ਸੁੱਤੇ ਹੀ ਰਹਿ ਗਏ ਅਧਿਕਾਰੀ, ਉੱਠ ਕੇ ਚਲੇ ਗਏ ਆਰਮੀ ਜਵਾਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 18:13
Reading time: 2 mins, 33 secs

ਲੋਕ ਸਭਾ ਚੋਣਾਂ ਤੋਂ ਕਈ ਦਿਨ ਪਹਿਲੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਵੱਲੋਂ ਪ੍ਰੈਸ ਕਾਨਫ਼ਰੰਸਾਂ ਤੋਂ ਇਲਾਵਾ ਮੀਟਿੰਗਾਂ ਕਰਕੇ ਵੋਟਾਂ ਗਿਣਾ ਦਿੱਤੀਆਂ ਗਈਆਂ ਸਨ ਅਤੇ ਕਿਹਾ ਗਿਆ ਸੀ ਕਿ ਚੋਣਾਂ ਵਾਲੇ ਦਿਨ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ 16 ਲੱਖ 18 ਹਜ਼ਾਰ 419 ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਯਾਦ ਹੀ ਨਹੀਂ ਸੀ ਕਿ ਛਾਉਣੀ ਇਲਾਕੇ ਵਿੱਚ ਬੈਠੀ ਆਰਮੀ ਦੀ ਯੂਨਿਟ ਬਦਲ ਕੇ ਕਿਤੇ ਹੋਰ ਚਲੀ ਗਈ ਹੈ ਅਤੇ ਵੋਟਰ ਉੱਥੇ ਮੌਜੂਦ ਹੀ ਨਹੀਂ ਹਨ। 

ਦੋਸਤੋਂ, ਇਹ ਪਹਿਲੀ ਦਫ਼ਾ ਨਹੀਂ ਹੋਇਆ, ਇਸ ਤੋਂ ਪਹਿਲੋਂ ਵੀ ਕਈ ਵਾਰ ਲੋਕਲ ਵੋਟਾਂ ਦੇ ਸਮੇਂ ਅਜਿਹਾ ਝੰਜਟ ਪੈਂਦਾ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੱਥੇ 'ਤੇ ਹੱਥ ਰੱਖ ਕੇ ਬੈਠਦੇ ਰਹੇ ਹਨ ਕਿ ਉਨ੍ਹਾਂ ਦੇ ਵੱਲੋਂ ਪਹਿਲੋਂ ਜਾਂਚ ਕਿਉਂ ਨਹੀਂ ਇਸ ਦੀ ਕੀਤੀ ਗਈ। ਵੇਖਿਆ ਜਾਵੇ ਤਾਂ ਅਧਿਕਾਰੀਆਂ ਦੇ ਦੁਆਰਾ ਦਾਅਵੇ ਤਾਂ ਸਮੇਂ ਸਮੇਂ 'ਤੇ ਵੱਡੇ-ਵੱਡੇ ਕੀਤੇ ਜਾਂਦੇ ਰਹੇ ਹਨ, ਪਰ ਅਧਿਕਾਰੀਆਂ ਨੂੰ ਭੋਰਾ ਵੀ ਚੇਤਾ ਨਹੀਂ ਕਿ ਆਰਮੀ ਦੇ ਕਰੀਬ 5000 ਵੋਟਰ ਛਾਉਣੀ ਦੇ ਵਿੱਚ ਮੌਜੂਦ ਹੀ ਨਹੀਂ ਹਨ।
 
ਦੱਸ ਦੇਈਏ ਕਿ ਫ਼ਿਰੋਜ਼ਪੁਰ ਛਾਉਣੀ ਦੇ ਕਰੀਬ ਦੋ ਬੂਥ ਅਜਿਹੇ ਸਾਹਮਣੇ ਆਏ ਹਨ, ਜਿੱਥੇ ਇੱਕ ਵੀ ਵੋਟ ਪੋਲ ਨਹੀਂ ਹੋਈ। ਉੱਥੋਂ ਦੇ ਵੋਟਰਾਂ ਦੀਆਂ ਲਿਸਟਾਂ ਤਾਂ ਜ਼ਰੂਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਪੋਲਿੰਗ ਸਟਾਫ਼ ਦੇ ਕੋਲ ਹਨ, ਪਰ ਕੋਈ ਵੀ ਵੋਟਰ ਵੋਟ ਪਾਉਣ ਦੇ ਲਈ ਛਾਉਣੀ ਦੇ ਇੱਕ ਬੂਥ 'ਤੇ ਨਹੀਂ ਪਹੁੰਚ ਸਕਿਆ। ਦੋਸਤੋਂ, ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਚੋਣ ਅਧਿਕਾਰੀਆਂ ਅਤੇ ਚੋਣ ਤਹਿਸੀਲਦਾਰ ਦੇ ਵੱਲੋਂ ਵੋਟਰਾਂ ਦੀਆਂ ਲਿਸਟਾਂ ਤਿਆਰ ਕਰਕੇ ਪੋਲਿੰਗ ਸਟਾਫ਼ ਨੂੰ ਸੌਂਪੀਆਂ ਗਈਆਂ ਸਨ, ਕੀ ਉਦੋਂ ਅਧਿਕਾਰੀ ਸੁੱਤੇ ਸੀ? 

