਕਾਸ਼ !!! ਕੋਈ ਬੱਚਾ ਚੋਣਾਂ ਤੋਂ ਪਹਿਲੋਂ ਡਿੱਗਿਆ ਹੁੰਦਾ ਬੋਰਵੈਲ 'ਚ, ਤਾਂ ਲੀਡਰਾਂ ਨੇ... (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 09 2019 16:55
Reading time: 3 mins, 12 secs

ਲੋਕ ਸਭਾ ਚੋਣਾਂ ਲੰਘੀਆਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, ਕਰੀਬ ਤਿੰਨ ਹਫ਼ਤੇ ਹੀ ਬੀਤੇ ਹਨ। ਪਰ ਹੁਣ ਤੱਕ ਲੀਡਰ ਕਿਸੇ ਵੀ ਜਗ੍ਹਾ 'ਤੇ ਕੋਈ ਲੋਕਾਂ ਦੀ ਸਮੱਸਿਆ ਆਦਿ ਸੁਣਨ ਲਈ ਨਹੀਂ ਪਹੁੰਚ ਰਹੇ। ਵੇਖਿਆ ਜਾਵੇ ਤਾਂ ਤਿੰਨ ਹਫ਼ਤਿਆਂ ਦੇ ਵਿੱਚ ਹੀ ਜੇਕਰ ਲੀਡਰਾਂ ਅਤੇ ਸਰਕਾਰ ਦਾ ਇਹ ਹਾਲ ਹੈ ਤਾਂ ਆਉਣ ਵਾਲੇ ਪੰਜਾਂ ਸਾਲਾਂ ਵਿੱਚ ਕੀ ਬਣੇਗਾ? ਦੱਸ ਦਈਏ ਕਿ ਭਾਰਤ ਦੇ ਅੰਦਰ ਲੀਡਰ ਸਿਰਫ਼ ਤੇ ਸਿਰਫ਼ ਫੋਕੀ ਬਿਆਨਬਾਜ਼ੀ ਹੀ ਕਰ ਰਹੇ ਹਨ, ਹੋਰ ਉਨ੍ਹਾਂ ਦੇ ਕੋਲ ਕੋਈ ਵੀ ਕੰਮ ਨਹੀਂ।

ਕੇਂਦਰ ਦੇ ਵਿੱਚ ਦੂਜੀ ਵਾਰ ਮੋਦੀ ਸਰਕਾਰ ਬਣ ਚੁੱਕੀ ਹੈ ਅਤੇ ਮੋਦੀ ਸਰਕਾਰ ਵੱਲੋਂ ਨਵੇਂ-ਨਵੇਂ ਐਲਾਨ ਤਾਂ ਕੀਤੇ ਜਾ ਰਹੇ ਹਨ ਅਤੇ ਨਵੀਂ ਤਕਨਾਲੋਜੀ ਨੂੰ ਬੜ੍ਹਾਵਾ ਦੇਣ ਸਬੰਧੀ ਸਕੀਮਾਂ ਘੜੀਆਂ ਜਾ ਰਹੀਆਂ ਹਨ। ਪਰ ਵੇਖਿਆ ਜਾਵੇ ਤਾਂ ਮੋਦੀ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਹ ਤਕਨਾਲੋਜੀ ਜ਼ਿਆਦਾ ਲਾਭਦਾਇਕ ਸਾਬਤ ਨਹੀਂ ਹੋਵੇਗੀ, ਕਿਉਂਕਿ ਦੇਸ਼ ਦੀ ਆਜ਼ਾਦੀ ਨੂੰ 72 ਸਾਲ ਬੀਤ ਚੁੱਕੇ ਹਨ, ਪਰ ਹੁਣ ਤੱਕ ਦੇਸ਼ ਦਾ 72 ਪ੍ਰਤੀਸ਼ਤ ਵਿਕਾਸ ਵੀ ਨਹੀਂ ਹੋ ਸਕਿਆ। ਦੇਸ਼ ਦੇ ਅੰਦਰ ਧਰਮ ਅਤੇ ਜਾਤ ਦੇ ਨਾਂਅ 'ਤੇ ਕੀਤੀ ਜਾ ਰਹੀ ਰਾਜਨੀਤੀ ਨੂੰ ਲੈ ਕੇ ਜਿੱਥੇ ਲੋਕਾਂ ਦੇ ਮੁੱਦੇ ਗਾਇਬ ਹੁੰਦੇ ਜਾ ਰਹੇ ਹਨ, ਉੱਥੇ ਹੀ ਧਰਮ ਦੇ ਨਾਂਅ 'ਤੇ ਲੜਾਈਆਂ, ਝਗੜੇ ਤੇ ਦੰਗੇ ਹੁੰਦੇ ਆਮ ਨਜ਼ਰੀ ਆ ਰਹੇ ਹਨ।

