ਖ਼ੁਦਾ ਕਰੇ, ਸੁਰੱਖਿਅਤ ਹੀ ਹੋਣ ਈ. ਵੀ. ਐੱਮ. ਮਸ਼ੀਨਾਂ? (ਵਿਅੰਗ)

Last Updated: May 22 2019 12:34
Reading time: 2 mins, 38 secs

ਦੇਸ਼ ਵਿੱਚ ਲੋਕ ਸਭਾ ਚੋਣਾ ਦਾ ਆਖ਼ਰੀ ਤੇ ਸੱਤਵਾਂ ਗੇੜ ਵੀ 19 ਮਈ ਨੂੰ ਪੂਰਾ ਹੋ ਚੁੱਕਾ ਹੈ। 23 ਮਈ ਨੂੰ ਨਤੀਜੇ ਸਾਹਮਣੇ ਆਉਣਗੇ। ਨਤੀਜੇ ਕੀ ਹੋਣਗੇ? ਇਹ ਜਾਣਨ ਲਈ ਤਾਂ ਅਜੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਜੇਕਰ ਗੱਲ ਕਰੀਏ ਟੀ. ਵੀ. ਚੈਨਲਾਂ ਤੇ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਦੇ ਅਧਾਰ ਤੇ ਐਲਾਨੇ ਅਗਾਊਂ ਚੋਣ ਨਤੀਜਿਆਂ ਦੀ ਤਾਂ, ਉਨ੍ਹਾਂ ਨੇ ਨਾ ਕੇਵਲ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ ਬਲਕਿ, ਇੱਕ ਵਾਰ ਤਾਂ ਉਸ ਨੇ ਦੇਸ਼ ਦੀ ਆਮ ਜਨਤਾ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ, ਆਖ਼ਰ ਇਹ ਚੈਨਲਾਂ ਵਾਲਿਆਂ ਦੇ ਹੱਥ ਕਿਹੜਾ ਝੁਰਲੂ ਲੱਗ ਗਿਆ, ਜਿਸ ਦੇ ਅਧਾਰ ਤੇ ਉਹ ਇੰਨੇ ਸਟੀਕ ਅੰਕੜੇ ਪੇਸ਼ ਕਰ ਰਹੇ ਹਨ। 

ਜੇਕਰ ਸਿਆਸੀ ਮਾਹਿਰਾਂ ਅਤੇ ਮੀਡੀਆ ਨਾਲ ਜੁੜੇ ਲੋਕਾਂ ਦੀ ਮੰਨੀਏ ਤਾਂ ਟੀ. ਵੀ. ਚੈਨਲਾਂ ਵਾਲੇ ਅਜਿਹੇ ਜਿੰਨੇ ਵੀ ਵਿਸ਼ਲੇਸ਼ਣ ਕਰਦੇ ਹਨ, ਉਹ ਇੱਕ ਚੋਣ ਹਲਕੇ ਦੇ ਦੋ ਚਾਰ ਦਰਜਨ ਲੋਕਾਂ ਦੇ ਵਿਚਾਰ ਸੁਣਨ ਦੇ ਬਾਅਦ ਹੀ ਕਰ ਲੈਂਦੇ ਹਨ ਅਤੇ ਕਈ ਵਾਰ ਤਾਂ ਸਟੂਡੀਓ ਦੇ ਅੰਦਰ ਬਹਿ ਕੇ ਹੀ। ਰਹੀ ਗੱਲ ਐਗਜ਼ਿਟ ਪੋਲ ਸਮੇਂ ਪੱਤਰਕਾਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਤਾਂ, ਕੀ ਗਰੰਟੀ ਹੈ ਕਿ, ਉਨ੍ਹਾਂ ਵੱਲੋਂ ਦਿੱਤੀਆਂ ਜਾਣਕਾਰੀਆਂ ਸਹੀ ਤੇ ਦਰੁਸਤ ਹੀ ਹੁੰਦੀਆਂ ਹੋਣਗੀਆਂ। 

ਦੋਸਤੋ, ਜੇਕਰ ਪੁਰਾਣੇ ਬਜ਼ੁਰਗਾਂ ਦੀ ਸੋਚਣੀ ਨੂੰ ਇੱਕ ਪਾਸੇ ਰੱਖ ਕੇ ਗੱਲ ਕਰੀਏ ਤਾਂ ਅੱਜ ਦੀ ਨੌਜਵਾਨ ਪੀਹੜੀ ਤਾਂ ਆਪਣੇ ਖੱਬੇ ਹੱਥ ਨੂੰ ਨਹੀਂ ਪਤਾ ਲੱਗਣ ਦਿੰਦੇ ਕਿ, ਉਸ ਦੇ ਸੱਜੇ ਹੱਥ ਵਿੱਚ ਕੀ ਹੈ, ਪੱਤਰਕਾਰਾਂ ਮੂਹਰੇ ਆਪਣੇ ਦਿਲ ਦੀ ਗੱਲ ਕਰਨਾ ਤਾਂ ਬੜੇ ਦੂਰ ਦੀ ਗੱਲ ਹੈ। ਇਹ ਸੋਚਣਾ ਵੀ ਮੂਰਖਤਾਈ ਵਾਲੀ ਗੱਲ ਹੋਵੇਗੀ ਕਿ ਕਿਸੇ ਨੇ ਪੱਤਰਕਾਰਾਂ ਨੂੰ ਦੱਸਿਆ ਹੋਵੇਗਾ ਕਿ, ਉਸ ਨੇ ਵੋਟ ਕਾਂਗਰਸ ਨੂੰ ਪਾਈ ਹੈ, ਭਾਜਪਾ ਨੂੰ ਪਾਈ ਹੈ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ।  

