ਕੀ ਮੋਦੀ ਇਸ ਵਾਰ ਵੀ ਬਾਦਲ ਪਰਿਵਾਰ ਨੂੰ ਦੇਣਗੇ ਕੇਂਦਰੀ ਵਜ਼ਾਰਤ ਜਗ੍ਹਾ

Last Updated: May 25 2019 19:04
Reading time: 1 min, 41 secs

2019 ਦੀਆਂ ਲੋਕਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤੀ ਸਫਲਤਾ ਨਹੀਂ ਮਿਲੀ, ਪਰ ਇਹਨਾਂ ਚੋਣਾਂ ਵਿੱਚ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਨੇ ਪੰਜਾਬ ਦੀ ਅਕਾਲੀ ਲੀਡਰਸ਼ਿੱਪ ਨੂੰ ਚੋਣਾਂ ਵਿੱਚ ਆਪਣੀ ਹਲਕੀ ਕਾਰਗੁਜ਼ਾਰੀ ਦੀ ਸਾਰੀ ਚਿੰਤਾ ਭੁੱਲਾ ਕੇ ਰੱਖ ਦਿੱਤੀ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2014 ਦੇ ਮੁਕਾਬਲੇ ਭਾਵੇਂ ਦੋ ਸੀਟਾਂ ਘੱਟ ਹੀ ਮਿਲੀਆਂ ਹਨ, ਪਰ ਕੇਂਦਰ ਵਿੱਚ ਮੋਦੀ ਸਰਕਾਰ ਦੀ ਜ਼ਬਰਦਸਤ ਵਾਪਸੀ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਆਸ ਬੱਝ ਗਈ ਹੈ ਕਿ ਸਾਲ 2022 ਦੀਆਂ ਵਿਧਾਨਸਭਾ ਚੋਣਾਂ ਤੱਕ ਉਹ ਸੂਬੇ ਵਿੱਚ ਫਿਰ ਤੋਂ ਮਜ਼ਬੂਤੀ ਹਾਸਿਲ ਕਰ ਲਵੇਗਾ। ਸਾਲ 2014 ਵਿੱਚ ਕੇਂਦਰੀ ਸੱਤਾ ਵਿੱਚ ਬਹੁਤ ਵੱਡੇ ਬਹੁਮਤ ਨਾਲ ਆਈ ਮੋਦੀ ਸਰਕਾਰ ਵੱਲੋਂ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਦੇ ਸੁਪਰੀਮੋ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੂੰ ਬਣਦਾ ਸਨਮਾਨ ਦੇਣ ਲਈ ਉਨ੍ਹਾਂ ਦੀ ਨੂੰਹ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜਾਰਤ ਜਗ੍ਹਾ ਦਿੱਤੀ ਗਈ ਸੀ।

ਇਸ ਵਾਰ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਫਿਰ ਤੋਂ ਪਾਰਲੀਮੈਂਟ ਚੋਣ ਜਿੱਤਣ ਵਿੱਚ ਕਾਮਯਾਬ ਰਹੀ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲੋਕਸਭਾ ਹਲਕਾ ਫਿਰੋਜਪੁਰ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਹਨ। ਹੁਣ ਚਰਚਾ ਇਹ ਚੱਲ ਰਹੀ ਹੈ ਕਿ ਕੀ ਇਸ ਵਾਰ ਵੀ ਮੋਦੀ ਸਰਕਾਰ ਵੱਲੋਂ ਬਾਦਲ ਪਰਿਵਾਰ ਨੂੰ ਕੇਂਦਰੀ ਮੰਤਰੀ-ਮੰਡਲ ਵਿੱਚ ਜਗ੍ਹਾ ਦਿੱਤੀ ਜਾਵੇਗੀ ਅਤੇ ਜੇਕਰ ਮੋਦੀ ਸਰਕਾਰ ਵੱਲੋਂ ਬਾਦਲ ਪਰਿਵਾਰ ਨੂੰ ਇੱਕ ਵਾਰ ਫਿਰ ਤੋਂ ਕੇਂਦਰੀ ਮੰਤਰੀ ਦੇ ਰੁਤਬੇ ਨਾਲ ਨਿਵਾਜਿਆ ਜਾਂਦਾ ਹੈ ਤਾਂ ਦੋਵੇਂ ਮੀਆਂ ਬੀਵੀ ਵਿੱਚੋਂ ਕਿਸ ਨੂੰ ਕੇਂਦਰੀ ਵਜ਼ਾਰਤ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਜ਼ਿਆਦਾਤਰ ਸਿਆਸੀ ਮਾਹਿਰਾਂ ਦਾ ਇਹੀ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਲਾਂ ਪੁਰਾਣੀ ਸਾਂਝ ਅਤੇ ਨਰਿੰਦਰ ਮੋਦੀ ਦੇ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਝੁਕਾਅ ਅਤੇ ਸਤਿਕਾਰ ਨੂੰ ਵੇਖਦੇ ਹੋਏ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਵਾਰ ਵੀ ਬਾਦਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਕੇਂਦਰੀ ਵਜ਼ਾਰਤ ਦਾ ਹਿੱਸਾ ਬਣ ਸਕਦਾ ਹੈ ਅਤੇ ਅਨੁਮਾਨ ਇਹੀ ਲਗਾਇਆ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਦੀ ਬਜਾਇ ਇਸ ਵਾਰ ਵੀ ਹਰਸਿਮਰਤ ਕੌਰ ਬਾਦਲ ਨੂੰ ਹੀ ਕੇਂਦਰੀ ਮੰਤਰੀ-ਮੰਡਲ ਵਿੱਚ ਸ਼ਾਮਿਲ ਕਰਨ ਦੀ ਸਿਫਾਰਿਸ਼ ਕਰ ਸਕਦਾ ਹੈ।