ਭਵਿੱਖ 'ਚ ਪਾਣੀ ਦੇ ਸੰਕਟ ਤੋਂ ਬਚਣ ਲਈ ਹਰਿਆਣਾ ਵੱਲੋਂ ਕੀਤੀ ਗਈ ਪਹਿਲਕਦਮੀ ਤੋਂ ਪੰਜਾਬ ਸਰਕਾਰ ਵੀ ਲਵੇ ਸੇਧ

Last Updated: May 22 2019 18:14
Reading time: 4 mins, 31 secs

ਇਸ ਗੱਲ ਤੋਂ ਸਭ ਭਲੀਭਾਂਤ ਜਾਣੂ ਹਨ ਕਿ ਧਰਤੀ 'ਤੇ ਜੀਵਨ ਲਈ ਪਾਣੀ ਦੀ ਕੀ ਮਹੱਤਤਾ ਹੈ ਅਤੇ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜ਼ਾ ਦਿੱਤਾ ਗਿਆ ਹੈ। ਮਨੁੱਖਾਂ, ਪਸ਼ੂ-ਪੰਛੀਆਂ, ਕੀਟ-ਪਤੰਗਾਂ ਅਤੇ ਪੇੜ-ਪੌਦਿਆਂ ਆਦਿ ਸਭ ਨੂੰ ਜੀਵਨ ਦੇਣ ਵਾਲੇ ਅਣਮੋਲ ਪਾਣੀ ਤੋਂ ਬਿਨਾਂ ਧਰਤੀ 'ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜੇਕਰ ਵੇਖਿਆ ਜਾਵੇ ਤਾਂ ਪ੍ਰਮਾਤਮਾ ਦੀ ਸਭ ਤੋਂ ਉੱਤਮ ਰਚਨਾ ਮਨੁੱਖ ਜਾਤੀ ਨੇ ਆਪਣੀ ਸੋਚਣ ਸ਼ਕਤੀ ਅਤੇ ਤੀਖਣ ਬੁੱਧੀ ਰਾਹੀਂ ਹੁਣ ਤੱਕ ਤਰੱਕੀ ਦੀਆਂ ਅਨੇਕਾਂ ਮੰਜਿਲਾਂ ਸਰ ਕਰ ਲਈਆਂ ਹਨ। ਮਨੁੱਖੀ ਸਮਾਜ ਦੀ ਤਰੱਕੀ ਅਤੇ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਅਜੋਕਾ ਮਨੁੱਖ ਹੁਣ ਤੱਕ ਹਜ਼ਾਰਾਂ ਅਹਿਮ ਖੋਜਾਂ ਕਰ ਚੁੱਕਾ ਹੈ। 

ਕੁਦਰਤ ਅਤੇ ਬ੍ਰਹਿਮੰਡ ਦੇ ਅਗਿਆਤ ਭੇਦਾਂ ਨੂੰ ਸਮਝਣ ਲਈ ਆਧੁਨਿਕ ਮਨੁੱਖ ਜਿੱਥੇ ਚੰਦਰਮਾ ਤੱਕ ਪਹੁੰਚ ਕਰ ਚੁੱਕਾ ਹੈ, ਉੱਥੇ ਹੋਰ ਵੀ ਕਈ ਗ੍ਰਹਿ ਅਤੇ ਖੰਡਾਂ-ਬ੍ਰਹਿਮੰਡਾਂ ਦੇ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਮਨੁੱਖ ਵੱਲੋਂ ਨਿਰੰਤਰ ਕੋਸ਼ਿਸ਼ਾਂ ਜਾਰੀ ਹਨ। ਭਾਵੇਂ ਮਨੁੱਖ ਹੁਣ ਤੱਕ ਹਜ਼ਾਰਾਂ ਖੋਜਾਂ ਅਤੇ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਦਾ ਨਿਰਮਾਣ ਕਰ ਚੁੱਕਾ ਹੈ ਅਤੇ ਹਰੇਕ ਖੇਤਰ ਵਿੱਚ ਮਨੁੱਖ ਵੱਲੋਂ ਕੀਤੀਆਂ ਗਈਆਂ ਨਵੀਆਂ-ਨਵੀਆਂ ਖੋਜਾਂ ਨੇ ਮਨੁੱਖ ਜਾਤੀ ਨੂੰ ਆਧੁਨਿਕਤਾ ਦੀ ਸਿਖਰ 'ਤੇ ਪਹੁੰਚਾ ਦਿੱਤਾ ਹੈ, ਪਰ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਲੱਗੀ ਇਸ ਸਭਿਅਕ ਮਨੁੱਖ ਜਾਤੀ ਦੀ ਅਣਗਹਿਲੀ ਅਤੇ ਸਵਾਰਥਪੁਣੇ ਦੀ ਵਜ੍ਹਾ ਕਰਕੇ ਪਾਣੀ, ਬਨਸਪਤੀ ਅਤੇ ਕੁਦਰਤੀ ਵਾਤਾਵਰਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮਨੁੱਖ ਜਾਤੀ ਵੱਲੋਂ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਕੀਤੀ ਜਾ ਰਹੀ ਬਰਬਾਦੀ ਸਿਰਫ਼ ਮਨੁੱਖ ਜਾਤੀ ਹੀ ਨਹੀਂ ਬਲਕਿ ਸਮੁੱਚੇ ਬ੍ਰਹਿਮੰਡ ਦੀ ਹੋਂਦ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। 

