ਸਾਂਸਦ ਨਾ ਸਹੀ, ਵਿਧਾਇਕ ਹੀ ਬਣ ਜਾਊਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 13:56
Reading time: 2 mins, 9 secs

ਕੁਝ ਸਮਾਂ ਪਹਿਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਦੇ ਚਰਚੇ ਹੁਣ ਤਾਂ ਜਲਾਲਾਬਾਦ ਤੋਂ ਸੀਟ ਲੜਨ ਦੇ ਹੋ ਰਹੇ ਹਨ। ਜਲਾਲਾਬਾਦ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਬਾਦਲ ਹਨ, ਪਰ ਬਾਦਲ ਦੇ ਐਮ.ਪੀ. ਬਣਨ ਤੋਂ ਬਾਅਦ ਹੁਣ ਜਲਾਲਾਬਾਦ ਹਲਕਾ ਬਿਲਕੁਲ ਖਾਲੀ ਹੈ ਅਤੇ ਇੱਥੇ ਉਪ ਚੋਣ ਹੋਣ ਜਾ ਰਹੀ ਹੈ। ਭਾਵੇਂ ਹੀ ਇਹ ਚੋਣ ਦੀ ਹਾਲੇ ਤੱਕ ਤਰੀਕ ਫਾਈਨਲ ਨਹੀਂ ਹੋਈ, ਪਰ ਕਿਹੜੀ ਪਾਰਟੀ ਦੇ ਵੱਲੋਂ ਕਿਹੜਾ ਉਮੀਦਵਾਰ ਉਤਾਰਨਾ ਹੈ, ਉਸ ਦੇ ਕਾਫੀ ਚਰਚੇ ਚੱਲ ਰਹੇ ਹਨ।

ਦੱਸ ਦਈਏ ਕਿ ਦੋ ਵਾਰ ਅਕਾਲੀ ਦਲ ਦੀ ਤਰਫ਼ੋਂ ਸਾਂਸਦ ਰਹਿ ਚੁੱਕੇ ਸ਼ੇਰ ਸਿੰਘ ਘੁਬਾਇਆ ਲੋਕ ਸਭਾ ਚੋਣਾਂ ਤੋਂ ਐਨ ਪਹਿਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਜਿਸ ਤੋਂ ਬਾਅਦ ਅਕਾਲੀ ਦਲ ਸੋਚਾਂ ਵਿੱਚ ਪੈ ਗਿਆ ਸੀ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਵੇ। ਅਕਾਲੀ ਦਲ ਦੀ ਕੋਰ ਕਮੇਟੀ ਦੇ ਫ਼ੈਸਲੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਮੈਦਾਨ ਵਿੱਚ ਉਤਾਰਿਆ ਗਿਆ, ਜੋ ਕਿ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਦੋ ਲੱਖ ਦੀ ਲੀਡ ਕਰਦਿਆਂ ਹੋਇਆਂ ਜਿੱਤ ਗਏ।

ਸੁਖਬੀਰ ਸਿੰਘ ਬਾਦਲ ਦੇ ਸਾਂਸਦ ਬਣਨ ਤੋਂ ਬਾਅਦ ਹੁਣ ਜਲਾਲਾਬਾਦ ਹਲਕੇ ਦੀ ਉਪ ਚੋਣ ਹੋਣੀ ਹੈ, ਜਿਸ ਨੂੰ ਲੈ ਕੇ ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਤੋਂ ਇਲਾਵਾ ਪੀਡੀਏ ਦੇ ਵੱਲੋਂ ਆਪਣੇ-ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਸਬੰਧੀ ਗੱਲਾਂ-ਬਾਤਾਂ ਚੱਲ ਰਹੀਆਂ ਹਨ। ਕਾਂਗਰਸੀ, ਆਮ ਆਦਮੀ ਪਾਰਟੀ ਤੋਂ ਇਲਾਵਾ ਪੀਡੀਏ ਦਾ ਤਾਂ ਹੁਣ ਤੱਕ ਪਤਾ ਨਹੀਂ, ਪਰ ਕੁਝ ਸਮਾਂ ਪਹਿਲੋਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਨੂੰ ਜਲਾਲਾਬਾਦ ਤੋਂ ਚੋਣ ਲੜਾਉਣ ਸਬੰਧੀ ਚਰਚੇ ਕਾਫੀ ਜ਼ੋਰਾਂ 'ਤੇ ਹਨ। 

ਸਿਆਸੀ ਮਾਹਿਰ ਦੱਸਦੇ ਹਨ ਕਿ ਜੇਕਰ ਜਗਮੀਤ ਸਿੰਘ ਬਰਾੜ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜਦੇ ਵੀ ਹਨ ਤਾਂ ਉਨ੍ਹਾਂ ਦੀ ਜਿੱਤ ਪੱਕੀ ਹੈ। ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਵਿੱਚ ਚੋਖੇ ਵੋਟਰ ਹਨ ਅਤੇ ਸੁਖਬੀਰ ਬਾਦਲ ਬਰਾੜ ਨੂੰ ਜਤਾਉਣ ਦੇ ਵਿੱਚ ਪੂਰੀ ਵਾਹ ਲਗਾ ਦੇਵੇਗਾ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜਗਮੀਤ ਬਰਾੜ ਨੂੰ ਜਲਾਲਾਬਾਦ ਲੋਕ ਸਭਾ ਹਲਕੇ ਤੋਂ ਸੀਟ ਮਿਲ ਸਕਦੀ ਹੈ ਅਤੇ ਉਹ ਵਿਧਾਇਕ ਵੀ ਬਣ ਸਕਦੇ ਹਨ।
 
ਦੂਜੇ ਪਾਸੇ ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਜਗਮੀਤ ਸਿੰਘ ਬਰਾੜ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ, ਪਰ ਵਿਧਾਨ ਸਭਾ ਵਿੱਚ ਉਹ ਆਪਣੇ ਪੈਰ ਨਹੀਂ ਜਮਾ ਸਕੇ। ਜਿੰਨੀ ਵਾਰ ਵੀ ਬਰਾੜ ਨੇ ਵਿਧਾਨ ਸਭਾ ਦੀ ਚੋਣ ਲੜੀ, ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸੂਤਰ ਦੱਸਦੇ ਹਨ ਕਿ ਜੇਕਰ ਇਸ ਵਾਰ ਜਗਮੀਤ ਬਰਾੜ ਚੋਣ ਲੜਦੇ ਹਨ ਅਤੇ ਉਹ ਜਿੱਤ ਜਾਂਦੇ ਹਨ ਤਾਂ ਬਰਾੜ ਦਾ ਵੀ ਵਿਧਾਨ ਸਭਾ ਵਿੱਚ ਖਾਤਾ ਖੁੱਲ੍ਹ ਜਾਵੇਗਾ। ਬਾਕੀ ਦੇਖਣਾ ਹੁਣ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਹੜੇ ਆਗੂ ਨੂੰ ਜਲਾਲਾਬਾਦ ਤੋਂ ਆਪਣਾ ਉਮੀਦਵਾਰ ਖੜ੍ਹਾ ਕਰਦੀ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।