ਵੋਟਰਾਂ ਨੇ ਆਦਰਸ਼ ਪੋਲਿੰਗ ਬੂਥਾਂ ਦੀ ਕੀਤੀ ਸ਼ਲਾਘਾ, ਲਈਆਂ ਸੈਲਫੀਆਂ !

Last Updated: May 19 2019 19:46
Reading time: 2 mins, 59 secs

ਲੋਕ ਸਭਾ ਚੋਣਾਂ ਲਈ ਆਪਣੀ ਵੋਟ ਦਾ ਭੁਗਤਾਨ ਕਰਨ ਆਉਣ ਵਾਲੇ ਲੋਕਾਂ ਨੂੰ ਵੱਖਰਾ ਅਨੁਭਵ ਕਰਵਾਉਣ ਦੇ ਮਨਸ਼ੇ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਬਣਾਏ ਗਏ 4 ਪਿੰਕ (ਮਹਿਲਾ ਚੋਣ ਸਟਾਫ਼ ਵਾਲੇ ਬੂਥ), 4 ਦਿਵਿਆਂਗ ਸਟਾਫ਼ ਵਾਲੇ ਬੂਥ ਅਤੇ 7 ਆਦਰਸ਼ ਪੋਲਿੰਗ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਇਨ੍ਹਾਂ ਬੂਥਾਂ 'ਤੇ ਜਿੱਥੇ ਆਮ ਵੋਟਰਾਂ ਲਈ ਲੋੜੀਂਦੀਆਂ ਸਹੂਲਤਾਂ ਜਿਵੇਂ ਪੀਣਯੋਗ ਪਾਣੀ, ਪਖ਼ਾਨੇ, ਪੱਖੇ, ਬੈਠਣ ਲਈ ਕੁਰਸੀਆਂ, ਕਤਾਰ ਪ੍ਰਬੰਧ ਦੇ ਇੰਤਜ਼ਾਮ, ਛਾਂ ਲਈ ਟੈਂਟ ਆਦਿ ਦੇ ਪ੍ਰਬੰਧ ਕੀਤੇ ਗਏ, ਉੱਥੇ ਔਰਤਾਂ, ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਅਤੇ ਬਿਮਾਰਾਂ ਨੂੰ ਵੀ ਖ਼ਾਸ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਇਨ੍ਹਾਂ ਬੂਥਾਂ 'ਤੇ ਜਾ ਕੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕੀਤਾ। ਆਦਰਸ਼ ਬੂਥਾਂ ਬਾਰੇ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਲਕਾ ਜਲਾਲਾਬਾਦ ਦੇ ਮਿਊਂਸੀਪਲ ਕੌਂਸਲ ਜਲਾਲਾਬਾਦ ਵਿੱਚ ਬਣੇ ਬੂਥ ਨੰਬਰ-15 ਅਤੇ 16, ਫ਼ਾਜ਼ਿਲਕਾ ਦੀ ਮਿਊਂਸੀਪਲ ਕੌਂਸਲ ਵਿਖੇ ਬੂਥ ਨੰਬਰ 111 ਅਤੇ 112, ਅਬੋਹਰ ਦੇ ਡੀ.ਏ.ਵੀ. ਕਾਲਜ ਸਥਿਤ ਬੂਥ ਨੰਬਰ 69 ਤੇ 70 ਅਤੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਢਿੰਗਾਂ ਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਥਿਤ ਬੂਥ ਨੰਬਰ 143 ਨੂੰ ਆਦਰਸ਼ ਬੂਥ ਬਣਾਇਆ ਗਿਆ। ਇਨ੍ਹਾਂ ਬੂਥਾਂ ਨੂੰ ਕਿਸੇ ਜਸ਼ਨ ਵਾਲੀ ਥਾਂ ਵਾਂਗ ਸਜਾਇਆ ਗਿਆ। ਸ਼ਾਮਿਆਨੇ ਅਤੇ ਗ਼ੁਬਾਰੇ ਲਾਏ ਗਏ। ਲੋਕਾਂ ਨੇ ਇਨ੍ਹਾਂ ਬੂਥਾਂ 'ਤੇ ਪਹੁੰਚ ਕੇ ਕਿਸੇ ਤਿਉਹਾਰ ਵਰਗਾ ਨਜ਼ਾਰਾ ਲਿਆ।