ਉਂਝ ਭਾਵੇਂ ਅਜੋਕੇ ਮਨੁੱਖ ਵੱਲੋਂ ਅਨੇਕਾਂ ਕੁਦਰਤੀ ਸਾਧਨਾਂ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ ਜਾ ਰਹੀ ਹੈ, ਪਰ ਅੱਜ ਗੱਲ ਸਿਰਫ਼ ਕੁਦਰਤ ਦੀ ਵਡਮੁੱਲੀ ਦਾਤ ਪਾਣੀ ਦੀ ਕਰਨ ਜਾ ਰਹੇ ਹਾਂ, ਜਿਸ ਦਾ ਦਿਨੋਂ-ਦਿਨ ਘਟਦਾ ਜਾ ਰਿਹਾ ਪੱਧਰ ਬਹੁਤ ਦੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਜੋ ਦੇਸ਼ ਦੀ ਵੰਡ ਹੋਣ ਤੋਂ ਬਾਅਦ ਹੁਣ ਕੇਵਲ ਢਾਈ ਦਰਿਆਵਾਂ ਦਾ ਪੰਜਾਬ ਹੀ ਰਹਿ ਗਿਆ ਹੈ ਅਤੇ ਸ਼ੁਰੂ ਤੋਂ ਹੀ ਹਰ ਪ੍ਰਕਾਰ ਦੀਆਂ ਕੁਦਰਤੀ ਦਾਤਾਂ ਨਾਲ ਭਰਪੂਰ ਰਹਿਣ ਵਾਲਾ ਇਹ ਖਿੱਤਾ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਕਾਫੀ ਖੁਸ਼ਹਾਲ ਰਿਹਾ ਹੈ, ਪਰ ਹੁਣ ਇੱਥੋਂ ਦੇ ਬਾਸ਼ਿੰਦਿਆਂ ਦੇ ਸਵਾਰਥਪੁਣੇ ਅਤੇ ਇੱਥੋਂ ਦੀਆਂ ਸਰਕਾਰਾਂ ਦੀ ਵੱਡੀ ਅਣਗਹਿਲੀ ਅਤੇ ਨਾਲਾਇਕੀ ਕਾਰਨ ਇੱਥੇ ਧਰਤੀ ਹੇਠਲੇ ਪਾਣੀ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੋ ਰਹੀ ਹੈ, ਜਿਸਦੀ ਵਜ੍ਹਾ ਕਰਕੇ ਪਿਛਲੇ ਦੋ-ਤਿੰਨ ਦਹਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਕਈ ਫੁੱਟ ਹੇਠਾਂ ਚਲਾ ਗਿਆ ਹੈ। ਸੱਤਾ ਦੇ ਸੁੱਖ ਆਰਾਮ ਭੋਗਣ ਅਤੇ ਹਮੇਸ਼ਾ ਵਿਰੋਧੀ ਪਾਰਟੀਆਂ ਨਾਲ ਸਿਆਸੀ ਇੱਟ-ਖੜੱਕਾ ਰੱਖਣ ਵਿੱਚ ਲੱਗੀਆਂ ਰਹਿੰਦੀਆਂ ਹਾਕਮ ਧਿਰਾਂ ਪਾਣੀ ਦੀ ਅੰਨ੍ਹੇਵਾਹ ਹੋ ਰਹੀ ਦੁਰਵਰਤੋਂ ਨੂੰ ਰੋਕਣ ਅਤੇ ਕੁਦਰਤੀ ਵਾਤਾਵਰਨ ਨੂੰ ਕਾਇਮ ਰੱਖਣ ਬਾਰੇ ਜਰਾ ਵੀ ਚਿੰਤਤ ਨਹੀਂ ਜਾਪਦੀਆਂ, ਜਿਸ ਕਾਰਨ ਇਹ ਖੁਸ਼ਹਾਲ ਸੂਬਾ ਵੀ ਬੰਜ਼ਰ ਬਣਨ ਵੱਲ ਵਧਦਾ ਜਾ ਰਿਹਾ ਹੈ। 

