ਹਰਸਿਮਰਤ ਕੌਰ ਬਾਦਲ ਦੀ ਜਿੱਤ ਇਸ ਵਾਰ ਯਕੀਨੀ ਨਹੀਂ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 22 2019 18:12
Reading time: 1 min, 0 secs

ਹੌਟ ਮੰਨੀ ਜਾਂਦੀ ਲੋਕ ਸਭਾ ਸੀਟ ਬਠਿੰਡਾ ਤੇ ਪਿਛਲੇ ਡੇਢ ਦਹਾਕੇ ਤੋਂ ਅਕਾਲੀ ਦਲ ਦਾ ਕਬਜ਼ਾ ਹੈ। ਇਸ ਕਬਜ਼ੇ ਨੂੰ ਛਡਵਾਉਣ ਲਈ ਕਾਂਗਰਸ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾਉਂਦੀ ਰਹੀ ਹੈ। ਅਕਾਲੀ ਦਲ ਨੂੰ ਹਰਾਉਣ ਲਈ ਇਸ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਬਾਦਲ ਪਰਿਵਾਰ ਦੇ ਖ਼ਿਲਾਫ਼ ਚੋਣ ਲੜਾਇਆ, ਪਰ ਫਿਰ ਵੀ ਇਸ ਕਬਜ਼ੇ ਨੂੰ ਛਡਵਾ ਨਾ ਸਕਿਆ। ਫਿਰ ਇਸੇ ਸੀਟ ਤੋਂ ਬਾਦਲ ਪਰਿਵਾਰ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਚੋਣ ਲੜਾਇਆ ਗਿਆ ਪਰ ਇਸ ਕਬਜ਼ੇ ਨੂੰ ਫਿਰ ਨਾ ਛਡਵਾ ਸਕੇ। ਖ਼ਾਸ ਗੱਲ ਇਹ ਰਹੀ ਕਿ 2009 ਵਿੱਚ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਮਾਰਜਨ ਦੋ ਲੱਖ ਤੋਂ ਵੱਧ ਸੀ ਪਰ ਇਹ ਮਾਰਜਨ 2014 ਵਿੱਚ 19000 ਦੇ ਮਾਮੂਲੀ ਅੰਕੜੇ ਨੂੰ ਹੀ ਛੂਹ ਸਕਿਆ। ਲਗਾਤਾਰ ਘੱਟ ਰਹੇ ਮਾਰਜਨ ਦੇ ਸਹਾਰੇ ਵਿਰੋਧੀ ਧਿਰ ਇਸ ਵਾਰ ਜਿੱਤ ਦੇ ਸਵਾਦ ਨੂੰ ਚੱਖਣ ਦੀ ਉਮੀਦ ਲਾਈ ਬੈਠੀ ਹੈ। ਬੇਅਦਬੀ ਦੇ ਇਲਜ਼ਾਮ ਅਤੇ 10 ਸਾਲ ਸੱਤਾ 'ਚ ਰਹਿਣ ਕਾਰਨ ਵਿਰੋਧ ਵੀ ਇਸ ਵਾਰ ਲੜਾਈ ਨੂੰ ਫਸਵੀਂ ਕਰ ਰਿਹਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੀ ਧੂੰਆਂਧਾਰ ਸਪੀਚਾਂ ਦੇ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਸ ਲਈ ਸਿਆਸੀ ਮਾਹਿਰਾਂ ਅਨੁਸਾਰ ਇਸ ਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਪੇਚ ਅੜ ਸਕਦਾ ਹੈ।