ਸਿਆਸਤ ਨੇ ਬਣਾ ਦਿੱਤਾ 'ਚਾਚੇ-ਭਤੀਜੇ' ਨੂੰ ਜਾਨੀ ਦੁਸ਼ਮਣ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 22 2019 17:19
Reading time: 2 mins, 44 secs

ਸਿਆਣੇ ਕਹਿੰਦੇ ਹਨ ਕਿ ਸਿਆਸਤ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚੋਂ ਬੰਦਾ ਬੜੀ ਮੁਸ਼ਕਲ ਨਾਲ ਨਿਕਲਦਾ ਹੈ। ਜਿਹੜਾ ਬੰਦਾ ਇਸ ਬਿਮਾਰੀ ਦੇ ਨਾਲ ਜਕੜਿਆ ਜਾਂਦਾ, ਫਿਰ ਭਾਵੇਂ ਉਸ ਦਾ ਘਰ ਕਿਉਂ ਨਾ ਵਿਕ ਜਾਵੇ, ਉਹ ਇਸ ਬਿਮਾਰੀ ਨੂੰ ਗਲੋਂ ਨਹੀਂ ਲਾਉਂਦਾ। ਜੀ ਹਾਂ, ਦੋਸਤੋਂ, ਹੁਣ ਤੱਕ ਤੁਸੀਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿੱਚ ਝੜਪਾਂ ਹੁੰਦੀਆਂ ਤਾਂ ਜਰੂਰ ਸੁਣੀਆਂ ਹੋਣਗੀਆਂ, ਪਰ ਜਿਹੜਾ ਮਾਮਲਾ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਇਨ੍ਹਾਂ ਸਾਰਿਆਂ ਮਾਮਲਿਆਂ ਤੋਂ ਕੁਝ ਵੱਖਰਾ ਹੈ। 

ਮਾਮਲਾ ਕੁਝ ਇਸ ਪ੍ਰਕਾਰ ਹੈ ਕਿ ਇੱਕ ਸੁੱਖਾ ਸਿੰਘ ਨਾਂਅ ਦਾ ਵਿਅਕਤੀ ਜੋ ਕਿ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਆਲ਼ੇ ਵਾਲਾ ਦਾ ਰਹਿਣ ਵਾਲਾ ਹੈ ਅਤੇ ਉਹ ਕਾਂਗਰਸੀ ਪਾਰਟੀ ਦਾ ਵਰਕਰ ਹੈ, ਜਦੋਂਕਿ ਉਸ ਦਾ ਭਤੀਜਾ ਦਿਲਬਾਗ ਸਿੰਘ ਜੋ ਕਿ ਅਕਾਲੀ ਦਲ ਪਾਰਟੀ ਦਾ ਵਰਕਰ ਹੈ ਅਤੇ ਉਹ ਵੀ ਆਲ਼ੇ ਵਾਲੇ ਪਿੰਡ ਵਿੱਚ ਹੀ ਰਹਿੰਦਾ ਹੈ। ਮਾਮਲੇ ਮੁਤਾਬਿਕ ਇਨ੍ਹਾਂ ਚਾਚੇ ਭਤੀਜੇ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਇਸ ਕਦਰ ਦਾਖਲ ਹੋ ਚੁੱਕਿਆ ਹੈ ਕਿ ਇਹ ਦੋਵੇਂ ਜਣੇ ਹੁਣ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਹਨ ਅਤੇ ਮਾਰਨ ਦੀਆਂ ਗੱਲਾਂ ਕਰਦੇ ਹਨ। 

ਦੋਸਤੋਂ, ਭਾਵੇਂ ਹੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉੱਚ ਆਗੂ ਅਤੇ ਵੱਡੇ ਅਹੁਦੇਦਾਰ ਰਿਸ਼ਤੇਦਾਰ ਹਨ, ਪਰ ਉਹ ਕਦੇ ਵੀ ਸ਼ਰੇਆਮ ਲੜਦੇ ਨਹੀਂ ਵੇਖੇ ਗਏ। ਉਹ ਸਿਰਫ਼ ਤੇ ਸਿਰਫ਼ ਅਖ਼ਬਾਰੀ ਸੁਰਖ਼ੀਆਂ ਅਤੇ ਟੀਵੀ ਚੈਨਲਾਂ ਦੇ ਮੂਹਰੇ ਹੀ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਹਨ, ਜਦੋਂਕਿ ਵਿਆਹ ਸ਼ਾਦੀਆਂ ਅਤੇ ਹੋਰ ਦੁੱਖ ਸੁੱਖ ਦੇ ਸਮਾਗਮਾਂ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਉੱਚ ਆਗੂ ਇਕੱਠੇ ਹੀ ਸ਼ਾਮਲ ਹੁੰਦੇ ਹਨ। ਵੇਖਿਆ ਜਾਵੇ ਤਾਂ ਉੱਚ ਲੀਡਰ ਤਾਂ ਇੱਕੋ ਹਨ, ਪਰ ਥੱਲੇ ਜਨਤਾ ਦੇ ਵਿੱਚ ਵਿਤਕਰੇ ਪੈਦਾ ਕਰ ਰਹੇ ਹਨ। 

