ਅਣਪਛਾਤੇ ਕਾਤਲਾਂ ਨੇ ਵਿਅਕਤੀ ਦਾ ਕਤਲ ਕਰਕੇ ਸਿਰ ਕੱਟੀ ਲਾਸ਼ ਰੇਲਵੇ ਕਲੌਨੀ 'ਚ ਸੁੱਟੀ

Last Updated: May 21 2019 18:55
Reading time: 1 min, 57 secs

ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰਨ ਦੇ ਬਾਅਦ ਸਿਰ ਕੱਟੀ ਲਾਸ਼ ਨੂੰ ਰੇਲਵੇ ਕਲੌਨੀ ਦੀ ਖਾਲੀ ਥਾਂ 'ਚ ਸੁੱਟ ਦਿੱਤਾ ਗਿਆ। ਇਸ ਤੋਂ ਇਲਾਵਾ ਕਾਤਲਾਂ ਵੱਲੋਂ ਸਬੂਤ ਮਿਟਾਉਣ ਲਈ ਮ੍ਰਿਤਕ ਦਾ ਸਰੀਰ ਤੇਜ਼ਾਬ ਪਾ ਕੇ ਸਾੜਿਆ ਗਿਆ ਤਾਂ ਕਿ ਉਸਦੀ ਸ਼ਨਾਖਤ ਨਾ ਹੋ ਸਕੇ। ਹਾਲੇ, ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਕਲੌਨੀ 'ਚ ਰਹਿੰਦੇ ਰੇਲਵੇ ਮੁਲਾਜ਼ਮਾਂ ਵੱਲੋਂ ਲਾਸ਼ ਪਏ ਹੋਣ ਸਬੰਧੀ ਸੂਚਨਾ ਮਿਲਣ ਬਾਅਦ ਜੀਆਰਪੀ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ। ਪਰ ਮ੍ਰਿਤਕ ਦੀ ਪਹਿਚਾਣ ਨਾ ਹੋਣ ਦੇ ਕਾਰਨ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਹਿਚਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਲੁਧਿਆਣਾ ਦੀ ਰੇਲਵੇ ਕਲੋਨੀ ਨੰ. 4 ਦੀ ਪੀ.ਡਬਲਿਯੂ.ਆਈ ਰੇਲਵੇ ਬਗੀਚੀ 'ਚ ਸਵੇਰ ਸਮੇਂ ਇੱਕ ਵਿਅਕਤੀ ਦੀ ਸਿਰ ਕੱਟੀ ਲਾਸ਼ ਪਈ ਦੇਖਕੇ ਰੇਲਵੇ ਕਲੌਨੀ 'ਚ ਰਹਿੰਦੇ ਲੋਕਾਂ ਨੇ ਇਸ ਸਬੰਧੀ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਬਾਅਦ ਥਾਣਾ ਰੇਲਵੇ ਪੁਲਿਸ ਦੇ ਐਸਐਚਓ ਸਬ ਇੰਸਪੈਕਟਰ ਬਲਵੀਰ ਸਿੰਘ ਘੁੰਮਣ ਨੇ ਪੁਲਿਸ ਟੀਮ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮੌਕਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੇ ਸਰੀਰ ਨੂੰ ਤੇਜ਼ਾਬ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।

ਦੂਜੇ ਪਾਸੇ, ਇਸ ਮਾਮਲੇ ਸਬੰਧੀ ਐਸਐਚਓ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਰੇਲਵੇ ਮੁਲਾਜ਼ਮਾਂ ਵੱਲੋਂ ਰੇਲਵੇ ਕਲੌਨੀ 'ਚ ਲਾਸ਼ ਪਏ ਹੋਣ ਸਬੰਧੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਮ੍ਰਿਤਕ ਦੀ ਗਰਦਨ ਕੱਟੀ ਹੋਈ ਸੀ, ਜਦਕਿ ਦੋਨਾਂ ਬਾਹਾਂ ਅਤੇ ਦੋਨਾਂ ਪੈਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੱਟ ਦੇ ਨਿਸ਼ਾਨ ਪਾਏ ਗਏ ਹਨ। ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਹੈ ਕਿ ਮ੍ਰਿਤਕ ਦਾ ਕਿਸੇ ਹੋਰ ਥਾਂ ਤੇ ਕਤਲ ਕਰਨ ਦੇ ਬਾਅਦ ਲਾਸ਼ ਦੀ ਗਰਦਨ ਕੱਟਕੇ ਰੇਲਵੇ ਕਲੌਨੀ 'ਚ ਸੁੱਟੀ ਗਈ ਹੈ। ਇਸ ਤੋਂ ਇਲਾਵਾ ਤੇਜ਼ਾਬ ਦੇ ਨਾਲ ਮ੍ਰਿਤਕ ਦਾ ਸਰੀਰ ਸਾੜਿਆ ਹੋਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਰੀਬ 25 ਤੋਂ 30 ਸਾਲ ਦਰਮਿਆਨ ਉਮਰ ਦੇ ਜਾਪਦੇ ਮ੍ਰਿਤਕ ਦੇ ਮੂੰਗੀਆ ਰੰਗ ਦੀ ਟੀ-ਸ਼ਰਟ, ਨੀਲੇ ਰੰਗ ਦੀ ਜ਼ੀਨ ਪੈਂਟ ਅਤੇ ਪੈਰਾਂ 'ਚ ਲਾਲ ਤੇ ਸਫੈਦ ਰੰਗ ਦੀਆਂ ਚੱਪਲਾਂ ਪਹਿਨੀਆਂ ਹੋਈਆਂ ਹਨ। ਮ੍ਰਿਤਕ ਦੇ ਕੱਪੜਿਆਂ 'ਚੋਂ ਉਸਦੀ ਸ਼ਨਾਖਤ ਸਬੰਧੀ ਕੋਈ ਪਹਿਚਾਣ ਪੱਤਰ ਜਾਂ ਕੋਈ ਦਸਤਾਵੇਜ਼ ਨਾ ਮਿਲਣ ਕਾਰਨ ਪਹਿਚਾਣ ਨਹੀਂ ਹੋ ਸਕੀ ਹੈ। ਕਾਤਲਾਂ ਦਾ ਸੁਰਾਗ ਲਗਾਉਣ ਸਬੰਧੀ ਆਸਪਾਸ ਦੇ ਇਲਾਕੇ 'ਚ ਲੱਗੇ ਸੀਸੀਟੀਟੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕਰਵਾਈ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਸਬੰਧੀ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।