ਪਹਿਲੋਂ ਅਪਾਹਜਾਂ ਨੂੰ ਹਾਕਮਾਂ ਨੇ ਲੁੱਟਿਆ, ਫਿਰ ਪ੍ਰਸ਼ਾਸਨ ਨੇ ਵੀ ਪਿੱਛੇ ਸੁੱਟਿਆ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 18:44
Reading time: 2 mins, 57 secs

ਅਪਾਹਜਾਂ ਨੂੰ ਜਿੱਥੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹੁਣ ਤੱਕ ਪੂਰੀਆਂ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ, ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਵੀ ਅਪਾਹਜਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜਿਸ ਦੇ ਕਾਰਨ ਅਪਾਹਜਾਂ ਦੇ ਵਿੱਚ ਸਮੇਂ ਦੇ ਹਾਕਮਾਂ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਅਪਾਹਜਾਂ ਉੱਪਰ ਜਿੱਥੇ ਸਰਕਾਰਾਂ ਦੇ ਵੱਲੋਂ ਨਵੇਂ-ਨਵੇਂ ਐਕਟ ਲਾਗੂ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਕੁਚਲ ਦਿੱਤਾ ਜਾਂਦਾ ਰਿਹਾ ਹੈ। 

ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹਨ। ਦੱਸ ਦੇਈਏ ਕਿ ਅੱਜ ਵੀ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਅਪਾਹਜ ਵੋਟਰਾਂ ਦੇ ਨਾਲ ਇਸ ਤਰ੍ਹਾਂ ਧੱਕਾ ਕੀਤਾ ਗਿਆ, ਜਿਵੇਂ ਉਹ ਪਾਕਿਸਤਾਨੋਂ ਆਏ ਹੋਣ। ਦਾਅਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲੋਂ ਕਈ ਕੀਤੇ ਗਏ ਸਨ, ਪਰ ਇਹ ਦਾਅਵੇ ਉਸ ਵੇਲੇ ਮਿੱਟੀ ਵਿੱਚ ਮਿਲ ਗਏ, ਜਦੋਂ ਅਪਾਹਜ ਵੋਟਰ ਵਿਚਾਰੇ ਡਿਗਦੇ ਢਹਿੰਦੇ ਪੋਲਿੰਗ ਬੂਥ 'ਤੇ ਵੋਟ ਪਾਉਣ ਦੇ ਲਈ ਪਹੁੰਚੇ। 

ਨਾ ਤਾਂ ਉਕਤ ਅਪਾਹਜ ਵੋਟਰਾਂ ਦੇ ਲਈ ਵਹੀਲ ਚੇਅਰ ਸੀ ਅਤੇ ਨਾ ਹੀ ਉਨ੍ਹਾਂ ਦੇ ਲਈ ਬੈਠਣ ਆਦਿ ਦੇ ਲਈ ਕੋਈ ਜਗ੍ਹਾ। ਇੱਥੇ ਦੱਸ ਦੇਈਏ ਕਿ ਕਈ ਜਗ੍ਹਾਵਾਂ 'ਤੇ ਤਾਂ ਅਪਾਹਜ ਆਪਣੇ ਰਿਸ਼ਤੇਦਾਰਾਂ ਦੇ ਮੋਢਿਆਂ 'ਤੇ ਚੜ ਕੇ ਵੋਟਾਂ ਪੋਲ ਕਰਨ ਦੇ ਲਈ ਆਏ, ਪਰ ਅਧਿਕਾਰੀਆਂ ਨੂੰ ਰਤਾ ਸ਼ਰਮ ਨਾ ਆਈ ਕਿ ਅਪਾਹਜ ਵੋਟਰਾਂ ਨੂੰ ਸਹੂਲਤਾਂ ਦੇਣ ਦੇ ਉਨ੍ਹਾਂ ਦੇ ਵੱਲੋਂ ਤਾਂ ਕਈ ਦਾਅਵੇ ਕੀਤੇ ਗਏ ਸਨ, ਪਰ ਇੱਥੇ ਤਾਂ ਕੁਝ ਵੀ ਨਹੀਂ ਹੋ ਰਿਹਾ। ਦੋਸਤੋਂ, ਵੇਖਿਆ ਜਾਵੇ ਤਾਂ ਇਹ ਸਭ ਪਹਿਲੀ ਵਾਰ ਨਹੀਂ ਹੋਇਆ। 

ਇਸ ਤੋਂ ਪਹਿਲੋਂ ਵੀ ਜਿੰਨੀ ਵਾਰ ਵੋਟਾਂ ਪਈਆਂ ਹਨ, ਹਰ ਵਾਰ ਹੀ ਅਪਾਹਜ ਵੋਟਰਾਂ ਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਰਿਹਾ ਹੈ। ਦੱਸ ਦੇਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਕਈ-ਕਈ ਦਿਨ ਪਹਿਲੋਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਮੀਟਿੰਗਾਂ ਦਾ ਆਯੋਜਨ ਕਰਕੇ ਵੱਡੇ-ਵੱਡੇ ਦਾਅਵੇ ਕਰਦਿਆਂ ਹੋਇਆਂ ਵੱਖ-ਵੱਖ ਹਲਕਿਆਂ ਦੇ ਅੰਦਰ ਅਪਾਹਜਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸਨ। ਅਧਿਕਾਰੀਆਂ ਨੇ ਮੀਟਿੰਗਾਂ ਦੌਰਾਨ ਕਿਹਾ ਸੀ ਕਿ ਕਿਸੇ ਵੀ ਅਪਾਹਜ ਵੋਟਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। 

