ਬਿਜਲੀ ਸਪਲਾਈ ਅਤੇ ਕਿਸਾਨੀ ਮੰਗਾਂ ਸਬੰਧੀ ਬੀਕੇਯੂ (ਮਾਨ) ਨੇ ਪਾਵਰ ਕਾਮ ਚੇਅਰਮੈਨ ਨਾਲ ਕੀਤੀ ਮੀਟਿੰਗ

Last Updated: May 21 2019 17:08
Reading time: 2 mins, 18 secs

ਆਉਂਦੇ ਝੋਨੇ ਦੀ ਫ਼ਸਲ ਦੇ ਬਿਜਾਈ ਸੀਜ਼ਨ ਤੇ ਬਾਕੀ ਸਾਉਣੀ ਦੀਆਂ ਫ਼ਸਲਾਂ ਸਬੰਧੀ ਬਿਜਲੀ ਸਪਲਾਈ ਅਤੇ ਵਿਭਾਗ ਸੰਬੰਧਿਤ ਕਿਸਾਨਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਦੇ ਸੰਬੰਧ ਚ ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਇੱਕ ਵਫ਼ਦ ਵੱਲੋਂ ਪਾਵਰ ਕਾਮ ਮੈਨੇਜਮੈਂਟ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਵਿਭਾਗ ਦੇ ਚੀਫ਼ ਇੰਜੀਨੀਅਰਾਂ ਦੇ ਨਾਲ ਮੀਟਿੰਗ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਐਮ.ਪੀ ਭੁਪਿੰਦਰ ਸਿੰਘ ਮਾਨ ਅਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਦੀ ਅਗਵਾਈ 'ਚ ਕਿਸਾਨ ਆਗੂਆਂ ਵੱਲੋਂ ਪਾਵਰ ਕਾਮ ਦੇ ਹੈਡਆਫਿਸ 'ਚ ਹੋਈ ਮੀਟਿੰਗ ਦੌਰਾਨ ਪਾਵਰ ਕਾਮ ਅਧਿਕਾਰੀਆਂ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਵੱਲੋਂ ਪਾਵਰ ਕਾਮ ਮੈਨੇਜਮੈਂਟ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ। ਜਿਨ੍ਹਾਂ 'ਚ ਮੁੱਖ ਮੰਗਾਂ ਖ਼ਰਾਬ ਟਰਾਂਸਫ਼ਾਰਮਰਾਂ ਅਤੇ ਤਾਰਾਂ ਦੀ ਮੁਰੰਮਤ ਕਰਨਾ, ਬਿਜਲੀ ਸਪਲਾਈ ਘੱਟੋ ਘੱਟ 10 ਘੰਟੇ ਯਕੀਨੀ ਬਣਾਉਣਾ, ਟੇਢੇ ਖੰਭਿਆਂ ਨੂੰ ਠੀਕ ਕਰਨਾ, ਲੋਡ ਵਧਾਉਣ ਲਈ ਫੀਸ ਘਟਾਉਣਾ, ਰਸਤਿਆਂ 'ਚ ਲੱਗੇ ਖੰਭਿਆਂ ਨੂੰ ਹਟਾਉਣਾ, ਬਿਜਲੀ ਖ਼ਰਾਬ ਹੋਣ ਤੇ ਠੀਕ ਕਰਨ ਲਈ ਹੋਣ ਵਾਲੀ ਦੇਰੀ ਨੂੰ ਦੂਰ ਕਰਨਾ, ਹੈਲਪ ਲਾਈਨ ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣਾ, ਜ਼ਮੀਨ ਵੇਚਣ ਅਤੇ ਟਿਊਬਵੈੱਲ ਕੁਨੈਕਸ਼ਨ ਟਰਾਂਸਫ਼ਰ ਕਰਵਾਉਣ ਦੀ ਕਾਰਵਾਈ ਨੂੰ ਤਰਕਸੰਗਤ ਬਣਾਉਣਾ, ਵਿਭਾਗ 'ਚ ਹੇਠਲੇ ਪੱਧਰ ਤੇ ਕੰਮ 'ਚ ਕੀਤੀਆਂ ਜਾ ਰਹੀਆਂ ਅਣਗਹਿਲੀਆਂ ਨੂੰ ਦੂਰ ਕਰਨਾ ਸ਼ਾਮਲ ਆਦਿ ਹਨ।
ਯੂਨੀਅਨ ਆਗੂਆਂ ਨੇ ਪੰਜਾਬ ਸੂਬੇ 'ਚ ਬਿਜਲੀ ਗਰਿੱਡ ਜਿਨ੍ਹਾਂ 'ਚ ਮੱਖੂ ਦੇ ਗਰਾਰੀ ਬਹਿਕ ਗੁੱਜਰਾਂ, ਫ਼ਤਿਹਗੜ੍ਹ ਸਭਰਾਅ, ਸੰਗਰੂਰ ਦੇ ਸੰਦੌੜ ਅਤੇ ਬਾਕੀ ਗਰਿੱਡਾਂ ਦੀ ਲੰਬਾਈ ਘਟਾਉਣ ਦੀ ਮੰਗ ਰੱਖੀ ਗਈ। ਇਸ ਤੋਂ ਇਲਾਵਾ ਸਾਲ 1992 ਤੋਂ ਅਪਲਾਈ ਕੀਤੇ ਕੁਨੈਕਸ਼ਨਾਂ ਨੂੰ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ। ਸੋਲਰ ਪਾਵਰ ਲਗਾਉਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਉਣ ਦੀ ਵੀ ਮੰਗ ਰੱਖੀ ਗਈ ਗਈ। ਜਿਸ ਦੇ ਸੰਬੰਧ 'ਚ ਪਾਵਰ ਕਾਮ ਅਧਿਕਾਰੀਆਂ ਵੱਲੋਂ ਸਰਕਾਰ ਕੋਲ ਸਿਫ਼ਾਰਸ਼ ਕਰਨ ਅਤੇ ਤੁਰੰਤ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ।

