ਕੀ ਕੇਵਲ, ਪੂਜਾ ਪਾਠ ਤੇ ਅਰਦਾਸਾਂ ਦੇ ਬਲਬੂਤੇ ਤੇ ਹੀ ਜਿੱਤ ਜਾਣਗੇ ਸਿਆਸੀ ਲੀਡਰ? (ਵਿਅੰਗ)

Last Updated: May 21 2019 12:20
Reading time: 1 min, 30 secs

ਲੰਬੇ ਚੌੜੇ ਚੋਣ ਪ੍ਰਚਾਰ ਅਤੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਨ, ਇਲਜ਼ਾਮਾਂ ਅਨੁਸਾਰ ਝੂਠ ਫ਼ਰੇਬ ਤੇ ਕੁਫ਼ਰ ਤੋਲਣ ਅਤੇ ਵੋਟਾਂ ਪੁਆਉਣ ਦੇ ਬਾਅਦ ਦੇਸ਼ ਦੇ ਵੱਡੇ-ਛੋਟੇ ਲੀਡਰਾਂ ਨੇ ਆਪੋ ਆਪਣੇ ਧਰਮਾਂ ਮਜ਼ਹਬਾਂ ਅਨੁਸਾਰ ਪੂਜਾ ਪਾਠ ਅਤੇ ਅਰਦਾਸਾਂ ਕੀਤੀਆਂ। ਕਿਸੇ ਨੇ ਭੋਰਿਆਂ ਵਿੱਚ ਵੜ ਕੇ ਕੀਤੀ ਕਿਸੇ ਨੇ ਗੁਫ਼ਾਫ਼ਾਂ ਵਿੱਚ, ਪਰ ਕੀਤੀ ਲਗਭਗ ਸਾਰਿਆਂ ਨੇ ਹੀ। 

ਐਗਜ਼ਿਟ ਪੋਲ ਦੇ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ, ਪਰ ਕਿਉਂਕਿ ਇਹ ਨਤੀਜੇ ਉਨ੍ਹਾਂ ਚੈਨਲਾਂ ਤੇ ਏਜੰਸੀਆਂ ਵੱਲੋਂ ਹੀ ਕੀਤੇ ਗਏ ਹਨ, ਜਿਨ੍ਹਾਂ ਤੇ ਕਿ, ਪਹਿਲਾਂ ਤੋਂ ਹੀ ਸਿਆਸਤਦਾਨਾਂ ਦੇ ਹੱਥਾਂ ਵਿੱਚ ਖੇਡਣ ਦੇ ਇਲਜ਼ਾਮ ਹਨ, ਲਿਹਾਜ਼ਾ ਜਨਤਾ ਉਨ੍ਹਾਂ ਤੇ ਉਨ੍ਹਾਂ ਭਰੋਸਾ ਨਹੀਂ ਕਰ ਰਹੀ, ਜਿੰਨੇ ਕਿ, ਵੱਡੇ ਵੱਡੇ ਉਹ ਦਾਅਵੇ ਕਰ ਰਹੇ ਹਨ। ਉਹ ਗੱਲ ਵੱਖਰੀ ਹੈ ਕਿ, ਕਈ ਲੀਡਰਾਂ ਨੇ ਐਗਜ਼ਿਟ ਪੋਲ ਦੇ ਅਧਾਰ ਤੇ ਹੀ ਖ਼ੁਦ ਨੂੰ ਜੇਤੂ ਸਮਝ ਕੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। 

ਦੋਸਤੋ, ਚੋਣ ਨਤੀਜਿਆਂ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ। 21 ਚੜ੍ਹ ਚੁੱਕੀ ਹੈ, ਵਿਚਾਲੇ ਸਿਰਫ਼ 22 ਮਈ ਹੈ, 23 ਨੂੰ ਸਵੇਰੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਨਾ ਹੀ ਸਾਰੇ ਜਿੱਤਣੇ ਹਨ ਤੇ ਨਾ ਸਾਰੇ ਹਾਰਨੇ ਹਨ, ਜ਼ਰੂਰੀ ਨਹੀਂ ਹੈ ਕਿ, ਪੂਜਾ ਪਾਠ ਤੇ ਅਰਦਾਸਾਂ ਕਰਨ ਵਾਲਿਆਂ ਨੇ ਹਾਰਨਾਂ ਨਹੀਂ ਹੈ। 

ਆਲੋਚਕਾਂ ਦਾ ਮੰਨਣੈ ਕਿ, ਪੂਜਾ ਪਾਠ ਆਪਣੀ ਥਾਂ ਤੇ ਹੈ ਤੇ ਜਨਤਾ ਦੀ ਸੇਵਾ ਆਪਣੀ ਥਾਂ ਤੇ। ਮੰਨਿਆ ਕਿ, ਸਾਡੇ ਦੇਸ਼ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੈ ਪਰ, ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ, ਸਿਆਸੀ ਪਾਰਟੀਆਂ ਦੇ ਉਮੀਦਵਾਰ ਪ੍ਰਮਾਤਮਾ ਦੇ ਬਣਾਏ ਹੋਏ ਬੰਦਿਆਂ ਨੂੰ ਦੁਖੀ ਕਰਕੇ, ਉਨ੍ਹਾਂ ਦਾ ਲਹੂ ਚੂਸ ਕੇ, ਕੇਵਲ ਪੂਜਾ ਪਾਠ ਤੇ ਅਰਦਾਸਾਂ ਦੇ ਬਲਬੂਤੇ ਤੇ ਹੀ ਜਿੱਤ ਜਾਣਗੇ। ਲੀਡਰਾਂ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਕੰਮ ਅਤੇ ਉਨ੍ਹਾਂ ਦੀ ਕੀਤੀ ਗਈ ਨਿਸ਼ਕਾਮ ਸੇਵਾ ਵੀ ਕਿਸੇ ਪੂਜਾ ਪਾਠ ਨਾਲੋਂ ਘੱਟ ਅਹਿਮੀਅਤ ਨਹੀਂ ਰੱਖਦੀ। ਉਹ ਗੱਲ ਵੱਖਰੀ ਹੈ ਜੇਕਰ ਈ. ਵੀ. ਐੱਮ. ਮਾਤਾ ਦੀ ਤਕਨੀਕੀ ਕਿਰਪਾ ਹੋ ਜਾਵੇ ਤਾਂ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।