ਖੇਡ ਮੰਤਰੀ ਦੇ ਹਲਕੇ 'ਚ ਚੱਲਦਾ ਨਜਾਇਜ਼ ਸ਼ਰਾਬ ਦਾ ਕਾਰੋਬਾਰ !!!

Last Updated: May 22 2019 13:29
Reading time: 0 mins, 59 secs

ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕੇ ਗੁਰੂਹਰਸਹਾਏ ਵਿੱਚ ਇਨ੍ਹਾਂ ਦਿਨਾਂ ਦੇ ਅੰਦਰ ਵੱਡੇ ਪੱਧਰ 'ਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਬੀਤੇ ਕੱਲ੍ਹ ਗੁਰੂਹਰਸਹਾਏ ਪੁਲਿਸ ਦੇ ਵੱਲੋਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂਕਿ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪੁਲਿਸ ਦੇ ਵੱਲੋਂ ਉਕਤ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਗੁਰੂਹਰਸਹਾਏ ਦੇ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਸ਼ਤ ਦੇ ਸਬੰਧ ਵਿੱਚ ਵਿਸ਼ਵਕਰਮਾ ਚੌਂਕ ਗੁਰੂਹਰਸਹਾਏ ਵਿਖੇ ਮੌਜੂਦ ਸੀ ਤਾਂ ਇਸ ਦੌਰਾਨ ਕਿਸੇ ਖ਼ਾਸ ਮੁਖ਼ਬਰ ਨੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਭਾਊ ਨਾਂਅ ਦਾ ਵਿਅਕਤੀ ਨਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ ਅਤੇ ਹੁਣ ਵੀ ਨਜਾਇਜ਼ ਸ਼ਰਾਬ ਵੇਚ ਰਿਹਾ ਹੈ।

ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਸਾਰ ਜਦੋਂ ਉਕਤ ਜਗ੍ਹਾ 'ਤੇ ਰੇਡ ਕੀਤੀ ਗਈ ਤਾਂ ਉੱਥੋਂ 135 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਈ, ਜਦੋਂਕਿ ਭਾਊ ਫ਼ਰਾਰ ਹੋ ਗਿਆ। ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਭਾਊ ਪੁੱਤਰ ਪੰਜੂ ਵਾਸੀ ਭੱਠਾ ਬਸਤੀ ਗੁਰੂਹਰਸਹਾਏ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਦੇ ਸਬੰਧ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।