ਇਸੇ ਤਰ੍ਹਾਂ ਔਰਤਾਂ ਦੀ ਅਹਿਮੀਅਤ ਨੂੰ ਦਰਸਾਉਂਦੇ 4 ਪਿੰਕ ਬੂਥ ਬਣਾਏ ਗਏ, ਜਿਨ੍ਹਾਂ ਵਿੱਚੋਂ ਹਲਕਾ ਫ਼ਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਬੂਥ ਨੰਬਰ 116, ਅਬੋਹਰ ਦੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਦਾ ਬੂਥ ਨੰਬਰ 64, ਹਲਕਾ ਬੱਲੂਆਣਾ 'ਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦਗੜ੍ਹ ਦਾ ਬੂਥ ਨੰਬਰ 49 ਅਤੇ ਜਲਾਲਾਬਾਦ ਦੇ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਜਲਾਲਾਬਾਦ ਦਾ ਬੂਥ ਨੰਬਰ 8 ਸ਼ਾਮਲ ਹੈ। ਇਨ੍ਹਾਂ ਪਿੰਕ ਬੂਥਾਂ ਦੀ ਖ਼ਾਸੀਅਤ ਇਹ ਰਹੀ ਕਿ ਇੱਥੇ ਸ਼ਾਮਿਆਨੇ ਵੀ ਗ਼ੁਲਾਬੀ ਰੰਗ ਦੇ ਲਾਏ ਗਏ। ਮਹਿਲਾ ਸਟਾਫ਼ ਵਾਲੇ ਇਨ੍ਹਾਂ ਬੂਥਾਂ 'ਤੇ ਲੱਗੇ ਸਟਾਫ਼ ਦਾ ਉਤਸ਼ਾਹ ਇਸ ਗੱਲੋਂ ਵੀ ਵੇਖਣ ਨੂੰ ਮਿਲਿਆ ਕਿ ਇਨ੍ਹਾਂ ਬੂਥਾਂ 'ਤੇ ਮਹਿਲਾ ਪੋਲਿੰਗ ਸਟਾਫ਼ ਵੱਲੋਂ ਵੀ ਪਿੰਕ ਰੰਗ ਦਾ ਪਹਿਰਾਵਾ ਪਾ ਕੇ ਆਪਣੀ ਚੋਣ ਡਿਊਟੀ ਨਿਭਾਈ ਗਈ। ਇਨ੍ਹਾਂ ਬੂਥਾਂ ਨੂੰ ਰੰਗੋਲੀ ਨਾਲ ਸਜਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿੰਕ ਬੂਥਾਂ ਨੂੰ ਰੰਗੋਲੀ, ਪਿੰਕ ਰੰਗ ਦੇ ਗੁਬਾਰੇ, ਸ਼ਾਮਿਆਨਿਆਂ, ਗਲੀਚਿਆਂ ਅਤੇ ਵੱਖ-ਵੱਖ ਢੰਗ ਨਾਲ ਸਜਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਹਲਕਾ ਜਲਾਲਾਬਾਦ ਦੇ ਸਰਕਾਰੀ ਹਾਈ ਸਕੂਲ ਚੱਕ ਗ਼ਰੀਬਾਂ ਸਾਂਦੜ ਦੇ ਬੂਥ ਨੰਬਰ 76, ਹਲਕਾ ਫ਼ਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸਦਾ ਸਿੰਘ ਵਿਖੇ ਬੂਥ ਨੰਬਰ 23, ਅਬੋਹਰ ਦੇ ਆਰਿਆ ਪੁਤਰੀ ਪਾਠਸ਼ਾਲਾ ਦੇ ਬੂਥ ਨੰਬਰ 30 ਅਤੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਕੰਧਵਾਲਾ ਅਮਰ ਕੋਟ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੂਥ ਨੰਬਰ 132 ਵਿਖੇ ਦਿਵਿਆਂਗ ਪੋਲਿੰਗ ਸਟਾਫ਼ ਤੈਨਾਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਸਾਰੇ ਬੂਥਾਂ ਨੂੰ ਜਿੱਥੇ ਸੁਚੱਜੇ ਢੰਗ ਨਾਲ ਸਜਾਇਆ ਗਿਆ, ਉੱਥੇ ਸਟਾਫ਼ ਸਮੇਤ ਵੋਟਰਾਂ ਲਈ ਲੋੜ ਅਨੁਸਾਰ ਵੀਲ੍ਹ ਚੇਅਰ, ਦਿਵਿਆਂਗ ਲਈ ਰੈਂਪ, ਉਡੀਕ ਸਥਾਨ, ਹੈੱਲਪ ਡੈਸਕ, ਪੀਣਯੋਗ ਪਾਣੀ, ਪੱਖੇ, ਕੁਰਸੀਆਂ, ਪਖ਼ਾਨੇ, ਕਤਾਰ ਪ੍ਰਬੰਧ, ਸੁਰੱਖਿਆ ਪ੍ਰਬੰਧ, ਲੋੜੀਂਦਾ ਫ਼ਰਨੀਚਰ, ਪੋਲਿੰਗ ਸਟਾਫ਼ ਤੇ ਵਲੰਟੀਅਰਾਂ ਲਈ ਖ਼ੁਰਾਕ ਵਿਵਸਥਾ ਅਤੇ ਵੋਟਰ ਸਹੂਲਤ ਪੋਸਟਰਾਂ ਦਾ ਡਿਸਪਲੇਅ ਆਦਿ ਮੁਹੱਈਆ ਕਰਵਾਈਆਂ ਗਈਆਂ ਅਤੇ ਬਿਮਾਰ, ਬਜ਼ੁਰਗ ਤੇ ਦਿਵਿਆਂਗ ਵੋਟਰਾਂ ਲਈ ਤੁਰੰਤ ਵੋਟਿੰਗ ਦੀ ਸਹੂਲਤ ਪ੍ਰਦਾਨ ਕੀਤੀ ਗਈ। ਦਿਵਿਆਂਗ, ਬਜ਼ੁਰਗਾਂ ਤੇ ਬਿਮਾਰ ਵੋਟਰਾਂ ਲਈ ਟਰਾਂਸਪੋਰਟ ਸਹੂਲਤ ਮੁਹੱਈਆ ਕਰਵਾਈ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਦੇ ਪੋਲਿੰਗ ਸਟੇਸ਼ਨ ਦੇ ਬੂਥ ਨੰਬਰ 89, 90, 91, 92 ਵਿਖੇ ਸੈਲਫ਼ੀ ਪੁਆਇੰਟ ਬਣਾਏ ਗਏ, ਜੋ ਪੋਲਿੰਗ ਕੇਂਦਰ ਦੀ ਵਿਲੱਖਣਤਾ ਨੂੰ ਚਾਰ ਚੰਨ੍ਹ ਲਾਉਂਦੇ ਰਹੇ। ਇੱਥੇ ਵੋਟ ਪਾਉਣ ਤੋਂ ਬਾਅਦ ਵੋਟਰ ਸੈਲਫੀ ਲੈਂਦੇ ਨਜ਼ਰ ਆਏ। ਇਸ ਤੋਂ ਇਲਾਵਾ ਪਹਿਲੀ ਵਾਰ ਵੋਟਰ ਪਾਉਣ ਵਾਲੇ ਵੋਟਰਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਆ ਗਿਆ। ਸ. ਛੱਤਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਬੂਥਾਂ 'ਤੇ ਦਸਤਖ਼ਤੀ ਬੋਰਡ ਵੀ ਲਗਾਏ ਗਏ, ਜਿੱਥੇ ਵੋਟਰਾਂ ਵੱਲੋਂ ਵੋਟ ਪਾਉਣ ਉਪਰੰਤ ਦਸਤਖ਼ਤ ਕਰਕੇ ਇਸ ਮਹਾਤਿਉਹਾਰ ਵਿੱਚ ਸ਼ਮੂਲੀਅਤ ਦਾ ਸਬੂਤ ਦਿੰਦੇ ਹੋਏ ਦਸਤਖ਼ਤ ਕੀਤੇ ਗਏ।