ਸੋਸ਼ਲ ਮੀਡੀਆ 'ਤੇ ਛਾਏ ਜਾਖੜ, ਅਗਲੇ ਮੁਕਾਬਲੇ ਲਈ ਹੌਂਸਲੇ 'ਚ ਸਮਰਥਕ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 12:20
Reading time: 1 min, 36 secs

ਵਿਧਾਨਸਭਾ ਚੋਣਾਂ 2017 'ਚ ਹਲਕਾ ਅਬੋਹਰ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਹੋਇਆ ਸੀ ਜਿਸ ਵਿੱਚ ਜਾਖੜ ਪਰਿਵਾਰ ਨੂੰ ਵੱਡਾ ਝਟਕਾ ਸੁਨੀਲ ਜਾਖੜ ਦੀ ਹੋਈ ਹਾਰ ਕਰਕੇ ਮਿਲਿਆ ਸੀ ਅਤੇ ਇਨ੍ਹਾਂ ਲੋਕਸਭਾ ਚੋਣਾਂ 'ਚ ਗੁਰਦਾਸਪੁਰ ਲੋਕਸਭਾ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਹਾਰ ਕਰਕੇ ਕਾਂਗਰਸੀਆਂ ਸਣੇ ਜਾਖੜ ਪਰਿਵਾਰ ਦੇ ਨਾਲ ਹਰ ਹਾਰ-ਜਿੱਤ ਵਿੱਚ ਖੜੇ ਸਮਰਥਕਾਂ 'ਚ ਮਾਯੂਸੀ ਛਾ ਗਈ ਹੈ ਪਰ ਇਸਦੇ ਬਾਵਜੂਦ ਉਹ ਅਗਲੀ ਲੜਾਈ ਲਈ ਹੌਂਸਲੇ 'ਚ ਨਜ਼ਰ ਆ ਰਹੇ ਹਨ। ਹਾਰ ਦੇ ਬਾਵਜੂਦ ਸਮਰਥਕਾਂ ਵੱਲੋਂ ਹਾਰ ਨੂੰ ਲੋਕਾਂ ਦਾ ਫ਼ੈਸਲਾ ਮੰਨ ਕੇ ਕਬੂਲ ਕਰਦਿਆਂ ਆਪਣਾ ਸਾਥ ਜਾਖੜ ਦੇ ਨਾਲ ਹੋਣ ਨੂੰ ਲੈ ਕੇ ਆਪਣੇ ਵਿਚਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਉਜਾਗਰ ਕੀਤਾ ਜਾ ਰਿਹਾ ਹੈ, ਜਿਸਤੋਂ ਸਾਫ਼ ਹੈ ਕਿ ਜਾਖੜ ਦੇ ਸਮਰਥਕ ਉਨ੍ਹਾਂ ਨਾਲ ਚੱਟਾਨ ਵਾਂਗ ਖੜੇ ਹਨ।

ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਜਾਖੜ ਹਾਰ ਗਏ ਹਨ। ਉਨ੍ਹਾਂ ਦੇ ਸਮਰਥਕਾਂ ਵੱਲੋਂ ਇਸ ਘੜੀ 'ਚ ਸੋਸ਼ਲ ਮੀਡੀਆ 'ਤੇ ਸੁਨੀਲ ਜਾਖੜ ਨਾਲ ਇਸ ਮੌਕੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਤੁਹਾਡੀ ਜਿੱਤ ਵਿੱਚ ਨਾਲ ਹਾਂ, ਹਾਰ ਵਿੱਚ ਵੀ ਨਾਲ ਹਾਂ ਕਿਉਂਕਿ ਅਸੀਂ ਰਾਜਨੀਤੀ ਦੇ ਨਹੀਂ ਤੁਹਾਡੇ (ਜਾਖੜ) ਦੀਵਾਨੇ ਹਾਂ, ਇਸੇ ਤਰ੍ਹਾਂ ਕੁਝ ਸਮਰਥਕਾਂ ਨੇ ਲਿਖਿਆ ਕਿ ਸੰਸਦ ਦੇ ਅੰਦਰ ਜਾਖੜ ਦੀ ਬੁਲੰਦ ਅਵਾਜ਼ ਕੁਝ ਨੂੰ ਰਾਸ ਨਹੀਂ ਆ ਰਹੀ ਸੀ ਇਸੇ ਕਰਕੇ ਇੱਕ ਸਾਜ਼ਿਸ਼ ਦੇ ਤਹਿਤ ਫ਼ਿਲਮੀ ਹੀਰੋ (ਸੰਨੀ ਦਿਓਲ) ਨੂੰ ਜਾਖੜ ਸਾਹਮਣੇ ਉਤਾਰਿਆ ਗਿਆ। ਇਸੇ ਤਰ੍ਹਾਂ ਜਾਖੜ ਦੇ ਇੱਕ ਸਮਰਥਕ ਨੇ ਜਾਖੜ ਦੀ ਤਸਵੀਰ ਦੇ ਨਾਲ ਪੋਸਟ ਪਾਈ ਕਿ, ਸ਼ਾਹ ਅਸਵਾਰ ਹੀ ਗਿਰਤੇ ਹੈਂ ਮੈਦਾਨ-ਏ-ਜੰਗ ਮੇਂ, ਅਸੀਂ ਬਹਾਦਰਾਂ ਵਾਂਗ ਲੜੇ, ਹਾਰ ਜਿੱਤ ਖ਼ੁਦਾ ਦੇ ਹੱਥ ਹੁੰਦੀ ਐ, ਇੱਕ ਗੱਲ ਦੀ ਤਸੱਲੀ ਐ ਕਿ ਅਸੀਂ ਹਿੱਕ ਤਾਣ ਕੇ ਲੜੇ, ਕਾਇਰਾਂ ਵਾਂਗ ਨਹੀਂ। ਅਬੋਹਰ ਕਾਂਗਰਸ ਨੇ ਆਪਣੀ ਪੋਸਟ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਦੀ ਪਾਈ ਹੈ ਅਤੇ ਲਿਖਿਆ ਹੈ ਕਿ, ਹਾਥੀ ਭਾਵੇਂ ਬੈਠਿਆ ਹੋਵੇ ਪਰ ਹੋਰਨਾਂ ਨਾਲੋਂ ਫਿਰ ਵੀ ਉੱਚਾ ਹੁੰਦਾ ਹੈ, ਫਿਰ ਲੜਾਂਗੇ, ਫਿਰ ਜਿੱਤਾਂਗੇ। ਇਸਦੇ ਨਾਲ ਹੀ ਜਾਖੜ ਸਮਰਥਕਾਂ ਨੇ ਵੱਖਰੇ-ਵੱਖਰੇ ਢੰਗ ਨਾਲ ਜਾਖੜ ਦੀ ਹਾਰ ਦਾ ਦੁੱਖ ਬਿਆਨ ਕਰਦੇ ਹੋਏ ਉਨ੍ਹਾਂ ਦੇ ਨਾਲ ਖੜੇ ਰਹਿਣ ਦਾ ਵਿਸ਼ਵਾਸ ਜਤਾਇਆ ਹੈ।