ਮੀਟਿੰਗ ਦੌਰਾਨ ਕਿਸਾਨਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਸੁਣਨ ਤੋਂ ਬਾਦ ਪਾਵਰ ਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਕੁਝ ਮੰਗਾਂ ਦੇ ਹੱਲ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਵੇਲੇ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਿਫ਼ਾਰਸ਼ਾਂ ਦੇ ਤਹਿਤ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਬਿਜਾਈ ਕਰਨ ਅਤੇ ਵੱਧ ਤੋਂ ਵੱਧ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸਲਾਹ ਦਿੱਤੀ ਗਈ।

ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ 'ਚ ਸੁਖਵਿੰਦਰ ਸਿੰਘ ਲਖੀਵਾਲ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਕਾਹਲੋਂ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ, ਹਰਜੀਤ ਸਿੰਘ ਗਰੇਵਾਲ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਬਲਵੰਤ ਸਿੰਘ ਨਡਿਆਲੀ ਪ੍ਰਧਾਨ ਜ਼ਿਲ੍ਹਾ ਮੋਹਾਲੀ, ਮਨੋਹਰ ਸਿੰਘ ਪ੍ਰਧਾਨ ਜ਼ਿਲ੍ਹਾ ਮਾਨਸਾ, ਕੇਵਲ ਸਿੰਘ ਕੰਗ ਪ੍ਰਧਾਨ ਜ਼ਿਲ੍ਹਾ ਪਠਾਨਕੋਟ, ਇੰਦਰਜੀਤ ਸਿੰਘ ਫੌਜੇਵਾਲ, ਪ੍ਰਧਾਨ ਜ਼ਿਲ੍ਹਾ ਸੰਗਰੂਰ, ਮੁਖ਼ਤਿਆਰ ਸਿੰਘ ਧਲੇਰ, ਜ਼ਿਲ੍ਹਾ ਮੀਤ ਪ੍ਰਧਾਨ, ਬਲਰਾਜ ਸਿੰਘ, ਧਰਮ ਸਿੰਘ ਮੀਤ ਪ੍ਰਧਾਨ ਮੱਖੂ, ਸੁਰਿੰਦਰ ਸਿੰਘ ਮੀਤ ਪ੍ਰਧਾਨ ਫ਼ਿਰੋਜ਼ਪੁਰ ਅਤੇ ਚੰਨਣ ਸਿੰਘ ਜ਼ਿਲ੍ਹਾ ਐਗਜ਼ੈਕਟਿਵ ਮੈਂਬਰ ਵੀ ਮੌਜੂਦ ਸਨ।