ਜੇਕਰ ਆਪਾਂ ਦੂਜੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਇਸ ਵੇਲੇ ਕਾਂਗਰਸੀ ਸਰਕਾਰ ਹੈ ਅਤੇ ਕਾਂਗਰਸ ਦੀ ਸਰਕਾਰ ਦੇ ਵੱਲੋਂ ਵੀ ਇਸ ਵੇਲੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਲੋਕ ਸਭਾ ਜਿੱਤ ਚੁੱਕੇ ਉਮੀਦਵਾਰਾਂ ਦੇ ਵੱਲੋਂ ਵੀ ਲੋਕਾਂ ਦੇ ਮੁੱਦਿਆਂ ਨੂੰ ਵਿਸਾਰਿਆ ਜਾ ਰਿਹਾ ਅਤੇ ਲੋਕਾਂ ਵਿੱਚ ਧੰਨਵਾਦੀ ਦੌਰੇ ਕਰਨ ਤੱਕ ਵੀ ਲੀਡਰ ਨਹੀਂ ਪਹੁੰਚ ਰਹੇ, ਜਿਸਦੇ ਕਾਰਨ ਪੰਜਾਬ ਵਾਸੀਆਂ ਵਿੱਚ ਸਰਕਾਰ ਅਤੇ ਉਮੀਦਵਾਰਾਂ ਪ੍ਰਤੀ ਰੋਸ ਹੈ।

ਦੋਸਤੋ ਇੱਥੇ ਵੇਖਿਆ ਜਾਵੇ ਤਾਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਵਿੱਚ ਬੋਰਵੈਲ ਵਿੱਚ ਬੱਚਾ ਫਸਿਆ, ਜਿਸ ਦਾ ਨਾਮ ਫ਼ਤਿਹਵੀਰ ਹੈ ਅਤੇ ਫ਼ਤਿਹਵੀਰ ਨੂੰ ਬਚਾਉਣ ਦੇ ਲਈ ਜਿੱਥੇ ਡੇਰਾ ਪ੍ਰੇਮੀ ਵੱਡੇ ਪੱਧਰ 'ਤੇ ਅੱਗੇ ਆ ਰਹੇ ਨੇ, ਉੱਥੇ ਹੀ ਐਨਡੀਆਰਐਫ ਦੀਆਂ ਟੀਮਾਂ ਤੋਂ ਇਲਾਵਾ ਹੋਰ ਸੁਰੱਖਿਆ ਕਰਮਚਾਰੀ ਉਕਤ ਸਥਾਨ 'ਤੇ ਪਹੁੰਚ ਰਹੇ ਹਨ, ਪਰ ਕੋਈ ਵੀ ਲੀਡਰ ਉਸ ਜਗ੍ਹਾ 'ਤੇ ਨਜ਼ਰੀ ਨਹੀਂ ਆ ਰਿਹਾ।

ਜਿਸਦੇ ਕਾਰਨ ਆਮ ਲੋਕਾਂ ਦੇ ਵਿੱਚ ਲੀਡਰਾਂ ਪ੍ਰਤੀ ਰੋਸ ਹੈ, ਉੱਥੇ ਹੀ ਲੀਡਰ ਪ੍ਰਸ਼ਾਸਨ ਅਤੇ ਐਨਡੀਆਰਐਫ ਤੋਂ ਇਲਾਵਾ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰ ਰਹੇ ਹਨ, ਜੋ ਮੌਕੇ 'ਤੇ ਪਹੁੰਚ ਕੇ ਅਤੇ ਬੱਚੇ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਦੋਸਤੋ ਜੇਕਰ ਆਪਾਂ ਬੁੱਧੀਜੀਵੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫ਼ਤਿਹਵੀਰ ਵਰਗਾ ਕੋਈ ਹੋਰ ਬੱਚਾ ਬੋਰਵੈਲ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲੋਂ ਡਿੱਗਿਆ ਹੁੰਦਾ ਤਾਂ ਸ਼ਾਇਦ ਲੀਡਰ ਉਸ ਸਥਾਨ 'ਤੇ ਸਾਰੇ ਇਕੱਠੇ ਹੋ ਕੇ ਪਹੁੰਚ ਜਾਂਦੇ ਅਤੇ ਤਿੰਨ ਦਿਨਾਂ ਦੀ ਬਜਾਏ ਬੱਚੇ ਨੂੰ ਕੁਝ ਘੰਟਿਆਂ ਵਿੱਚ ਹੀ ਬਾਹਰ ਕੱਢ ਲੈਂਦੇ, ਪਰ ਅਜਿਹਾ ਇਸ ਵਾਰ ਨਹੀਂ ਹੋਇਆ।