ਦੱਸ ਦੇਈਏ ਕਿ ਉਕਤ ਚਾਚੇ ਭਤੀਜੇ ਦੇ ਝਗੜੇ ਦੇ ਸਬੰਧ ਵਿੱਚ ਭਾਵੇਂ ਹੀ ਹੁਣ ਤੱਕ ਮੱਲਾਂਵਾਲਾ ਪੁਲਿਸ ਦੇ ਵਲੋਂ ਭਤੀਜੇ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਹੁਣ ਤੱਕ ਭਤੀਜੇ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਪਾਈ। ਦੱਸ ਦੇਈਏ ਕਿ ਪਿੰਡ ਆਲ਼ੇ ਵਾਲੇ ਦੇ ਰਹਿਣ ਵਾਲੇ ਸੁੱਖਾ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਕਾਂਗਰਸ ਪਾਰਟੀ ਦਾ ਵਰਕਰ ਹੈ ਅਤੇ ਉਸ ਦਾ ਭਤੀਜਾ ਦਿਲਬਾਗ ਸਿੰਘ ਅਕਾਲੀ ਦਲ ਪਾਰਟੀ ਦਾ ਵਰਕਰ ਹੈ। ਸੁੱਖਾ ਸਿੰਘ ਮੁਤਾਬਿਕ ਉਨ੍ਹਾਂ ਦੀ ਘਰ ਵਿੱਚ ਚੰਗੀ ਬਣਦੀ ਹੈ। 

ਸੁੱਖਾ ਸਿੰਘ ਨੇ ਦੱਸਿਆ ਕਿ 20 ਮਈ ਨੂੰ ਉਹ ਅਤੇ ਉਸ ਦਾ ਪਰਿਵਾਰ ਘਰ ਵਿੱਚ ਮੌਜੂਦ ਸੀ ਤਾਂ ਇਸੇ ਦੌਰਾਨ ਹੀ ਦਿਲਬਾਗ ਸਿੰਘ ਬਾਹਰੋਂ ਆਇਆ ਅਤੇ ਆਉਂਦੇ ਸਾਰ ਹੀ ਘਰ ਵਿੱਚ ਪਾਏ ਛੱਪਰ ਨੂੰ ਅੱਗ ਲਗਾ ਦਿੱਤੀ। ਸੁੱਖਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਦਿਲਬਾਗ ਸਿੰਘ ਨੂੰ ਛੱਪਰ ਸਾੜਨ ਦੀ ਵਜ੍ਹਾ ਪੁੱਛੀ ਤਾਂ ਦਿਲਬਾਗ ਕੋਈ ਪੁਖ਼ਤਾ ਜਾਣਕਾਰੀ ਨਾ ਦੇ ਸਕਿਆ। ਸੁੱਖਾ ਸਿੰਘ ਮੁਤਾਬਿਕ ਇਸੇ ਦੌਰਾਨ ਹੀ ਉਸ ਦੀ ਅਤੇ ਉਸ ਦੇ ਭਤੀਜੇ ਵਿਚਕਾਰ 'ਤੂੰ ਤੂੰ ਮੈਂ ਮੈਂ' ਹੋ ਗਈ ਅਤੇ ਵੇਖਦੇ ਹੀ ਵੇਖਦੇ ਪਿੰਡ ਇਕੱਠਾ ਹੋ ਗਿਆ। 

ਸੁੱਖਾ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਭਤੀਜੇ ਦਿਲਬਾਗ ਸਿੰਘ ਨੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਪਿੱਛੇ ਲੱਗ ਕੇ ਉਸ ਦੇ ਛੱਪਰ ਨੂੰ ਅੱਗ ਲਗਾਈ ਹੈ। ਸੁੱਖਾ ਨੇ ਦੱਸਿਆ ਕਿ ਉਸ ਦੇ ਵਲੋਂ ਆਪਣੇ ਭਤੀਜੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦੋਸਤੋਂ, ਇਸ ਕੇਸ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਿਆਸਤ ਕਿਸੇ ਦੀ ਸਕੀ ਨਹੀਂ। ਕਿਹੜੇ ਵੇਲੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਵੇ, ਕੋਈ ਪਤਾ ਨਹੀਂ ਲੱਗਦਾ। ਅਜਿਹੇ ਬਹੁਤ ਸਾਰੇ ਕੇਸ ਹਨ, ਜੋ ਅੰਦਰ ਹੀ ਅੰਦਰ ਨੱਪੇ ਪਏ ਹਨ ਅਤੇ ਸਿਆਸੀ ਦਬਾਅ ਦੇ ਕਾਰਨ ਬਾਹਰ ਨਹੀਂ ਨਿਕਲ ਰਹੇ। ਪੰਜਾਬੀਆਂ ਨੂੰ ਅਜਿਹੇ ਕੇਸਾਂ ਤੋਂ ਜਾਗਰੂਕ ਹੋ ਕੇ ਸਿਆਸਤ ਤੋਂ ਪਾਸੇ ਹੱਟ ਕੇ ਆਪਸੀ ਪ੍ਰੇਮ ਪਿਆਰ ਨਹੀਂ ਘਟਾਉਣਾ ਚਾਹੀਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।