ਅੱਜ ਤੋਂ ਦੋ-ਢਾਈ ਦਹਾਕੇ ਪਹਿਲਾਂ ਪੰਜਾਬ ਦੇ ਹਰੇਕ ਘਰ ਵਿੱਚ ਹੱਥ ਨਾਲ ਗੇੜਨ ਵਾਲੇ ਨਲਕੇ ਮੌਜੂਦ ਸਨ ਅਤੇ ਧਰਤੀ ਹੇਠਾਂ 25-30 ਫੁੱਟ ਬੋਰ ਕਰਨ 'ਤੇ ਨਲਕਿਆਂ 'ਚ ਪਾਣੀ ਆਉਣ ਲੱਗਦਾ ਸੀ, ਪਰ ਸੂਬੇ ਵਿੱਚ ਝੋਨੇ ਦੀ ਫਸਲ ਦੀ ਵੱਡੇ ਪੱਧਰ 'ਤੇ ਹੋ ਰਹੀ ਕਾਸ਼ਤ ਨੇ ਪੰਜਾਬ ਵਰਗੇ ਖੁਸ਼ਹਾਲ ਸੂਬੇ ਦੇ ਧਰਤੀ ਹੇਠਲੇ ਅਣਮੋਲ ਜਲ-ਭੰਡਾਰਾਂ ਨੂੰ ਤੇਜ਼ੀ ਨਾਲ ਚੂਸ ਲਿਆ ਹੈ, ਜਿਸ ਵਜ੍ਹਾ ਕਰਕੇ ਹੁਣ ਪੰਜਾਬ ਦੇ ਹਰੇਕ ਪਿੰਡ-ਸ਼ਹਿਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਚਲਾ ਗਿਆ ਹੈ ਅਤੇ ਪੰਜਾਬ ਵਿੱਚ 25-30 ਫੁੱਟ ਤੋਂ ਪਾਣੀ ਖਿੱਚਣ ਵਾਲੇ ਨਲਕਿਆਂ ਦੀ ਜਗ੍ਹਾ ਹਰੇਕ ਘਰ ਵਿੱਚ ਸਬਮਰਸੀਬਲ ਮੋਟਰਾਂ ਲੱਗ ਗਈਆਂ ਹਨ, ਕਿਉਂਕਿ ਹੁਣ ਪਾਣੀ ਵੀ 70-80 ਤੋਂ 100 ਫੁੱਟ ਦੀ ਗਹਿਰਾਈ ਤੱਕ ਜਾ ਪਹੁੰਚਿਆ ਹੈ, ਜੋ ਬਿਜਲੀ ਨਾਲ ਚੱਲਣ ਵਾਲੀਆਂ ਸਬਮਰਸੀਬਲ ਮੋਟਰਾਂ ਹੀ ਖਿੱਚ ਸਕਦੀਆਂ ਹਨ। ਪੰਜਾਬ ਵਿੱਚ ਤੇਜ਼ੀ ਨਾਲ ਹੇਠਾਂ ਚਲੇ ਗਏ ਪਾਣੀ ਦੇ ਪੱਧਰ ਕਾਰਨ ਹੁਣ ਫਸਲਾਂ ਦੀ ਸਿੰਜਾਈ ਲਈ ਵੀ ਵੱਡੀਆਂ-ਵੱਡੀਆਂ ਸਬਮਰਸੀਬਲ ਮੋਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਧਰਤੀ ਦੀ ਹਿੱਕ ਪਾੜ ਕੇ ਧਰਤੀ ਹੇਠਲੇ ਅਣਮੋਲ ਪਾਣੀ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। 

