ਅਕਾਲੀ ਭਤੀਜੇ ਨੇ ਕਾਂਗਰਸੀ ਚਾਚੇ ਦੇ ਛੱਪਰ ਨੂੰ ਲਗਾ ਦਿੱਤੀ ਅੱਗ

Last Updated: May 22 2019 13:19
Reading time: 0 mins, 50 secs

ਨਜ਼ਦੀਕੀ ਪਿੰਡ ਆਲ਼ੇ ਵਾਲਾ ਦੇ ਰਹਿਣ ਵਾਲੇ ਇੱਕ ਅਕਾਲੀ ਭਤੀਜੇ ਨੇ ਆਪਣੇ ਹੀ ਕਾਂਗਰਸੀ ਚਾਚੇ ਦੇ ਛੱਪਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਇਸ ਸਬੰਧ ਵਿੱਚ ਪੁਲਿਸ ਥਾਣਾ ਮੱਲਾਂਵਾਲਾ ਦੇ ਵਲੋਂ ਉਕਤ ਭਤੀਜੇ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੁੱਖਾ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਪਿੰਡ ਆਲ਼ੇ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਉਹ ਕਾਂਗਰਸੀ ਪਾਰਟੀ ਦੇ ਨਾਲ ਸਬੰਧ ਰੱਖਦਾ ਹੈ ਅਤੇ ਉਸ ਦਾ ਭਤੀਜਾ ਦਿਲਬਾਗ ਸਿੰਘ ਜੋ ਕਿ ਅਕਾਲੀ ਦਲ ਪਾਰਟੀ ਦੇ ਨਾਲ ਸਬੰਧ ਰੱਖਦਾ ਹੈ। 

ਸੁੱਖਾ ਸਿੰਘ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਦਿਲਬਾਗ ਸਿੰਘ ਨੇ ਲੋਕਾਂ ਦੀਆਂ ਗੱਲਾਂ ਪਿੱਛੇ ਲੱਗ ਕੇ ਉਸ ਦੇ ਛੱਪਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁੱਖਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਿਲਬਾਗ ਸਿੰਘ ਉਰਫ਼ ਬਾਗਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਆਲ਼ੇ ਵਾਲਾ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।