ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਤੇਜ਼ ਝੱਖੜ ਤੂਫ਼ਾਨ ਅਤੇ ਬਾਰਸ਼ ਦੀ ਚਿਤਾਵਨੀ ਜਾਰੀ

Last Updated: May 22 2019 14:31
Reading time: 0 mins, 54 secs

ਪਿਛਲੇ ਦਿਨੀਂ ਕਣਕ ਦੀ ਫ਼ਸਲ ਦੀ ਕਟਾਈ ਦੇ ਦੌਰਾਨ ਮੌਸਮ ਵਿੱਚ ਅਚਾਨਕ ਆਈ ਖ਼ਰਾਬੀ ਕਾਰਨ ਜਿੱਥੇ ਸੂਬੇ ਵਿੱਚ ਫ਼ਸਲਾਂ ਦੀ ਕਟਾਈ ਦੇ ਕੰਮਾਂ ਵਿੱਚ ਕਾਫ਼ੀ ਵਿਘਨ ਪਿਆ ਸੀ, ਓਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਝੱਖੜ-ਤੂਫ਼ਾਨ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਸੀ। ਮੌਜੂਦਾ ਸਮੇਂ ਸੂਬੇ ਵਿੱਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਕਟਾਈ ਦਾ ਕੰਮ ਤਾਂ ਲਗਭਗ ਮੁਕੰਮਲ ਹੋ ਚੁੱਕਾ ਹੈ, ਪਰ ਕਣਕ ਦੇ ਨਾੜ ਤੋਂ ਪਸ਼ੂਆਂ ਵਾਸਤੇ ਤੂੜੀ ਬਣਾਉਣ ਦਾ ਕੰਮ ਕੁਝ ਇਲਾਕਿਆਂ `ਚ ਅਜੇ ਵੀ ਚੱਲ ਰਿਹਾ ਹੈ। ਪੰਜਾਬ ਵਿੱਚ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਹੁਣ ਸੂਬੇ ਦੀਆਂ ਸਾਰੀਆਂ ਦਾਣਾ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਹਨ, ਜਿੰਨਾਂ ਵਿੱਚੋਂ ਵਧੇਰੇ ਕਣਕ ਖੁੱਲ੍ਹੇ ਅਸਮਾਨ ਹੇਠਾਂ ਹੀ ਪਈ ਹੋਈ ਹੈ। ਹੁਣ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਚਿਤਾਵਨੀ ਦੇ ਅਨੁਸਾਰ ਅੱਜ ਸੂਬੇ ਵਿੱਚ ਤੇਜ਼ ਝੱਖੜ-ਤੂਫ਼ਾਨ ਅਤੇ ਧੂੜ ਭਰੀਆਂ ਹਵਾਵਾਂ ਦੇ ਚੱਲਣ ਦੇ ਨਾਲ-ਨਾਲ ਸੂਬੇ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਬਾਰੇ ਵੀ ਦੱਸਿਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਕੱਲ੍ਹ 23 ਅਤੇ 24 ਮਈ ਨੂੰ ਵੀ ਪੰਜਾਬ ਵਿੱਚ ਮੌਸਮ ਖ਼ਰਾਬ ਰਹਿਣ ਅਤੇ ਗਰਜ-ਚਮਕ ਨਾਲ ਬਾਰਸ਼ ਹੋਣ ਦੀ ਆਸ਼ੰਕਾ ਹੈ।