ਪੰਜਾਬ ਦੇ ਇਸ ਰਿਵਾਇਤੀ ਫਸਲੀ ਚੱਕਰ ਅਤੇ ਸਿੰਜਾਈ ਦੇ ਗਲਤ ਢੰਗ-ਤਰੀਕਿਆਂ ਦੀ ਵਜ੍ਹਾ ਕਰਕੇ ਪੰਜਾਬ ਦੀ ਧਰਤੀ ਭਵਿੱਖ ਦਾ ਰੇਗਿਸਤਾਨ ਬਣਨ ਵੱਲ ਵਧਦੀ ਜਾ ਰਹੀ ਹੈ, ਪਰ ਇੱਥੋਂ ਦੇ ਹਾਕਮ ਰਾਜਸੀ ਸੁੱਖ-ਆਰਾਮ ਅਤੇ ਪੈਸਾ ਇਕੱਠ ਕਰਨ ਦੀ ਦੌੜ ਵਿੱਚ ਲੱਗੇ ਹੋਏ ਹਨ। ਦੂਰ ਤਾਂ ਕੀ ਜਾਣਾ ਹੁਣ ਤਾਂ ਆਪਣੇ ਦੇਸ਼ ਦੇ ਹੀ ਬਹੁਤ ਸਾਰੇ ਖਿੱਤਿਆਂ ਵਿੱਚ ਪੀਣ ਵਾਲੇ ਪਾਣੀ ਦੀ ਭਾਰੀ ਸਮੱਸਿਆ ਬਣੀ ਹੋਈ ਹੈ ਅਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਲੋਕ ਹੋਰਨਾਂ ਸੂਬਿਆਂ ਵੱਲ ਪਲਿਆਨ ਕਰ ਰਹੇ ਹਨ, ਪਰ ਪੰਜਾਬ ਦੇ ਸ਼ਾਸਕ ਧਰਤੀ ਹੇਠਲੇ ਅਣਮੋਲ ਪਾਣੀ ਦੇ ਭੰਡਾਰਾਂ ਨੂੰ ਬਚਾਉਣ ਪ੍ਰਤੀ ਅਜੇ ਵੀ ਅਵੇਸਲੇ ਹਨ। ਬੀਤੇ ਦਿਨ ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਹਰਿਆਣਾ ਦੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਜਗ੍ਹਾ ਘੱਟ ਪਾਣੀ ਮੰਗਣ ਵਾਲੀਆਂ ਫਸਲਾਂ ਬੀਜਣ ਦੀ ਸਿਫਾਰਸ਼ ਕੀਤੀ ਗਈ ਹੈ, ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਪੀਣ ਵਾਲਾ ਪਾਣੀ ਬਚਾਇਆ ਜਾ ਸਕੇ। 

ਧਰਤੀ ਹੇਠਲਾ ਅਣਮੋਲ ਪਾਣੀ ਬਚਾਉਣ ਲਈ ਹਰਿਆਣਾ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਅਤੇ ਮਾਨਵ ਕਲਿਆਣਕਾਰੀ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਸਰਕਾਰ ਵੀ ਆਪਣੇ ਗਵਾਂਢੀ ਰਾਜ ਹਰਿਆਣਾ ਦੀ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੀਤੀ ਗਈ ਪਹਿਲਕਦਮੀ ਤੋਂ ਸੇਧ ਲਵੇ ਅਤੇ ਪੰਜਾਬ ਦੇ ਫਸਲੀ ਚੱਕਰ ਅਤੇ ਸਿੰਜਾਈ ਦੇ ਢੰਗ-ਤਰੀਕਿਆਂ ਨੂੰ ਬਦਲਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ। ਪੰਜਾਬ ਵਿੱਚ ਸਿੰਜਾਈ ਲਈ ਸਿਰਫ਼ ਫੁਹਾਰਾ ਪ੍ਰਣਾਲੀ ਦੀ ਇਜ਼ਾਜਤ ਦਿੱਤੀ ਜਾਵੇ ਅਤੇ ਝੋਨੇ ਦੀ ਖੇਤੀ ਕਰਨ ਦੀ ਇਜ਼ਾਜਤ ਸਿਰਫ਼ ਉੱਥੇ ਹੀ ਦਿੱਤੀ ਜਾਵੇ, ਜਿੱਥੇ ਨਹਿਰੀ ਪਾਣੀ ਉਪਲਬਧ ਹੋਵੇ। ਕਿਸਾਨਾਂ ਨੂੰ ਸਿੰਜਾਈ ਲਈ ਫੁਹਾਰਾ ਸਿਸਟਮ ਲਗਾਉਣ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਬੰਬੀਆਂ ਨਾਲ ਸਿੱਧੀ ਸਿੰਜਾਈ ਕਰਨ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਜੇਕਰ ਸੂਬਾ ਸਰਕਾਰ ਵੱਲੋਂ ਧਰਤੀ ਹੇਠਲੇ ਅਣਮੋਲ ਜਲ ਨੂੰ ਬਚਾਉਣ ਲਈ ਸਮਾਂ ਰਹਿੰਦਿਆਂ ਪ੍ਰਭਾਵੀ ਕਦਮ ਨਾ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਂ ਦਰਿਆਵਾਂ ਦੀ ਧਰਤੀ ਮਾਰੂਥਲ ਵਿੱਚ ਤਬਦੀਲ ਹੋ ਜਾਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।