ਮੁੰਡਾ ਹੀ ਹੋਊ!! (ਵਿਅੰਗ)

Last Updated: May 22 2019 17:45
Reading time: 2 mins, 22 secs

ਮੈਨੂੰ ਅੱਜ ਵੀ ਯਾਦ ਹੈ, ਉਹ ਡਿਨਰ ਤੇ ਕੌਕਟੇਲ ਪਾਰਟੀ, ਜਿਹੜੀ, ਲਗਭਗ 25 ਕੁ ਵਰ੍ਹੇ ਪਹਿਲਾਂ ਸੰਗਰੂਰ ਰਹਿੰਦੇ ਮੇਰੇ ਦੋਸਤ ਲੱਕੀ ਨੇ ਦਿੱਤੀ ਸੀ। ਪਾਰਟੀ ਵੀ ਕੋਈ ਮਾੜੀ ਮੋਟੀ ਨਹੀਂ ਬਲਕਿ ਇੱਕ ਚੰਗੇ ਵਿਆਹ ਵਰਗੀ ਸੀ, ਨਾਚ ਗਾਣੇ ਤੇ ਆਰਕੈਸਟਰਾ ਦੀ ਪੂਰਾ ਬੰਦੋਬਸਤ ਸੀ। ਹਲਵਾਈ ਵੀ ਬਿਠਾਏ ਹੋਏ ਸਨ, ਤੰਬੂ ਦੇ ਪਿੱਛੋਂ ਪਿਛਲੇ ਪਾਸੇ ਭੁੰਨੇ ਜਾ ਰਹੇ ਤੰਦੂਰੀ ਕੁੱਕੜ ਪੂਰੀਆਂ ਮਹਿਕਾਂ ਮਾਰ ਰਹੇ ਸਨ। 

ਦੋਸਤੋ, ਪਾਰਟੀ ਤੇ ਅਸੀਂ ਸਾਰੇ ਦੋਸਤ ਪੁੱਜੇ ਸੀ, ਪਰ ਕਿਸੇ ਨੂੰ ਵੀ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ, ਲੱਕੀ ਵੱਲੋਂ ਦਿੱਤੀ ਜਾ ਰਹੀ ਇਹ ਪਾਰਟੀ, ਕਿਸ ਖ਼ੁਸ਼ੀ ਵਿੱਚ ਦਿੱਤੀ ਜਾ ਰਹੀ ਹੈ। ਅਸੀਂ ਸਾਰੇ ਦੋਸਤਾਂ ਨੇ ਇੱਕ ਖੂੰਜੇ ਵਾਲਾ ਟੇਬਲ ਮੱਲ ਲਿਆ, ਦੋ-ਦੋ ਗਲਾਸੀਆਂ ਖੜਕਾ ਕੇ ਅਸੀਂ ਆਪਸ ਵਿੱਚ ਗੱਲਾਂ ਹੀ ਕਰ ਰਹੇ ਸੀ ਕਿ, ਸਾਡਾ ਦੋਸਤ ਵੀ ਸਾਡੇ ਕੋਲ ਆਕੇ ਬਹਿ ਗਿਆ, ਜਿਸ ਨੇ ਕਿ ਸਾਨੂੰ ਪਾਰਟੀ ਵਿੱਚ ਸੱਦਿਆ ਸੀ।

ਅਸੀਂ ਬੜੀ ਉਤਸੁਕਤਾ ਨਾਲ ਉਸ ਨੂੰ ਪੁੱਛਿਆ ਕਿ, ਯਾਰ ਆਹ ਤਾਂ ਤੂੰ ਦੱਸਿਆ ਹੀ ਨਹੀਂ ਕਿ, ਇਹ ਪਾਰਟੀ ਕਿਸ ਖ਼ੁਸ਼ੀ ਵਿੱਚ ਹੈ। ਉਸ ਨੇ ਇੱਕੋ ਹਾੜੇ 'ਚ ਗਲਾਸੀ ਖ਼ਾਲੀ ਕਰਦਿਆਂ ਹੌਲੀ ਜਿਹੇ ਕਿਹਾ ਕਿ, ਯਾਰੋ ਤੁਹਾਡੀ ਭਾਬੀ ਹਸਪਤਾਲ ਵਿੱਚ ਦਾਖ਼ਲ ਹੈ। ਅਸੀਂ ਸਾਰਿਆਂ ਨੇ ਬੜੇ ਹੈਰਾਨੀ ਭਰੇ ਲਹਿਜ਼ੇ ਨਾਲ ਉਸ ਦੀਆਂ ਅੱਖਾਂ ਵਿੱਚ ਵੇਖਿਆ, ਇਸ ਤੋਂ ਪਹਿਲਾਂ ਕਿ, ਅਸੀਂ ਕੋਈ ਮੋੜਵਾਂ ਸਵਾਲ ਕਰਦੇ, ਲੱਕੀ ਨੇ ਆਪਣੇ ਸੱਜੇ ਹੱਥ ਨਾਲ ਖ਼ੱਬੀ ਮੁੱਛ ਨੂੰ ਤਾਅ ਦਿੰਦਿਆਂ, ਜਰਾ ਹੌਲੀ ਜਿਹੇ ਕਿਹਾ, ਯਾਰ ਕੱਲ੍ਹ ਸਾਨੂੰ ਵਾਹਿਗੁਰੂ ਮੁੰਡੇ ਦੀ ਦਾਤ ਬਖ਼ਸ਼ਣਗੇ। 