ਪਰ ਅੱਜ ਤਾਂ ਸਭ ਕੁਝ ਉਲਟ ਹੀ ਹੋ ਗਿਆ। ਦੋਸਤੋਂ, ਮੈਨੂੰ ਤਾਂ ਇੰਝ ਲੱਗਦਾ ਹੈ ਕਿ ਹਰ ਵਾਰ ਹੀ ਪ੍ਰਸ਼ਾਸਨਿਕ ਅਤੇ ਸਰਕਾਰਾਂ ਦੀਆਂ ਕਥਿਤ ਗਲਤ ਨੀਤੀਆਂ ਦੇ ਕਾਰਨ ਹੀ ਵੋਟਿੰਗ ਘੱਟ ਪੋਲ ਹੁੰਦੀ ਹੈ। ਜੇਕਰ ਲੋਕਾਂ ਨੂੰ ਸਮੇਂ ਸਿਰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਰਹਿਣ ਤਾਂ ਲੋਕ ਖ਼ੁਦ ਘਰਾਂ ਤੋਂ ਨਿਕਲ ਕੇ ਵੋਟ ਪੋਲ ਕਰਨ ਦੇ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਜਾਣ, ਪਰ ਅਧਿਕਾਰੀ ਤਾਂ ਲੱਗਦੈ ਬਜਟ ਨੂੰ ਹੀ ਲਗਾਉਣ ਵਿੱਚ ਲੱਗੇ ਹੋਏ ਹਨ ਕਿ ਕਿਸ ਤਰੀਕੇ ਨਾਲ ਕਰੋੜਾਂ ਰੁਪਏ ਦਾ ਬਜਟ ਉਲਟ-ਪੁਲਟ ਕੀਤਾ ਜਾਵੇ। 

'ਨਿਊਜ਼ਨੰਬਰ' ਦੇ ਵੱਲੋਂ ਜਦੋਂ ਕੁਝ ਜਗ੍ਹਾਵਾਂ 'ਤੇ ਜਾ ਕੇ ਵੇਖਿਆ ਗਿਆ ਤਾਂ ਕਈ ਅਪਾਹਜ ਵਿਚਾਰੇ ਤਾਂ ਥੱਲੇ ਜ਼ਮੀਨ 'ਤੇ ਲਿੱਟ-ਲਿੱਟ ਕੇ ਵੋਟਾਂ ਪੋਲ ਕਰਨ ਦੇ ਲਈ ਆ ਰਹੇ ਸਨ। ਕੁਝ ਅਪਾਹਜ ਪੋਲਿੰਗ ਬੂਥਾਂ ਦੇ ਕੋਲ ਖੜ੍ਹੇ ਸਨ ਤਾਂ ਜੋ ਉਹ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ। 'ਨਿਊਜ਼ਨੰਬਰ' ਦੇ ਨਾਲ ਕੁਝ ਅਪਾਹਜਾਂ ਨੇ ਆਪਣੇ ਦੁਖੜੇ ਰੋਂਦਿਆਂ ਕਿਹਾ ਕਿ ਸਰਕਾਰਾਂ ਦੇ ਵੱਲੋਂ ਪਹਿਲੋਂ ਜਿੱਥੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ, ਉੱਥੇ ਹੀ ਹੁਣ ਵੋਟਾਂ ਦੇ ਵਿੱਚ ਵੀ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ ਕਿ ਜਿਵੇਂ ਉਹ ਪਾਕਿਸਤਾਨੋਂ ਆਏ ਹੋਣ। 

ਅਪਾਹਜਾਂ ਨੇ ਕਿਹਾ ਕਿ ਜੇਕਰ ਅਗਲੀਆਂ ਚੋਣਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਤਾਂ ਉਹ ਚੋਣਾਂ ਦਾ ਬਾਈਕਾਟ ਕਰ ਦੇਣਗੇ। ਦੂਜੇ ਪਾਸੇ ਦੋਸਤੋਂ, ਜਦੋਂ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਅਧਿਕਾਰੀਆਂ ਨੇ ਮੰਨਿਆ ਕਿ ਕਈ ਜਗ੍ਹਾਵਾਂ 'ਤੇ ਵਹੀਲ ਚੇਅਰ ਨਹੀਂ ਪਹੁੰਚ ਸਕੀਆਂ। ਅਧਿਕਾਰੀਆਂ ਨੇ ਇਹ ਵੀ ਮੰਨਿਆ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਕੰਬੋਜ ਨਗਰ ਵਿਖੇ ਬਣੇ ਬੂਥ 'ਤੇ ਅਪਾਹਜਾਂ ਲਈ ਇੱਕ ਵੀ ਵਹੀਲ ਚੇਅਰ ਦਾ ਪ੍ਰਬੰਧ ਨਹੀਂ ਸੀ ਹੋ ਸਕਿਆ। ਦੋਸਤੋਂ, ਦੇਖਿਆ ਜਾਵੇ ਤਾਂ ਪ੍ਰਸ਼ਾਸਨ ਆਪਣੇ ਸਾਰੇ ਦਾਅਵਿਆਂ ਤੇ ਝੂਠਾ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।