ਇੱਕ ਦਰਜਨ ਮੁਸ਼ਟੰਡਿਆਂ ਨੇ ਕੀਤਾ ਪੀ. ਸੀ. ਆਰ. ਦੇ ਥਾਣੇਦਾਰ ਦੀ ਕੁੱਟਮਾਰ, ਪਰਚਾ

Last Updated: May 22 2019 13:14
Reading time: 1 min, 17 secs

ਖ਼ਬਰ ਭਾਵੇਂ ਆਮ ਹੈ, ਪਰ ਮਾਮਲਾ ਵੱਡਾ ਹੈ। ਪਟਿਆਲਾ ਵਿੱਚ ਲੰਘੀ ਰਾਤ ਸ਼ਹੀਦ ਭਗਤ ਸਿੰਘ ਨਗਰ ਵਿੱਚ ਲਗਭਗ ਇੱਕ ਦਰਜਨ ਮੁਸ਼ਟੰਡਿਆਂ ਨੇ ਮਿਲ ਕੇ ਪੀ. ਸੀ. ਆਰ. ਦੇ ਥਾਣੇਦਾਰ ਬਲਜਿੰਦਰ ਸਿੰਘ ਦੀ ਕੁੱਟਮਾਰ ਹੀ ਕੀਤੀ ਬਲਕਿ ਉਸ ਦੀ ਵਰਦੀ ਵੀ ਪਾੜ ਦਿੱਤੀ।

ਇਲਜ਼ਾਮਾਂ ਅਨੁਸਾਰ, ਅਹਿਮ ਗੱਲ ਤਾਂ ਇਹ ਹੈ ਕਿ, ਉਕਤ ਵਿਹਲੜ ਨੌਜਵਾਨਾਂ ਨੇ ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਥਾਣੇਦਾਰ ਬਲਜਿੰਦਰ ਸਿੰਘ ਆਪਣੀ ਡਿਊਟੀ ਤੇ ਸੀ। ਦੱਸਿਆ ਜਾਂਦੈ ਕਿ, ਬਲਜਿੰਦਰ ਸਿੰਘ ਨੇ ਆਪਣੀ ਡਿਊਟੀ ਸਮਝ ਕੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਦੇਰ ਰਾਤ ਖੜੇ ਲਗਭਗ ਇੱਕ ਦਰਜਨ ਨੌਜਵਾਨਾਂ ਨੂੰ ਓਥੇ ਖੜੇ ਹੋਣ ਦਾ ਕਰਨ ਪੁੱਛੇ ਜਾਣ ਦੇ ਨਾਲ ਨਾਲ ਓਥੋਂ ਚਲੇ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਥਾਣੇਦਾਰ ਤੇ ਹਮਲਾ ਕਰਕੇ ਉਸ ਦੀ ਵਰਦੀ ਪਾੜ ਦਿੱਤੀ। 

ਦੂਜੇ ਪਾਸੇ ਮੁਲਜ਼ਮਾਂ ਵਿੱਚ ਸ਼ਾਮਲ ਗੋਲਡੀ ਨਾਮਕ ਨੌਜਵਾਨ ਦਾ ਕਹਿਣਾ ਹੈ ਕਿ, ਲੰਘੀ ਦੇਰਾ ਰਾਤ ਉਹ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ। ਇਲਜ਼ਾਮ ਹੈ ਕਿ, ਥਾਣੇਦਾਰ ਬਲਜਿੰਦਰ ਸਿੰਘ ਨੇ ਬਿਨ੍ਹਾਂ ਕਾਰਨ ਉਸ ਦੀ ਤਲਾਸ਼ੀ ਲੈਣੀ ਚਾਹੀ ਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਉਸ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।

ਕੌਣ ਸੱਚਾ ਹੈ ਤੇ ਕੌਣ ਝੂਠਾ? ਇਹ ਤਾਂ ਫ਼ਿਲਹਾਲ ਜਾਂਚ ਦਾ ਵਿਸ਼ਾ ਹੈ ਪਰ, ਥਾਣਾ ਲਹੌਰੀ ਗੇਟ ਪੁਲਿਸ ਨੇ ਗੋਲਡੀ ਅਤੇ ਉਸ ਦੇ ਭਰਾ ਸਣੇ ਕੁੱਲ 11 ਨੌਜਵਾਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹੈ ਕਿ, ਇਸੇ ਦੌਰਾਨ ਹੀ ਕਿਸੇ ਰਾਹਗੀਰ ਨੇ ਕੁੱਟਮਾਰ ਦੀ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਕੈਦ ਵੀ ਕਰ ਲਿਆ, ਤਸਵੀਰਾਂ ਸਟਿੱਲ ਹਨ, ਪਰ ਬਿਆਨ ਬੜਾ ਕੁਝ ਕਰ ਰਹੀਆਂ ਹਨ। ਫ਼ਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ।