2022 ਤੋਂ ਪਹਿਲਾਂ ਤੱਕੜੀ 'ਚ ਜੇਕਰ ਹਾਥੀ ਬੈਠ ਗਿਆ ਤਾਂ ਨਤੀਜੇ ਸ਼੍ਰੋਮਣੀ ਅਕਾਲੀ ਦਲ ਲਈ ਹੋ ਸਕਦੇ ਨੇ ਖ਼ੁਸ਼ਗਵਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 16:44
Reading time: 1 min, 33 secs

ਲੋਕ ਸਭਾ ਚੋਣ 2019 ਪੰਜਾਬ ਦੀ ਸਿਆਸਤ ਲਈ ਬੜੀ ਅਹਿਮ ਰਹੀ। ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਬਹੁਤ ਸਾਰੇ ਸਿਆਸਤਦਾਨਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਸੀ। ਸਿਆਸੀ ਪਾਰਟੀਆਂ ਵੀ 2017 ਵਿਧਾਨ ਸਭਾ ਚੋਣਾਂ ਮਗਰੋਂ ਆਪਣਾ ਭਵਿੱਖ ਤਲਾਸ਼ ਰਹੀਆਂ ਸਨ। ਕਾਂਗਰਸ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅੰਦਰੂਨੀ ਕਲੇਸ਼ ਕਾਰਨ ਮੁਸ਼ਕਿਲ ਵਿੱਚ ਸਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬ ਏਕਤਾ ਪਾਰਟੀ ਦੇ ਸੰਸਥਾਪਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਜਮਹੂਰੀ ਗੱਠਜੋੜ ਬਣਾਇਆ ਜਿਸ ਵਿੱਚ ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ.ਪੀ.ਆਈ, ਸੀ.ਪੀ.ਐਮ, ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੇ ਰਲ ਕੇ ਇਸ ਵਾਰ ਲੋਕ ਸਭਾ ਚੋਣਾਂ ਲੜੀਆਂ ਪਰ ਇਹ ਗੱਠਜੋੜ ਪੰਜਾਬ ਦੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰ ਦਿੱਤਾ ਗਿਆ।

ਇਸ ਗੱਠਜੋੜ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ, ਡਾ. ਧਰਮਵੀਰ ਗਾਂਧੀ, ਜਲੰਧਰ ਤੋਂ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਅਤੇ ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਬਿਲਕੁਲ ਨਕਾਰ ਦਿੱਤੇ ਗਏ। ਇਹਨਾਂ 4 ਉਮੀਦਵਾਰਾਂ ਦੇ ਖਾਤੇ ਵਿੱਚ ਵੋਟ ਉਨ੍ਹਾਂ ਦੇ ਨਿਜੀ ਕੰਮਾਂ ਕਰਕੇ ਸੀ ਨਾ ਕਿ ਗੱਠਜੋੜ ਕਰਕੇ ਇਹ ਵੋਟ ਮਿਲੇ। ਇਸ ਚੋਣ ਦੇ ਮੁੱਕਦਿਆਂ ਹੀ ਪੰਜਾਬ ਜਮਹੂਰੀ ਗੱਠਜੋੜ ਵਿਚਲੀਆਂ ਪਾਰਟੀਆਂ ਵੀ ਆਪੋ ਆਪਣੀ ਵੋਟ ਪ੍ਰਤੀਸ਼ਤ ਦੀ ਸਮੀਖਿਆ ਕਰਨਗੀਆਂ ਅਤੇ ਹੋ ਸਕਦਾ ਹੈ ਕਿ ਕੁਝ ਕੁ ਪਾਰਟੀਆਂ ਇਸ ਗੱਠਜੋੜ ਵਿੱਚੋਂ ਨਿਕਲਕੇ ਨਵੇਂ ਸਾਥੀ ਦੀ ਤਲਾਸ਼ ਕਰਨ। ਇਹਨਾਂ ਲੋਕ ਸਭਾ ਚੋਣਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਵਿੱਚ ਵੱਡਾ ਵਾਧਾ ਕਰਕੇ 37 ਪ੍ਰਤੀਸ਼ਤ ਤੇ ਲੈ ਆਂਦਾ ਹੈ ਉੱਥੇ ਕਾਂਗਰਸ ਪਾਰਟੀ 40 ਪ੍ਰਤੀਸ਼ਤ ਨਾਲ ਪਹਿਲੇ ਨੰਬਰ ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੋਟ ਪ੍ਰਤੀਸ਼ਤ ਵਿੱਚ ਸਿਰਫ਼ 3 ਪ੍ਰਤੀਸ਼ਤ ਦਾ ਹੀ ਫ਼ਾਸਲਾ ਹੈ ਜੋ ਕਿ ਇਸ ਵਾਰ 3.49 ਫ਼ੀਸਦੀ ਵੋਟ ਪ੍ਰਾਪਤ ਕਰ ਚੁੱਕੀ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਮੇਲ ਨਾਲ 2022 ਵਿੱਚ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਦੇ ਵਿੱਚ ਰਾਜ ਦੇ ਸੁਪਨੇ ਨੂੰ ਆਸਾਨੀ ਨਾਲ ਪੂਰਾ ਕਰ ਸਕਦਾ ਹੈ। ਇਹ ਗੱਠਜੋੜ ਹੋਣਾ ਸੰਭਵ ਵੀ ਹੈ ਕਿਉਂਕਿ ਪਹਿਲਾਂ ਵੀ ਬਸਪਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵਿੱਚ ਰਹਿ ਚੁੱਕੀ ਹੈ।