23 ਮਈ ਨੂੰ ਹੋਵੇਗੀ ਵੋਟਾਂ ਦੀ ਗਿਣਤੀ - ਜ਼ਿਲ੍ਹਾ ਚੋਣ ਅਫ਼ਸਰ ਵਿਪੁਲ ਉੱਜਵਲ

Last Updated: May 20 2019 17:37
Reading time: 1 min, 33 secs

ਵਿਪੁਲ ਉੱਜਵਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਈ 2019 ਨੂੰ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਸਥਾਨਕ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ, ਹਰਦੋਛੰਨੀ ਰੋਡ , ਗੁਰਦਾਸਪੁਰ ਵਿਖੇ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਇਸ ਮੌਕੇ ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਤੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਵੀ ਮੌਜੂਦ ਸਨ।

ਸਥਾਨਕ ਸੁਖਜਿੰਦਰਾ ਕਾਲਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਵਿਪੁਲ ਉੱਜਵਲ ਨੇ ਦੱਸਿਆ ਕਿ ਬੀਤੇ ਕੱਲ੍ਹ 19 ਮਈ ਨੂੰ ਗੁਰਦਾਸਪੁਰ ਹਲਕੇ ਲਈ ਪਈਆਂ ਵੋਟਾਂ ਲਈ ਉਹ ਜ਼ਿਲ੍ਹਾ ਵਾਸੀਆਂ ਦੇ ਧੰਨਵਾਦ ਕਰਦੇ ਹਨ , ਜਿਨ੍ਹਾਂ ਵਲੋਂ ਲੋਕਤੰਤਰ ਦੇ ਇਸ ਮਹਾਂ ਉਤਸਵ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ ਨਾਲ ਹੀ ਉਨ੍ਹਾਂ ਮੀਡੀਆ ਸਾਥੀਆਂ ਦਾ ਧੰਨਵਾਦ ਵੀ ਕੀਤਾ ਕਿ ਜਿਨ੍ਹਾਂ ਨੇ ਪੂਰਨ ਸਹਿਯੋਗ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਇਸ ਚੋਣ ਅਮਲ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ 6 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ, ਬਟਾਲਾ, ਕਾਦੀਆਂ, ਡੇਰਾ ਬਾਬਾ ਨਾਨਕ ਤੇ ਫ਼ਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਦੀਆਂ ਈ.ਵੀ.ਐਮਜ਼ (ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ) ਜਿਨ੍ਹਾਂ ਸਟਰਾਂਗ ਰੂਮਾਂ ਵਿੱਚ ਰੱਖੀਆਂ ਗਈਆਂ ਹਨ ਅਤੇ ਵੋਟਾਂ ਦੀ ਗਿਣਤੀ ਲਈ ਕਾਊਟਿੰਗ ਕੇਂਦਰ ਬਣਾਏ ਗਏ ਹਨ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਹਲਕੇ ਭੋਆ, ਸੁਜਾਨਪੁਰ ਤੇ ਪਠਾਨਕੋਟ ਹਲਕਿਆਂ ਦੀ ਈ.ਵੀ.ਐਮਜ਼ ਦੇ ਸਥਾਨ ਪਠਾਨਕੋਟ ਵਿਖੇ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਗਿਣਤੀ ਉੱਥੇ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਸੀ.ਆਈ.ਐਸ.ਐਫ. ਆਰਮਡ ਫੋਰਸ ਅਤੇ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਸਟਰਾਂਗ ਰੂਮਾਂ ਦੀ ਨਿਗਰਾਨੀ 24 ਘੰਟੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਵੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਅਤੇ ਸਬੰਧਿਤ ਅਧਿਕਾਰੀਆਂ ਵਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਸਟਰਾਂਗ ਰੂਮਾਂ ਦਾ ਦੌਰਾ ਕਰ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਈ.ਵੀ.ਐਮਜ ਮਸ਼ੀਨਾਂ ਤੋਂ ਬਾਅਦ ਹਰੇਕ ਵਿਧਾਨ ਸਭਾ ਹਲਕੇ ਦੀਆਂ ਰੈਂਡਮਵਾਈਜ਼ 5-5 ਵੀ.ਵੀ.ਪੈਟ ਮਸ਼ੀਨਾਂ (ਵੋਟਰ ਸਲਿਪ) ਦੀ ਵੀ ਗਿਣਤੀ ਕੀਤੀ ਜਾਵੇਗੀ। ਕਰੀਬ 15 ਰਾਊਂਡਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।