ਦੋਸਤੋ, ਦੂਜੇ ਪਾਸੇ ਜੇਕਰ ਗੱਲ ਕਰੀਏ ਲੋਕ ਸਭਾ ਦੇ ਸੱਤ ਗੇੜਾਂ ਦੀ ਤਾਂ ਪਹਿਲੇ ਗੇੜ 'ਚ ਵੋਟਾਂ 11 ਅਪ੍ਰੈਲ ਨੂੰ ਪਈਆਂ ਸਨ। ਇਸੇ ਤਰ੍ਹਾਂ ਹੀ ਦੂਜੇ ਗੇੜ ਦੀਆਂ 18 ਅਪ੍ਰੈਲ, ਤੀਜੇ ਦੀਆਂ 23 ਅਪ੍ਰੈਲ, ਚੌਥੇ ਦੀਆਂ 29 ਅਪ੍ਰੈਲ, ਪੰਜਵੇਂ ਦੀਆਂ 6 ਮਈ, ਛੇਵੇਂ ਦੀਆਂ 12 ਮਈ ਜਦਕਿ ਸੱਤਵੇਂ ਤੇ ਅਖੀਰਲੇ ਗੇੜ 'ਚ ਵੋਟਾਂ 19 ਮਈ ਨੂੰ ਪਈਆਂ ਸਨ। 

ਸਿਆਸੀ ਚੂੰਢੀਮਾਰਾਂ ਅਨੁਸਾਰ, ਪਹਿਲੇ ਗੇੜ ਦੀਆਂ ਵੋਟਾਂ ਪੈਣ ਅਤੇ ਨਤੀਜੇ ਘੋਸ਼ਿਤ ਕੀਤੇ ਜਾਣ ਦੇ ਦਰਮਿਆਨ ਪੂਰੇ 41 ਦਿਨ ਹਨ, ਜਿਹੜਾ ਕਿ ਇੱਕ ਬਹੁਤ ਵੱਡਾ ਵਕਫ਼ਾ ਵੀ ਹੈ। ਦੂਜੇ ਪਾਸੇ ਸਾਡੇ ਲੋਕ ਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਂਦੇ, ਅਜ਼ਾਦ ਤੇ ਨਿਰਪੱਖ ਮੀਡੀਆ ਨੇ ਐਗਜ਼ਿਟ ਪੋਲ ਦੇ ਅਧਾਰ ਤੇ ਜਿਹੜੇ ਅੰਕੜੇ ਪੇਸ਼ ਕੀਤੇ ਹਨ ਉਹ ਭਾਜਪਾ ਵਿਰੋਧੀ ਪਾਰਟੀਆਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਹਾਜ਼ਮੋਲਾ ਲੈਣ ਲਈ ਮਜਬੂਰ ਕਰਨ ਵਾਲੇ ਹਨ।

ਦੋਸਤੋ, ਲੰਘੇ ਦਿਨ ਹੀ 22 ਸਿਆਸੀ ਪਾਰਟੀਆਂ ਚੋਣ ਕਮਿਸ਼ਨ ਨੂੰ ਮਿਲ ਕੇ ਇਹ ਮੁੱਦਾ ਉਠਾ ਚੁੱਕੀਆਂ ਹਨ ਕਿ, ਵੀ. ਪੈਟ ਪਰਚੀਆਂ ਦਾ ਮਿਲਾਨ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਰਵਾ ਲਿਆ ਜਾਵੇ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਈ. ਵੀ. ਐੱਮ. ਮਸ਼ੀਨਾਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਕਈ ਵੀਡੀਓਜ਼ ਵੀ ਘੁੰਮ ਰਹੀਆਂ ਹਨ। ਨਿਊਜ਼ਨੰਬਰ ਕਿਸੇ ਵੀ ਵੀਡੀਓ ਜਾਂ ਈ. ਵੀ. ਐੱਮ. ਮਸ਼ੀਨਾਂ ਨੂੰ ਲੈ ਕੇ ਉੱਡ ਰਹੀਆਂ ਅਫ਼ਵਾਹਾਂ ਦੀ ਭਰੋਸੇਯੋਗਤਾ ਦਾ ਦਾਅਵਾ ਨਹੀਂ ਕਰਦਾ ਪਰ ਜੇਕਰ, ਇਨ੍ਹਾਂ ਹਾਲਾਤਾਂ ਵਿੱਚ ਸਾਡੇ ਚੌਥੇ ਥੰਮ੍ਹ ਦੇ ਅੰਕੜੇ ਗ਼ਲਤ ਸਾਬਤ ਨਾਂ ਹੋਏ ਤਾਂ ਇਲਜ਼ਾਮ ਬੜੇ ਲੱਗਣੇ ਹਨ, ਖ਼ੁਦਾ ਕਰੇ, ਸੁਰੱਖਿਅਤ ਹੀ ਹੋਣ ਈ. ਵੀ. ਐੱਮ. ਮਸ਼ੀਨਾਂ। ਵੈਸੇ ਇਲਜ਼ਾਮਾਂ ਦਾ ਕੀ ਹੈ, ਉਹ ਤਾਂ ਫ਼ੌਜੀਆਂ ਤੇ ਵੀ ਲੱਗਦੇ ਰਹਿੰਦੇ ਹਨ, ਖ਼ੁਫ਼ੀਆ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਦੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।