ਲੱਕੀ ਦੀ ਗੱਲ ਸੁਣ ਕੇ ਅਸੀਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ, ਮੈਥੋਂ ਰਿਹਾ ਨਹੀਂ ਗਿਆ, ਮੈਂ ਉਸ ਨੂੰ ਪੁੱਛ ਹੀ ਲਿਆ ਕਿ, ਯਾਰਾ ਆਹ ਕੀ ਗੱਲ ਬਣੀ, ਤੈਨੂੰ ਕੀ ਪਤਾ ਕਿ, ਮੁੰਡਾ ਹੀ ਹੋਊਗਾ? ਜੇ ਕੁੜੀ ਹੋ ਗਈ ਤਾਂ ਫਿਰ? ਮੇਰਾ ਸਵਾਲ ਸੁਣ ਕੇ ਲੱਕੀ ਠਹਾਕਾ ਮਾਰ੍ਹਕੇ ਹੱਸ ਪਿਆ ਤੇ ਕਹਿਣ ਲੱਗਾ, ਯਾਰਾ, ਤੁਸੀਂ ਕਿਹੜੀ ਦੁਨੀਆ ਵਿੱਚ ਵੱਸਦੇ ਹੋ, ਹੁਣ ਸਾਈਂਸ ਨੇ ਬੜੀਆਂ ਤਰੱਕੀਆਂ ਕਰ ਲਈਆਂ ਹਨ, ਸਾਨੂੰ ਪਤੈ ਕਿ, ਮੁੰਡਾ ਹੀ ਹੋਊ। 

ਦੋਸਤੋ, ਤੁਸੀਂ ਵੀ ਸੋਚੋਗੇ ਕਿ, ਆਹ ਕਿਹੜੀਆਂ ਗੱਲਾਂ ਛੇੜ ਕੇ ਬਹਿ ਗਿਆ, ਅੱਜ ਮਨਜਿੰਦਰ। ਚਲੋ ਛੱਡੋ, ਮਿੱਟੀ ਪਾਓ ਪੁਰਾਣੀਆਂ ਯਾਦਾਂ ਤੇ। ਆਪਾਂ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੇ ਕੱਲ੍ਹ ਨੂੰ ਆਉਣ ਵਾਲੇ ਨਤੀਜਿਆਂ ਦੀ, ਜਿਨ੍ਹਾਂ ਦਾ ਕਿ, ਦੇਸ਼ ਦੀ ਜਨਤਾ, ਸਿਰਫ਼ ਜਨਤਾ, ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਸੁਣਿਆ ਕਿ, ਅਮਿੱਤ ਸ਼ਾਹ ਡਿਨਰ ਵੀ ਦੇ ਚੁੱਕੇ ਹਨ, ਜ਼ਾਹਿਰ ਹੈ ਲੀਡਰਾਂ ਤੇ ਉਨ੍ਹਾਂ ਦੇ ਮਿਹਨਤਕਸ਼ ਚਮਚੇ ਚਪਟੀਆਂ ਨੇ ਵੀ ਖ਼ੂਬ ਗਲਾਸੀਆਂ ਵੀ ਖੜਕਾਈਆਂ ਹੋਣਗੀਆਂ, ਕੁੱਕੜਾਂ ਦੀਆਂ ਲੱਤਾਂ ਵੀ ਚੱਬੀਆਂ ਹੋਣਗੀਆਂ। 

ਦੋਸਤੋ, ਅਖ਼ਬਾਰਾਂ ਤੇ ਚੈਨਲਾਂ ਤੇ ਖ਼ਬਰਾਂ ਆ ਰਹੀਆਂ ਹਨ ਕਿ, ਲੀਡਰਾਂ ਨੇ ਲੱਡੂਆਂ, ਮਠਿਆਈਆਂ ਦੇ ਬੜੇ ਵੱਡੇ ਵੱਡੇ ਆਰਡਰ ਕਈ ਦਿਨ ਪਹਿਲਾਂ ਹੀ ਦੇ ਦਿੱਤੇ ਸਨ। ਆਤਿਸ਼ਬਾਜ਼ੀ ਤੇ ਮੁਰਗ਼ਾ ਛਾਪ ਪਟਾਕਿਆਂ ਵਾਲੀਆਂ ਲੰਬੀਆਂ ਲੰਬੀਆਂ ਲੜੀਆਂ ਦਾ ਪੂਰਾ ਇੰਤਜ਼ਾਮ ਹੋ ਚੁੱਕਾ ਹੈ। ਸੁਣਿਆ ਕਿ, ਇਹ ਸਾਰੇ ਬੰਦੋਬਸਤ ਐਗਜ਼ਿਟ ਪੋਲ ਦੇ ਆਏ ਨਤੀਜਿਆਂ ਦੇ ਤੁਰੰਤ ਬਾਅਦ ਹੀ ਸ਼ੁਰੂ ਕਰ ਦਿੱਤੇ ਹਨ। ਸਿਆਸੀ ਚੂੰਢੀ ਮਾਰਾਂ ਅਨੁਸਾਰ, ਜਸ਼ਨਾਂ ਦੀਆਂ ਤਿਆਰੀਆਂ ਵੇਖ ਕੇ ਤਾਂ ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ, ਜਿੱਤ ਭਾਰਤੀ ਜਨਤਾ ਪਾਰਟੀ ਦੀ ਹੀ ਹੋਵੇਗੀ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।