ਆਖ਼ਰ ਫ਼ੁੱਟ ਹੀ ਪਿਆ ਸਿੱਧੂ ਖ਼ਿਲਾਫ਼ ਕੈਪਟਨ ਦਾ ਗੁੱਸਾ, ਕਿਹਾ ਮੁੱਖ ਮੰਤਰੀ ਦੀ ਕੁਰਸੀ ਤੇ ਹੈ ਅੱਖ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 18:06
Reading time: 1 min, 36 secs

ਅਜੇ ਕੈਪਟਨ ਆਪਣੇ ਖੱਬੇ ਹੱਥ ਦੇ ਅੰਗੂਠੇ ਦੇ ਨਾਲ ਦੀ ਉਂਗਲ ਤੇ ਕਾਲੀ ਸਿਆਹੀ ਲੁਆ ਕੇ ਪੋਲਿੰਗ ਬੂਥ 'ਚੋਂ ਬਾਹਰ ਹੀ ਨਿੱਕਲੇ ਸਨ ਕਿ ਸਾਹਮਣੇ ਖੜੇ ਚੈਨਲਾਂ ਤੇ ਅਖ਼ਬਾਰਾਂ ਵਾਲਿਆਂ ਨੂੰ ਵੇਖਕੇ ਉਨ੍ਹਾਂ ਨੇ ਆਪਣੇ ਭਰਵੱਟੇ ਚੜ੍ਹਾ ਲਏ, ਪੱਤਰਕਾਰਾਂ ਲਈ ਨਹੀਂ, ਬਲਕਿ ਨਵਜੋਤ ਸਿੰਘ ਸਿੱਧੂ ਦੇ ਲਈ। ਜਿਸ ਤਰੀਕੇ ਨਾਲ ਵੋਟ ਪਾਉਂਦਿਆਂ ਹੀ ਉਨ੍ਹਾਂ ਦਾ ਗੁੱਸਾ ਫੁੱਟਿਆ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਅੰਦਰੋਂ ਕਿੰਨੇ ਕੁ ਗੁੱਸੇ ਵਿੱਚ ਭਰੇ ਪੀਤੇ ਬੈਠੇ ਸਨ।

ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਕੈਪਟਨ ਨੇ ਸਿੱਧੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸਦੀ ਅੱਖ ਮੁੱਖ ਮੰਤਰੀ ਦੀ ਕੁਰਸੀ ਤੇ ਹੈ, ਜਿਸਦੇ ਚਲਦਿਆਂ ਉਹ ਇਸ ਕਿਸਮ ਦੀ ਘਟੀਆ ਬਿਆਨਬਾਜੀ ਕਰ ਰਿਹਾ ਹੈ। ਸਿੱਧੂ ਵੱਲੋਂ ਚੋਣਾਂ ਨੂੰ ਫ਼ਰੈਂਡਲੀ ਮੈਚ ਦੱਸਣ ਦੇ ਪ੍ਰਤੀਕਰਮ ਵਿੱਚ ਕੈਪਟਨ ਨੇ ਕਿਹਾ ਕਿ ਇੰਤਜ਼ਾਰ ਕਰੋ, ਪਾਰਟੀ ਹਾਈ ਕਮਾਨ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਕੋਈ ਵੱਡਾ ਫੈਸਲਾ ਕਰ ਸਕਦੀ ਹੈ।

ਗੱਲਬਾਤ ਦੇ ਅਖੀਰ ਵਿੱਚ ਕੈਪਟਨ ਨੇ ਇੱਕ ਗੱਲ ਮੁੜ ਦੁਹਰਾਉਂਦਿਆਂ ਕਿਹਾ ਕਿ ਸ਼ਾਇਦ ਸਿੱਧੂ ਸੋਚਦਾ ਹੋਵੇਗਾ ਕਿ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਥੱਲੇ ਉਤਾਰ ਕੇ ਖ਼ੁਦ ਚੜ ਕੇ ਬਹਿ ਜਾਵੇਗਾ ਤਾਂ ਇਹ ਉਸਦੀ ਆਪਣੀ ਸੋਚ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਚੋਣਾਂ ਨੂੰ ਫ਼ਰੈਂਡਲੀ ਮੈਚ ਦੱਸ ਕੇ ਅਸਿੱਧੇ ਤੌਰ ਤੇ ਪਾਰਟੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਦੋਸਤੋਂ, ਆਪਣੀ ਉਂਗਲ ਤੇ ਕਾਲੀ ਸਿਆਹੀ ਕੈਪਟਨ ਨੇ ਵੀ ਲੁਆ ਲਈ ਹੈ ਤੇ ਸ਼ਾਇਦ ਸਿੱਧੂ ਨੇ ਵੀ ਲੁਆ ਹੀ ਲਈ ਹੋਣੀ ਹੈ, ਫ਼ੈਸਲੇ ਦੀ ਘੜੀਆਂ ਨੇੜੇ ਆ ਰਹੀਆਂ ਹਨ, ਚੋਣ ਨਤੀਜਿਆਂ ਦੀਆਂ ਵੀ ਤੇ ਸਿੱਧੂ ਦੇ ਸਿਆਸੀ ਭਵਿੱਖ ਦੀਆਂ ਵੀ। ਰਾਜਸੀ ਪੰਡਤਾਂ ਅਨੁਸਾਰ ਜਿਸ ਕਦਰ ਕੈਪਟਨ ਅਮਰਿੰਦਰ ਸਿੰਘ ਦਾ ਪਾਰਾ ਹਾਈ ਹੈ, ਉਸ ਤੋਂ ਤਾਂ ਨਹੀਂ ਜਾਪਦਾ ਕਿ ਉਹ ਚੋਣ ਨਤੀਜਿਆਂ ਦੀ ਇੰਤਜ਼ਾਰ ਕਰ ਪਾਉਣਗੇ। ਲਿਹਾਜ਼ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸਿੱਧੂ ਨੂੰ ਲੈ ਕੇ ਕੋਈ ਪਟਾਕਾ ਨਹੀਂ ਪੈ ਜਾਵੇਗਾ। ਸਿਆਸੀ ਚੂੰਢਮਾਰਾਂ ਅਨੁਸਾਰ ਰਾਜਭਾਗ ਬੜੀ ਵੱਡੀ ਸ਼ੈਅ ਹੁੰਦੀ ਹੈ, ਕਿਸ ਦਾ ਦਿਲ ਕਰਦੈ ਛੱਡਣ ਦਾ ਤੇ ਕਿਸ ਦਾ ਨਹੀਂ ਕਰਦਾ ਸਾਂਭਣ ਦਾ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।