ਵੇਖਿਆ ਜਾਵੇ ਤਾਂ ਲੀਡਰਾਂ ਨੂੰ ਸਿਰਫ਼ ਤੇ ਸਿਰਫ਼ ਵੋਟਾਂ ਨਾਲ ਹੀ ਮਤਲਬ ਹੁੰਦਾ ਹੈ, ਆਮ ਲੋਕਾਂ ਦੀਆਂ ਮੰਗਾਂ ਤੋਂ ਇਲਾਵਾ ਉਨ੍ਹਾਂ ਦੇ ਮੁੱਦਿਆਂ ਨੂੰ ਧਿਆਨ ਵਿੱਚ ਨਹੀਂ ਲਿਆ ਜਾਂਦਾ, ਜਿਸਦੇ ਕਾਰਨ ਲੋਕ ਵੋਟਾਂ ਪਾ ਕੇ ਪਛਤਾਉਂਦੇ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਲੀਡਰਾਂ ਦੇ ਵਿਰੁੱਧ ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਵੀ ਇਹੋ ਕੁਝ ਕਿਹਾ ਜਾ ਰਿਹਾ ਹੈ ਕਿ ਕਾਸ਼ ਕੋਈ ਬੱਚਾ ਲੋਕ ਸਭਾ ਚੋਣਾਂ ਤੋਂ ਪਹਿਲੋਂ ਕਿਸੇ ਬੋਰਵੈਲ ਜਾਂ ਫਿਰ ਹੋਰ ਕਿਸੇ ਮੁਸੀਬਤ ਵਿੱਚ ਫਸਿਆ ਹੁੰਦਾ ਤਾਂ ਸਮੂਹ ਲੀਡਰਾਂ ਨੇ ਉੱਥੇ ਇਕੱਠੇ ਹੋ ਕੇ ਚਲੇ ਜਾਣਾ ਸੀ, ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਿਆ।

ਲੋਕ ਸਭਾ ਚੋਣਾਂ ਤੋਂ ਪਹਿਲੋਂ ਬਿਲਕੁਲ ਮਾਹੌਲ ਸ਼ਾਂਤ ਸੀ ਅਤੇ ਲੋਕ ਸਭਾ ਚੋਣਾਂ ਦੇ ਕਰੀਬ ਤਿੰਨ ਹਫ਼ਤਿਆਂ ਬਾਅਦ ਹੀ ਫ਼ਤਿਹਵੀਰ ਬੋਰਵੈਲ ਵਿੱਚ ਡਿੱਗ ਪਿਆ। ਜਿਸ ਨੂੰ ਬਚਾਉਣ ਦੇ ਲਈ ਕੋਈ ਵੀ ਲੀਡਰ ਹੁਣ ਤੱਕ ਅੱਗੇ ਨਹੀਂ ਆਇਆ। ਜੇਕਰ ਆਮ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀ ਹਰ ਵਕਤ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਆਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੱਲੋਂ ਇਸ ਵਾਰ ਵੀ ਅੱਗੇ ਆ ਕੇ ਫ਼ਤਿਹਵੀਰ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੂਹ ਪੰਜਾਬੀ ਅਰਦਾਸ ਕਰ ਰਹੇ ਹਨ ਕਿ ਫ਼ਤਿਹਵੀਰ ਜਲਦੀ ਸਹੀ ਸਲਾਮਤ ਬੋਰਵੈਲ ਵਿੱਚੋਂ ਬਾਹਰ ਆ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।