ਲੋਕਤੰਤਰ ਦੇ ਮਹਾਉਤਸਵ ਵਿੱਚ ਲੋਕਾਂ ਨੇ ਲਿਆ ਵੱਧ-ਚੜ੍ਹ ਕੇ ਹਿੱਸਾ

Last Updated: May 19 2019 19:04
Reading time: 1 min, 11 secs

ਲੋਕਤੰਤਰ ਦੇ ਮਹਾਉਤਸਵ ਦੇ ਆਖਰੀ ਪੜਾਅ ਵਿੱਚ ਜ਼ਿਲ੍ਹੇ ਦੇ ਵੋਟਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਵੇਰੇ ਪੋਲਿੰਗ ਬੂਥ ਖੁੱਲਣ ਤੋਂ ਪਹਿਲਾਂ ਹੀ ਲੋਕ ਜਮਾਂ ਹੋਣ ਲੱਗ ਗਏ। ਜ਼ਿਲ੍ਹੇ ਵਿੱਚ ਸ਼ਾਮ ਪੰਜ ਵਜੇ ਤੱਕ 58.32 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। ਅਜੇ ਵੀ ਪੋਲਿੰਗ ਸਟੇਸ਼ਨਾਂ ਉੱਤੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਜ਼ਿਲ੍ਹੇ ਵਿੱਚ ਕਿਤੇ ਵੀ ਕਿਸੇ ਪ੍ਰਕਾਰ ਦੀ ਹਿੰਸਾ ਦੀ ਕੋਈ ਸੂਚਨਾ ਨਹੀਂ ਹੈ। ਉੱਥੇ ਹੀ ਸਿਆਸੀ ਆਗੂਆਂ, ਧਾਰਮਿਕ ਨੁਮਾਇੰਦਿਆਂ ਅਤੇ ਸੈਲੀਬ੍ਰਿਟੀ ਸਮੇਤ ਔਰਤਾਂ ਨੇ ਉੁਤਸ਼ਾਹ ਨਾਲ ਵੋਟਾਂ ਪਾਈਆਂ।

ਸਵੇਰੇ ਸੱਤ ਵਜੇ ਤੋਂ ਪੋਲਿੰਗ ਬੂਥਾਂ ਤੇ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਲੋਕਸਭਾ ਹਲਕਾ ਖਡੂਰ ਸਾਹਿਬ ਵੱਲੋਂ ਅਕਾਲੀ-ਭਾਜਪਾ ਉਮੀਦਵਾਰ ਬੀਬੀ ਜਾਗੀਰ ਕੌਰ ਨੇ ਆਪਣੇ ਹਲਕੇ ਭੁਲੱਥ ਵਿੱਚ ਵੋਟ ਪਾਈ। ਬੀਬੀ ਜਾਗੀਰ ਕੌਰ ਆਪਣੀ ਜਿੱਤ ਨੂੰ ਲੈ ਕੇ ਸੰਤੁਸ਼ਟ ਨਜ਼ਰ ਆ ਰਹੇ ਸਨ। ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣੀ ਪਤਨੀ ਦੇ ਨਾਲ ਪਿੰਡ ਬੂੱਸੋਵਾਲ ਵਿੱਚ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਦੋਸਤ ਸਿੰਗਰ ਤੇਜੀ ਸੰਧੂ ਨੇ ਆਪਣੇ ਜੱਦੀ ਪਿੰਡ ਚੱਕੋਕੀ ਵਿੱਚ ਲਾਈਨ ਵਿੱਚ ਲੱਗ ਕੇ ਆਮ ਵੋਟਰ ਵਾਂਗ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਵੋਟ ਜ਼ਰੂਰੀ ਪਾਉਣੀ ਚਾਹੀਦੀ ਹੈ, ਜਿਸਦੇ ਨਾਲ ਸਹੀ, ਮਜ਼ਬੂਤ ਅਤੇ ਸਥਾਈ ਸਰਕਾਰ ਦੀ ਚੋਣ ਹੋ ਸਕੇ। ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਸੀਚੇਵਾਲ ਵਿੱਚ ਵੋਟ ਪਾ ਕੇ ਵਾਤਾਵਰਣ ਦੀ ਸੁਰੱਖਿਆ ਵਾਲੀ ਸਰਕਾਰ ਦੀ ਉਮੀਦ ਜਤਾਈ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਕਿਹਾ ਕਿ ਜਦੋਂ ਤੱਕ ਵਾਤਾਵਰਣ ਨਹੀਂ ਸੁਧਰੇਗਾ, ਉੱਦੋਂ ਤੱਕ ਸਮਾਜ ਅੱਗੇ ਨਹੀਂ ਵਧੇਗਾ। ਇਸਲਈ ਵਾਤਾਵਰਣ ਦੀ ਸ਼ੁੱਧਤਾ ਹਰ ਸਰਕਾਰ ਲਈ ਪਹਿਲੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।