ਈਵੀਐਮ ਨਾਲ ਖਿੱਚੀ ਫ਼ੋਟੋ ਸੋਸ਼ਲ ਮੀਡੀਆ ਤੇ ਪੋਸਟ ਕਰਨਾ ਸ਼ਖ਼ਸ ਨੂੰ ਪੈ ਗਿਆ ਮਹਿੰਗਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 19:11
Reading time: 1 min, 54 secs

ਵੋਟ ਪਾਉਣ ਆਏ ਇੱਕ ਵਿਅਕਤੀ ਨੂੰ ਆਪਣੀ ਵੋਟ ਪਾਉਂਦੇ ਸਮੇਂ ਪੋਲਿੰਗ ਬੂਥ ਅੰਦਰ ਈਵੀਐਮ ਮਸ਼ੀਨ ਦੇ ਨਾਲ ਫ਼ੋਟੋ ਖਿੱਚਕੇ ਸੋਸ਼ਲ ਮੀਡੀਆ ਤੇ ਪੋਸਟ ਕਰਨਾ ਉਸ ਸਮੇਂ ਉਲਟਾ ਪੈ ਗਿਆ ਜਦੋਂ ਮੁੱਖ ਚੋਣ ਅਫਸਰ, ਪੰਜਾਬ ਨੇ ਮਾਮਲਾ ਨੋਟਿਸ 'ਚ ਆਉਣ ਦੇ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਵਾਕੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਆਨਨ-ਫਾਨਨ ਦੀ ਹਾਲਤ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਦੇ ਸਹਿਯੋਗ ਨਾਲ ਜਾਂਚ ਕਰਨ ਦੇ ਬਾਅਦ ਪੋਲਿੰਗ ਬੂਥ ਅੰਦਰ ਈਵੀਐਮ ਮਸ਼ੀਨ ਨਾਲ ਖਿੱਚੀ ਫ਼ੋਟੋ ਨੂੰ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਸ਼ਖ਼ਸ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਲੋਕ ਸਭਾ-2019 ਦੀਆਂ ਚੋਣਾਂ ਸਬੰਧੀ ਐਤਵਾਰ ਸਵੇਰੇ ਵੋਟਿੰਗ ਸ਼ੁਰੂ ਹੋਣ ਦੇ ਬਾਅਦ ਇੱਕ ਵਿਅਕਤੀ ਨੇ ਲੁਧਿਆਣਾ ਦੇ ਇੱਕ ਪੋਲਿੰਗ ਬੂਥ ਅੰਦਰ ਆਪਣੀ ਵੋਟ ਪਾਉਣ ਦੇ ਬਾਅਦ ਈਵੀਐਮ ਮਸ਼ੀਨ ਨਾਲ ਫ਼ੋਟੋ ਖਿੱਚ ਲਈ ਅਤੇ ਉਸ ਫ਼ੋਟੋ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤਾ। ਪੋਲਿੰਗ ਬੂਥ ਅੰਦਰ ਈਵੀਐਮ ਮਸ਼ੀਨ ਨਾਲ ਖਿੱਚੀ ਫ਼ੋਟੋ ਨੂੰ ਸੋਸ਼ਲ ਮੀਡੀਆ ਤੇ ਪਾਏ ਜਾਣ ਦਾ ਮਾਮਲਾ ਮੀਡੀਆ ਰਿਪੋਰਟਾਂ ਰਾਹੀਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਦੇ ਕੋਲ ਪਹੁੰਚ ਗਿਆ। ਜਿਸਦੇ ਬਾਅਦ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ਮਾਮਲੇ ਦੀ ਜਾਂਚ ਕਰਵਾਕੇ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਇਸਦੇ ਬਾਅਦ ਹਰਕਤ 'ਚ ਆਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਚੋਣ ਅਫਸਰ ਪ੍ਰਦੀਪ ਅਗਰਵਾਲ ਨੇ ਮਾਮਲਾ ਪੁਲਿਸ ਕਮਿਸ਼ਨਰ ਦੇ ਨੋਟਿਸ 'ਚ ਲਿਆ ਕੇ ਜਾਂਚ ਕਰਕੇ ਸਬੰਧਿਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਬਾਅਦ 'ਚ ਜ਼ਿਲ੍ਹਾ ਪੁਲਿਸ ਦੇ ਆਈ.ਟੀ ਵਿੰਗ ਨੇ ਸਬੰਧਿਤ ਪੋਲਿੰਗ ਸਟੇਸ਼ਨ ਦੀ ਵੋਟਰ ਲਿਸਟ ਅਤੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕਰਦੇ ਹੋਏ ਇਲਾਕੇ 'ਚ ਪਹੁੰਚ ਕੇ ਸਬੰਧਿਤ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਿਸ ਦਾ ਆਈ.ਟੀ ਵਿੰਗ ਜਾਂਚ ਕਰ ਰਿਹਾ ਹੈ ਕਿ ਕਾਬੂ ਕੀਤੇ ਵਿਅਕਤੀ ਨੇ ਹੀ ਫ਼ੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਜਾਂ ਫਿਰ ਕਿਸੇ ਹੋਰ ਵਿਅਕਤੀ ਨੇ ਉਸਦੇ ਅਕਾਊਂਟ 'ਚ ਪੋਸਟ ਪਾਈ ਹੈ।

ਹਾਲਾਂਕਿ, ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਵੋਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਵਿਅਕਤੀ ਵੋਟ ਪਾਉਣ ਵੇਲੇ ਪੋਲਿੰਗ ਸਟੇਸ਼ਨ ਅੰਦਰ ਈ.ਵੀ.ਐਮ ਨਾਲ ਫ਼ੋਟੋ ਖਿੱਚਦਾ ਹੈ ਤਾਂ ਇਹ ਗ਼ੈਰਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।