ਕੀ ਇਨ੍ਹਾਂ ਅਧਿਕਾਰੀਆਂ ਨੂੰ ਇਹ ਨਹੀਂ ਸੀ ਪਤਾ ਕਿ 5000 ਹਜ਼ਾਰ ਦੇ ਕਰੀਬ ਆਰਮੀ ਦੇ ਵੋਟਰ ਉਕਤ ਜਗ੍ਹਾ 'ਤੇ ਮੌਜੂਦ ਨਹੀਂ ਹਨ? ਜੇਕਰ ਅਧਿਕਾਰੀਆਂ ਨੂੰ ਨਹੀਂ ਸੀ ਪਤਾ ਤਾਂ ਇੱਕ ਵਾਰ ਛਾਣਬੀਣ ਤਾਂ ਕਰ ਲੈਣੀ ਚਾਹੀਦੀ ਸੀ, ਪਰ ਦੋਸਤੋਂ, ਅਜਿਹਾ ਨਹੀਂ ਹੋ ਸਕਿਆ। ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਪੋਲਿੰਗ ਸਟਾਫ਼ ਨੂੰ ਜਿੱਥੇ ਪੋਲਿੰਗ ਬੂਥ 'ਤੇ ਸਾਰਾ ਦਿਨ ਗੁਜ਼ਾਰਣਾ ਪਿਆ, ਉੱਥੇ ਹੀ ਅਧਿਕਾਰੀਆਂ ਦੀ ਅਣਗਹਿਲੀ ਇਹ ਵੀ ਸਾਹਮਣੇ ਆਈ ਕਿ ਕਿਸੇ ਵੀ ਅਧਿਕਾਰੀ ਨੇ ਉਕਤ ਬੂਥ 'ਤੇ ਜਾ ਕੇ ਗੇੜਾ ਨਹੀਂ ਮਾਰਿਆ। 

ਦੱਸ ਦੇਈਏ ਕਿ ਇਸ ਤੋਂ ਪਹਿਲੋਂ ਵੀ ਜਦੋਂ ਆਰਮੀ ਦੀਆਂ ਯੂਨਿਟਾਂ ਬਦਲੀਆਂ ਜਾਂਦੀਆਂ ਰਹੀਆਂ ਹਨ ਤਾਂ ਪ੍ਰਸ਼ਾਸਨ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਰਿਹਾ, ਜੇਕਰ ਪ੍ਰਸ਼ਾਸਨ ਧਿਆਨ ਦਿੰਦਾ ਹੁੰਦਾ ਤਾਂ ਅਜਿਹਾ ਕਦੇ ਵੀ ਨਹੀਂ ਸੀ ਹੋਣਾ। ਇੱਥੇ ਵਿਸ਼ੇਸ਼ ਤੌਰ 'ਤੇ ਦੱਸ ਦੇਈਏ ਕਿ ਹਰ ਵਾਰ ਜਦੋਂ ਵੀ ਕੈਂਟ ਬੋਰਡ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਆਰਮੀ ਦੇ ਵੋਟਰ ਉੱਥੇ ਵੋਟਾਂ ਪੋਲ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਵੋਟਾਂ ਦੇ ਨਾਲ ਕਈ ਹੁਣ ਤੱਕ ਕੌਂਸਲਰ ਅਤੇ ਪ੍ਰਧਾਨ ਬਣ ਚੁੱਕੇ ਹਨ। 

ਦੂਜੇ ਪਾਸੇ ਜਦੋਂ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਅਣਗਹਿਲੀ ਸਬੰਧੀ ਚੋਣ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਆਰਮੀ ਦੀਆਂ ਯੂਨਿਟਾਂ ਬਦਲ ਜਾਣ ਦੇ ਕਾਰਨ ਕੋਈ ਵੀ ਆਰਮੀ ਵੋਟਰ ਵੋਟ ਪਾਉਣ ਦੇ ਲਈ ਪੋਲਿੰਗ ਬੂਥ 'ਤੇ ਨਹੀਂ ਪਹੁੰਚਿਆ। ਜਦੋਂ ਚੋਣ ਅਧਿਕਾਰੀ ਨੂੰ ਪੁੱਛਿਆ ਗਿਆ ਕਿ ਵੋਟ ਬਣਾਉਣ ਅਤੇ ਉਸ ਤੋਂ ਬਾਅਦ ਪੜਤਾਲ ਕਰਨਾ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ, ਕੀ ਉਦੋਂ ਪੜਤਾਲ ਨਹੀਂ ਕੀਤੀ ਗਈ ਤਾਂ ਇਸ ਗੱਲ ਦਾ ਜਵਾਬ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ, ਫ਼ਿਲਹਾਲ ਆਰਮੀ ਵੋਟਰ ਮੌਜੂਦ ਨਾ ਹੋਣ ਦੇ ਕਾਰਨ ਵੋਟਾਂ ਪੋਲ ਨਹੀਂ ਹੋ ਸਕੀਆਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।